ਜਤਿੰਦਰ ਪੰਮੀ, ਜਲੰਧਰ

ਸਰਕਾਰੀ ਸਕੂਲ ਕਾਲਾ ਬੱਕਰਾ 'ਚ ਅੱਜ ਬਾਕਾਇਦਾ ਪੰਚਾਇਤ ਲੱਗੀ, ਜਿਸ ਵਿਚ ਦੋ ਵੱਖ-ਵੱਖ ਪਿੰਡਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਆਪੋ-ਆਪਣੇ ਪਿੰਡ ਦੀਆਂ ਸਮੱਸਿਆਵਾਂ ਗਿਣਾਈਆਂ। ਇਸ ਮੌਕੇ ਦੋਵਾਂ ਪਿੰਡਾਂ ਦੇ ਸਰਪੰਚਾਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਬੜੇ ਹੀ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਕਰਨ ਦਾ ਭਰੋਸਾ ਦਿਵਾਇਆ। ਦੱਸਣਯੋਗ ਹੈ ਕਿ ਇਹ ਪੰਚਾਇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਬੱਕਰਾ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੀ ਰਾਜਨੀਤੀ ਸ਼ਾਸਤਰ ਦੀ ਅਧਿਆਪਕਾ ਵਿਧੀ ਕਾਲੀਆ ਦੀ ਅਗਵਾਈ 'ਚ ਸ਼ੁਰੂ ਕੀਤੇ ਗਏ ਪ੍ਰਰੋਜੈਕਟ ਤਹਿਤ ਦੋ ਪਿੰਡਾਂ, ਕਾਲਾ ਬੱਕਰਾ ਅਤੇ ਰਾਣੀ ਭੱਟੀ ਵਿਚ ਜਾ ਕੇ ਉਥੋਂ ਦੀਆਂ ਪੰਚਾਇਤਾਂ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਪ੍ਰਰੋਜੈਕਟ ਤਹਿਤ ਵਿਦਿਆਰਥੀਆਂ ਨੇ ਆਪੋ-ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਦੀ ਸ਼ਨਾਖਤ ਕੀਤੀ ਅਤੇ ਪੰਚਾਇਤਾਂ ਵੱਲੋਂ ਕਰਵਾਏ ਜਾ ਰਹੇ ਕੰਮ ਦੇਖਣ ਦੇ ਨਾਲ ਉਨ੍ਹਾਂ ਦੀ ਜਾਂਚ ਕੀਤੀ। ਪੰਚਾਇਤਾਂ ਵੱਲੋਂ ਜਿਹੜੇ ਕੰਮ ਅਧੂਰੇ ਛੱਡ ਗਏ ਸਨ, ਉਨ੍ਹਾਂ ਦੀ ਰਿਪੋਰਟ ਵੀ ਤਿਆਰ ਕੀਤੀ ਗਈ। ਇਸ ਸਮੀਖਿਆ ਤੋਂ ਬਾਅਦ ਅੱਜ ਸਕੂਲ ਵਿਚ ਪ੍ਰਰੋਜੈਕਟ 'ਤੇ ਗੱਲਬਾਤ ਕਰਨ, ਬੱਚਿਆਂ ਵੱਲੋਂ ਕੀਤੇ ਗਏ ਕੰਮਾਂ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਢੰਗ ਲੱਭਣ ਬਾਰੇ ਅਧਿਆਪਕਾ ਵਿਧੀ ਕਾਲੀਆ ਦੀ ਪ੍ਰਧਾਨਗੀ ਹੇਠ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਦੀ ਪੰਚਾਇਤ ਲਾਈ ਗਈ। ਇਸ ਇਕੱਤਰਤਾ ਵਿਚ ਕਾਲਾ ਬੱਕਰਾ ਦੇ ਸਰਪੰਚ ਪਰਮਿੰਦਰ ਮੱਲੀ ਅਤੇ ਰਾਣੀ ਭੱਟੀ ਦੇ ਸਰਪੰਚ ਮੁਕੇਸ਼ ਚੰਦਰ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ ਤਾਂ ਜੋ ਵਿਦਿਆਰਥੀ ਉਕਤ ਪਿੰਡਾਂ ਦੀਆਂ ਸਮੱਸਿਆਵਾਂ ਦੋਵਾਂ ਸਰਪੰਚਾਂ ਨੂੰ ਸੁਣਾ ਸਕਣ। ਵਿਦਿਆਰਥੀਆਂ ਵੱਲੋਂ ਗਿਣਾਈਆਂ ਗਈਆਂ ਸਮੱਸਿਆਵਾਂ ਵਿਚ ਮੁੱਖ ਤੌਰ 'ਤੇ ਪਿੰਡ 'ਚ ਸਟਰੀਟ ਲਾਈਟ ਨਾ ਹੋਣਾ, ਜੰਗਲੀ ਸੂਰਾਂ ਕਾਰਨ ਫਸਲ ਤੇ ਸਾਮਾਨ ਦਾ ਉਜਾੜਾ ਕਰਨਾ, ਸਾਫ਼-ਸਫ਼ਾਈ ਨਾ ਹੋਣਾ, ਛੱਪੜਾਂ ਦੀ ਸਮੱਸਿਆ, ਸਰਕਾਰੀ ਗ੍ਾਂਟ ਹਾਸਲ ਕਰਨ ਲਈ ਪਿੰਡਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਦਿ ਸ਼ਾਮਲ ਸਨ।

ਵਿਦਿਆਰਥੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਦੋਵਾਂ ਸਰਪੰਚਾਂ ਨੇ ਬੜੇ ਹੀ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਸਵਾਲਾਂ ਦਾ ਜਵਾਬ ਬੜੀ ਸੁਹਿਰਦਤਾ ਨਾਲ ਦਿੱਤਾ। ਸਰਪੰਚਾਂ ਨੇ ਵਿਦਿਆਰਥੀਆਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ। ਦੋਵਾਂ ਸਰਪੰਚਾਂ ਨੇ ਕਿਹਾ ਕਿ ਪਿੰਡਾਂ 'ਚ ਸਟਰੀਟ ਲਾਈਟਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜੰਗਲੀ ਸੂਰ ਫੜਨ ਲਈ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਗਿਆ ਹੈ। ਪਿੰਡਾਂ ਦੀ ਸਫਾਈ ਵਿਵਸਥਾ ਠੀਕ ਕਰਨ ਲਈ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਾਰੇ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਰੱਖਣ। ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਰਕਾਰ ਵੱਲੋਂ ਆਉਣ ਵਾਲੀਆਂ ਵਿਕਾਸ ਕੰਮਾਂ ਦੀਆਂ ਗ੍ਾਂਟਾਂ ਬਾਰੇ ਡੀਸੀ ਦਫਤਰ 'ਚ ਕਾਊਂਟਰ ਨੰਬਰ 22 ਸਥਾਪਤ ਕੀਤਾ ਜਾ ਚੁੱਕਾ ਹੈ, ਜਿਥੋਂ ਗ੍ਾਂਟਾਂ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਪਿੰਡ ਦੀ ਤਰੱਕੀ 'ਚ ਹਿੱਸਾ ਪਾਉਣ ਲਈ ਉਤਸ਼ਾਹਤ ਕੀਤਾ ਤਾਂ ਜੋ ਪੰਚਾਇਤਾਂ ਕੋਲੋਂ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਿੰਡ ਦੀ ਬਿਹਤਰੀ ਲਈ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਇਸ ਮੌਕੇ ਇੰਚਾਰਜ ਇਨਕਲਾਬ ਰਾਏ, ਅਧਿਆਪਕਾ ਸੋਨੀਆ ਭਾਰਤੀ ਅਤੇ ਹੋਰ ਅਧਿਆਪਕ ਹਾਜ਼ਰ ਸਨ।