ਗੁਰਦੀਪ ਸਿੰਘ ਲਾਲੀ, ਫਿਲੌਰ : ਸੀਬੀਐੱਸਸੀ ਤੇ ਪੀਐੱਸਈਬੀ ਬਾਹਰਵੀਂ ਜਮਾਤ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੇ 'ਪੰਜਾਬੀ ਜਾਗਰਣ' ਨਾਲ ਗੱਲ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸੀਬੀਐੱਸਈ ਤੇ ਪੀਐੱਸਈਬੀ ਨਾਲ ਸਬੰਧਤ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਹਰ ਸਾਲ ਬਣਾਏ ਜਾਂਦੇ ਸੈਂਟਰਾਂ ਦੀ ਬਜਾਏ ਕੋਰੋਨਾ ਤੋਂ ਬਚਾਓ ਲਈ ਤਹਿ ਕੀਤੇ ਨਿਯਮਾਂ ਤਹਿਤ ਉਨਾਂ੍ਹ ਦੇ ਆਪੋ ਆਪਣੇ ਸਕੂਲਾਂ ਵਿਚ ਹੀ ਉਨਾਂ੍ਹ ਦੇ ਇਮਤਿਹਾਨ ਲਏ ਜਾਣ। ਪਾਠਸ਼ਾਲਾ ਮੰਦਰ ਫਿਲੌਰ ਦੇ ਪ੍ਰਧਾਨ ਡਾ. ਕੇਵਲ ਕਿਸ਼ਨ, ਨਗਰ ਕੌਂਸਲ ਫਿਲੌਰ ਦੇ ਸਾਬਕਾ ਮੀਤ ਪ੍ਰਧਾਨ ਡਾ. ਅਸ਼ਵਨੀ ਕੁਮਾਰ ਆਸ਼ੂ, ਸੇਵਾਮੁਕਤ ਅਜੀਤ ਸਿੰਘ ਭੰਮਰਾ, ਸੇਵਾਮੁਕਤ ਸਟੇਸ਼ਨ ਸੁਪਰਡੈਂਟ ਭੁਨੇਸ਼ ਅਰੋੜਾ, ਉੱਘੇ ਸਮਾਜ ਸੇਵੀ ਰਿੰਕਾ ਪਾਸੀ, ਰਸ਼ਪਾਲ ਸਿੰਘ ਹੈਪੀ, ਮਿੰਕੂ ਸ਼ਰਮਾ, ਲਾਡੀ ਆਦਿ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਮਨੁੱਖੀ ਜ਼ਿੰਦਗੀ ਲੀਹ ਤੋਂ ਲੱਥੀ ਹੋਈ ਹੈ। ਕੋਰੋਨਾ ਦੇ ਭੈਅ ਅਤੇ ਪੇਪਰ ਪੋਸਟਪੋਨ ਹੋਣ ਕਾਰਨ ਬਾਹਰਵੀਂ ਜਮਾਤ ਦੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਪਰੇਸ਼ਾਨ ਹਨ। ਇਨ੍ਹਾਂ ਸਾਰਿਆਂ ਨੇ ਕਿਹਾ ਕਿ ਘਬਰਾਹਟ ਵਿਚ ਪੇਪਰ ਪੋਸਟਪੋਨ ਕਰਨਾ ਕੋਈ ਮਸਲੇ ਦਾ ਢੁੱਕਵਾਂ ਹੱਲ ਨਹੀਂ ਹੈ। ਬਹੁਤ ਸਾਰੇ ਬੱਚਿਆਂ ਨੇ ਸਤੰਬਰ ਵਿਚ ਵਿਦੇਸ਼ ਜਾਣ ਲਈ ਇਨਟੇਕ ਲੈਣਾ ਸੀ, ਉਨਾਂ੍ਹ ਦੇ ਆਫ਼ਰ ਲੈਟਰ ਅਤੇ ਵੀਜ਼ੇ ਵੀ ਆਏ ਹੋਏ ਹਨ ਪਰ ਪੇਪਰ ਪੋਸਟਪੋਨ ਹੋਣ ਕਰਕੇ ਉਨਾਂ੍ਹ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ। ਇਸੇ ਤਰਾਂ ਬਹੁਤ ਵਿਦਿਆਰਥੀਆਂ ਨੇ ਮੈਡੀਕਲ, ਇੰਜੀਨੀਅਰਿੰਗ ਅਤੇ ਆਈਆਈਟੀ ਜਿਹੇ ਖੇਤਰਾਂ ਵਿਚ ਉੱਚ ਸਿੱਖਿਆ ਪ੍ਰਰਾਪਤ ਕਰਨ ਲਈ ਅੱਗੇ ਜਾਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਸੀਬੀਐੱਸਈ ਤੇ ਪੀਐੱਸਈਬੀ ਨੂੰ ਹਦਾਇਤ ਜਾਰੀ ਕਰਕੇ ਪੇਪਰ ਪੋਸਟਪੋਨ ਕਰਨ ਦੀ ਥਾਂ ਬਾਹਰਲੇ ਸੈਂਟਰਾਂ ਵਿਚ ਇਮਤਿਹਾਨ ਲੈਣ ਦੀ ਬਜਾਏ ਉਨ੍ਹਾਂ ਦੇ ਆਪਣੇ ਸਕੂਲਾਂ ਵਿਚ, ਉਨ੍ਹਾਂ ਦੇ ਹੀ ਸਟਾਫ਼ ਵੱਲੋਂ ਇਮਤਿਹਾਨ ਲੈ ਕੇ ਉਨ੍ਹਾਂ ਦਾ ਸਮਾਂ ਬਰਬਾਦ ਹੋਣ ਤੋਂ ਬਚਾਇਆ ਜਾਵੇ। ਸਿੱਖਿਆ ਬੋਰਡਾਂ ਨੂੰ ਚਾਹੀਦਾ ਹੈ ਕਿ ਜਿਹੋ ਜਿਹੇ ਹਾਲਾਤ ਹਨ, ਉਨ੍ਹਾਂ ਹਾਲਾਤਾਂ ਅਨੁਸਾਰ ਹੀ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਢੁੱਕਵਾਂ ਫੈਸਲਾ ਲਿਆ ਜਾਵੇ।