ਜੇਐੱਨਐੱਨ, ਜਲੰਧਰ : ਰਾਸ਼ਟਰੀ ਰਾਜ ਮਾਰਗ ਦੇ ਕੰਢੇ ਬਿਜਲੀ ਦੀ 132 ਕੇਵੀ ਲਾਈਨ ਤਿੰਨ ਲੇਨ ਪੀਏਪੀ ਰੇਲਵੇ ਓਵਰਬਿ੍ਜ (ਆਰਓਬੀ) ਦਾ ਨਿਰਮਾਣ ਸ਼ੁਰੂ ਹੋਣ ਵਿਚ ਸਭ ਤੋਂ ਵੱਡਾ ਅੜਿੱਕਾ ਬਣ ਗਈ ਹੈ। 132 ਕੇਵੀ ਲਾਈਨ ਨੂੰ ਫਿਲਹਾਲ ਸ਼ਿਫਟ ਨਹੀਂ ਕੀਤਾ ਜਾ ਸਕਿਆ ਜਿਸ ਕਾਰਨ ਆਰਓਬੀ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਪਾ ਰਹੀ। ਪੀਏਪੀ ਆਰਓਬੀ ਦਾ ਨਿਰਮਾਣ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਏਐੱਚਏਆਈ) ਵੱਲੋਂ ਨਿੱਜੀ ਠੇਕੇਦਾਰ ਤੋਂ ਕਰਵਾਇਆ ਜਾਣਾ ਹੈ ਪਰ ਨਿਰਮਾਣ ਦਾ ਠੇਕਾ ਲੈਣ ਵਾਲੀ ਹਰਿਆਣਾ ਦੇ ਪਲਵਲ ਦੀ ਕੰਪਨੀ 132 ਕੇਵੀ ਲਾਈਨ ਕਾਰਨ ਨਿਰਮਾਣ ਸ਼ੁਰੂ ਨਹੀਂ ਕਰ ਪਾ ਰਹੀ। ਐੱਨਐੱਚਏਆਈ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਲਾਈਨ ਸ਼ਿਫਟਿੰਗ ਲਈ ਪੀਐੱਸਟੀਸੀਐੱਲ ਨੂੰ ਲਿਖਿਆ ਜਾ ਚੁੱਕਾ ਹੈ, ਮੀਟਿੰਗ ਵੀ ਹੋ ਚੁੱਕੀ ਹੈ ਪਰ ਹਾਲੇ ਤਕ ਵੀ ਲਾਈਨ ਸ਼ਿਫਟਿੰਗ ਦੀ ਪ੍ਰਕਿਰਿਆ ਚਾਲੂ ਨਹੀਂ ਹੋ ਪਾ ਰਹੀ।

ਦੂਜੇ ਪਾਸੇ ਪੀਐੱਸਟੀਸੀਐੱਲ (ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ) ਦੇ ਚੀਫ ਇੰਜੀਨੀਅਰ ਸੰਜੀਵ ਗੁਪਤਾ ਦਾ ਤਰਕ ਹੈ ਕਿ ਲੋੜੀਂਦੀ ਜਗ੍ਹਾ ਵੀ ਉਪਲੱਬਧ ਨਹੀਂ ਹੋ ਪਾ ਰਹੀ ਜਿਸ ਕਾਰਨ ਲਾਈਨ ਸ਼ਿਫਟਿੰਗ ਦਾ ਕੰਮ ਸੰਭਵ ਨਹੀਂ ਹੋ ਪਾ ਰਿਹਾ। ਸੰਜੀਵ ਗੁਪਤਾ ਨੇ ਕਿਹਾ ਕਿ ਜਗ੍ਹਾ ਮੁਹੱਈਆ ਕਰਵਾਉਣ ਨੂੰ ਲੈ ਕੇ ਐੱਨਐੱਚਏਆਈ ਦੇ ਪ੍ਰਰਾਜੈਕਟ ਡਾਇਰੈਕਟਰ ਤੇ ਹੋਰ ਅਧਿਕਾਰੀਆਂ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਅਤੇ ਇਸ ਬਾਰੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਵੀ ਉਨ੍ਹਾਂ ਨਾਲ ਗੱਲਬਾਤ ਕਰ ਚੁੱਕੇ ਹਨ। ਸੰਜੀਵ ਗੁਪਤਾ ਨੇ ਕਿਹਾ ਕਿ ਐੱਨਐੱਚਏਆਈ ਨੂੰ ਇਹ ਵੀ ਕਿਹਾ ਗਿਆ ਹੈ ਕਿ ਪੀਏਪੀ ਪ੍ਰਸ਼ਾਸਨ ਨਾਲ ਸੰਪਰਕ ਸਾਧ ਕੇ ਪੀਏਪੀ ਗਰਾਉਂਡ ਦੀ ਬਾਊਂਡਰੀ ਵਾਲ ਦੇ ਨਾਲ ਲਾਈਨ ਸ਼ਿਫਟਿੰਗ ਦੀ ਮਨਜ਼ੂਰੀ ਲੈ ਲਈ ਜਾਵੇ ਤਾਂ ਵੀ ਲਾਈਨ ਸ਼ਿਫਟਿੰਗ ਸੰਭਵ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਭਾਵੇਂ ਰਾਸ਼ਟਰੀ ਰਾਜ ਮਾਰਗ ਦੇ ਉੱਪਰੋਂ ਜਾਂ ਅੰਡਰ ਗਰਾਊਂਡ ਲਾਈਨ ਲਿਜਾਣੀ ਵੀ ਲੋੜ ਮੁਤਾਬਕ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋੜੀਂਦੀ ਜਗ੍ਹਾ ਮੁਹੱਈਆ ਹੋਣ ਤਕ ਲਾਈਨ ਸ਼ਿਫਟਿੰਗ ਸੰਭਵ ਹੀ ਨਹੀਂ ਹੈ।

ਪੀਏਪੀ ਤਿੰਨ ਲੇਨ ਓਵਰਬਿ੍ਜ ਦਾ ਨਿਰਮਾਣ ਹੋਣ ਤੋਂ ਬਾਅਦ ਜਲੰਧਰ ਸ਼ਹਿਰ ਦੇ ਅੰਦਰੋਂ ਆਉਣ ਵਾਲੀ ਟ੍ਰੈਫਿਕ ਨੂੰ ਸਿੱਧੇ ਅੰਮਿ੍ਤਸਰ-ਜੰਮੂ ਹਾਈਵੇ 'ਤੇ ਪ੍ਰਵੇਸ਼ ਸੰਭਵ ਹੋ ਸਕੇਗਾ। ਮੌਜੂਦਾ ਸਮੇਂ 'ਚ ਸ਼ਹਿਰ ਦੇ ਅੰਦਰੋਂ ਅੰਮਿ੍ਤਸਰ ਜਾਂ ਜੰਮੂ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਵਾਇਆ ਰਾਮਾਮੰਡੀ ਘੁੰਮ ਕੇ ਆਉਣਾ ਪੈਂਦਾ ਹੈ ਜਿਸ ਵਿਚ ਲਗਪਗ 3 ਕਿਲੋਮੀਟਰ ਦਾ ਵਾਧੂ ਫਾਸਲਾ ਤੈਅ ਕਰਨਾ ਪੈਂਦਾ ਹੈ ਅਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਨਾਲ ਜੂਝਣਾ ਪੈਂਦਾ ਹੈ।