ਜੇਐੱਨਐੱਨ, ਜਲੰਧਰ : ਬੀਤੇ ਲਗਪਗ 3 ਮਹੀਨਿਆਂ ਤੋਂ ਜਲੰਧਰ ਤੋਂ ਅੰਮਿ੍ਤਸਰ ਅਤੇ ਜੰਮੂ ਵੱਲ ਜਾ ਰਹੇ ਟ੍ਰੈਫਿਕ ਲਈ ਭਾਰੀ ਸਮੱਸਿਆ ਤੇ ਹਾਦਸਿਆਂ ਦਾ ਸਬੱਬ ਬਣ ਚੁੱਕੇ ਟੋਏ ਦੀ ਮੁਰੰਮਤ ਕਰਵਾ ਦਿੱਤੀ ਗਈ। ਟੋਏ ਵਿਚ ਪ੍ਰਰੀਮਿਕਸ ਵਿਛਾ ਕੇ ਉਸ 'ਤੇ ਰੋਡ ਰੋਲਰ ਚਲਾਇਆ ਗਿਆ। ਮੰਗਲਵਾਰ ਸ਼ਾਮ ਨੂੰ ਟੋਏ ਵਾਲੀ ਜਗ੍ਹਾ 'ਤੇ ਮੁਰੰਮਤ ਕਰਵਾ ਦੇਣ ਤੋਂ ਬਾਅਦ ਆਵਜਾਈ ਸੁਚਾਰੂ ਰੂਪ ਵਿਚ ਸ਼ੁਰੂ ਹੋ ਗਈ। 'ਜਾਗਰਣ' ਨੇ ਮੰਗਲਵਾਰ ਦੇ ਹੀ ਅੰਕ ਵਿਚ ਟੋਏ ਦੀ ਪਰੇਸ਼ਾਨੀ ਸਬੰਧੀ ਖਬਰ ਪ੍ਰਮੁੱਖਤਾ ਨਾਲ ਛਾਪੀ ਸੀ। ਹਾਲਾਂਕਿ ਕੰਪਨੀ ਵੱਲੋਂ ਪੀਏਪੀ ਚੌਕ 'ਚ ਹੀ ਟ੍ਰੈਫਿਕ ਲਾਈਟਾਂ ਨੇੜੇ ਪਏ ਭਾਰੀ -ਭਰਕਮ ਟੋਇਆਂ ਨੂੰ ਇਕ ਵਾਰ ਫਿਰ ਤੋਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਕੋਈ ਮੁਰੰਮਤ ਨਹੀਂ ਕਰਵਾਈ ਗਈ। ਇਨ੍ਹਾਂ ਟੋਇਆਂ 'ਚ ਮੀਂਹ ਦਾ ਪਾਣੀ ਖੜ੍ਹਾ ਹੈ ਅਤੇ ਕਈ ਵਾਹਨ ਇਨ੍ਹਾਂ ਟੋਇਆਂ ਵਿਚ ਫਸ ਜਾਂਦੇ ਹਨ। ਸੜਕ ਦੇ ਵਿਚਕਾਰ ਟੋਏ ਹੋਣ ਕਾਰਨ ਟ੍ਰੈਫਿਕ ਸੱਜੇ ਪਾਸਿਓਂ ਨਿਕਲਦਾ ਹੈ ਅਤੇ ਇਸ ਕੋਸ਼ਿਸ਼ ਵਿਚ ਪੀਏਪੀ ਚੌਕ 'ਤੇ ਹਰ ਸਮੇਂ ਜਾਮ ਵਰਗੀ ਹਾਲਤ ਬਣੀ ਰਹਿੰਦੀ ਹੈ।