v> ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ : ਪਿੰਡ ਬੋਲੀਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਥੇ ਨਾਲ ਸੰਘਰਸ਼ ਵਿੱਚ ਬੀਤੇ ਦਿਨੀਂ ਹਿੱਸਾ ਲੈਣ ਗਏ ਪਿੰਡ ਬੋਲੀਨਾ ਦੋਆਬਾ ਦੇ ਕਿਸਾਨ ਭੁਪਿੰਦਰ ਸਿੰਘ ਭਿੰਦਾ ਪੁੱਤਰ ਸਰਵਣ ਸਿੰਘ ਬੋਲੀਨਾ ਦੀ ਅਚਾਨਕ ਤਬੀਅਤ ਖਰਾਬ ਹੋਣ ਨਾਲ ਉਨ੍ਹਾਂ ਦਾ ਸਵਰਗਵਾਸ ਹੋ ਗਿਆ। ਜਾਣਕਾਰੀ ਦਿੰਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਫੰਗੂੜਾ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਖਾਣਾ ਖਾਣ ਉਪਰੰਤ ਭੁਪਿੰਦਰ ਸਿੰਘ ਭਿੰਦਾ ਦੀ ਕਰੀਬ ਰਾਤ 10 ਵਜੇ ਅਚਾਨਕ ਤਬੀਅਤ ਖਰਾਬ ਹੋ ਗਈ। ਜਿਸਨੂੰ ਪਾਣੀਪਤ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਰਾਤ ਉਸਨੂੰ ਡਾਕਟਰਾਂ ਦੀ ਟੀਮ ਨੇ ਮਿ੍ਤਕ ਐਲਾਨ ਦਿਤਾ। ਉਨ੍ਹਾਂ ਕਿਹਾ ਭੁਪਿੰਦਰ ਸਿੰਘ ਪਿੰਡ ਬੋਲੀਨਾ ਦੀ ਮੌਜੂਦਾ ਗਾ੍ਮ ਪੰਚਾਇਤ ਦੇ ਮੈਂਬਰ ਸਨ। ਭੁਪਿੰਦਰ ਸਿੰਘ ਭਿੰਦਾ ਦੇ ਅਚਾਨਕ ਇਸ ਸੰਸਾਰ ਤੋਂ ਚਲੇ ਜਾਣ ਤੇ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਭਾਈ ਜਗਦੇਵ ਸਿੰਘ ਪੇਂਟਰ, ਸੰਤ ਰਾਮ ਸਰੂਪ ਗਿਆਨੀ ਬੋਲੀਨਾ, ਸਰਪੰਚ ਕੁਲਵਿੰਦਰ ਬਾਘਾ, ਮੈਂਬਰ ਪੰਚਾਇਤ ਰਾਮ ਸਿੰਘ ਬੋਲੀਨਾ, ਸਾਬਕਾ ਸਮੰਤੀ ਮੈਂਬਰ ਮੋਹਨ ਲਾਲ ਬੋਲੀਨਾ, ਵਿਜੈ ਕੁਮਾਰ ਅਰੌੜਾ, ਪੰਚ ਕਿਰਨ ਅਰੌੜਾ, ਪੰਚ ਰੁਪਿੰਦਰ ਕੌਰ, ਪੰਚ ਹਰਪ੍ਰੀਤ ਸਿੰਘ, ਪੰਚ ਪ੍ਰਵੀਨ ਕੁਮਾਰ, ਜਥੇਦਾਰ ਜਸਵੀਰ ਸਿੰਘ, ਨੰਬਰਦਾਰ ਮੱਖਣ ਸਿੰਘ, ਲਖਵੀਰ ਸਿੰਘ, ਸੁਰਿੰਦਰ ਵਿੱਕੀ ਪਤਾਰਾ, ਹੁਸਨ ਲਾਲ, ਰਾਕੇਸ਼ ਕੁਮਾਰ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਨੇ ਭੁਪਿੰਦਰ ਸਿੰਘ ਦੇ ਸਮੂਹ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾਂ, ਸਰਪੰਚ ਕੁਲਵਿੰਦਰ ਬਾਘਾ, ਪੰਚ ਰਾਮ ਸਿੰਘ ਗੋਲਡੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਸਾਰੇ ਪਿੰਡ ਦੇ ਹਰਮਨ ਪਿਆਰੇ ਸਨ। ਜੋ ਕਿ ਲਗਾਤਾਰ ਹੁਣ ਮੌਜੂਦਾ ਪੰਚਾਇਤ ਦੇ ਚੌਥੀ ਵਾਰ ਪੰਚ ਬਣੇ ਅਤੇ ਸ਼ੋ੍. ਗੁ. ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਚੱਲਦੇ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਹਜ਼ਾਰਾ ਦੇ ਮੋਜੂਦਾ ਕਮੇਟੀ ਮੈਂਬਰ ਵੀ ਸਨ। ਸਰਪੰਚ ਕੁਲਵਿੰਦਰ ਬਾਘਾ ਨੇ ਦਸਿਆ ਕਿ ਲਗਾਤਾਰ ਚਾਰ ਵਾਰ ਪੰਚ ਰਹੇ ਭੁਪਿੰਦਰ ਸਿੰਘ ਦਾ 20 ਸਾਲਾਂ ਤਜਰਬੇ ਤਹਿਤ ਸਮੂਹ ਗ੍ਰਾਮ ਪੰਚਾਇਤ ਨੂੰ ਬਹੁਤ ਜ਼ਿਆਦਾ ਸਹਿਯੋਗ ਸੀ ਅਤੇ ਉਹ ਹਮੇਸ਼ਾ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਸਨ। ਪੰਚ ਰਾਮ ਸਿੰਘ ਬੋਲੀਨਾ ਨੇ ਦਸਿਆ ਕਿ ਭੁਪਿੰਦਰ ਸਿੰਘ ਆਪਣੇ ਪਿੱਛੇ ਪਤਨੀ ਰਜਿੰਦਰ ਕੌਰ, ਦੋ ਪੁੱਤਰੀਆਂ ਨਵਜੀਤ ਕੌਰ, ਅਮਨਜੋਤ ਕੌਰ, ਬੇਟਾ ਹਰਦੀਪ ਸਿੰਘ ਛੱਡ ਗਿਆ ਹੈ ਅਤੇ ਭੁਪਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਪਿੰਡ ਬੋਲੀਨਾਂ ਦੇ ਸ਼ਮਸ਼ਾਨਘਾਟ ਵਿੱਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰ ਵਿੱਚ ਕਰ ਦਿਤਾ ਗਿਆ। ਪਤਵੰਤੇ ਸੱਜਣਾਂ ਨੇ ਦਸਿਆ ਭੁਪਿੰਦਰ ਸਿੰਘ ਦੇ ਅਚਾਨਕ ਚਲੇ ਜਾਣ ਨਾਲ ਸਾਰੇ ਪਿੰਡ ਬੋਲੀਨਾ ਵਿੱਚ ਸੋਗ ਦੀ ਲਹਿਰ ਹੈ।

Posted By: Susheel Khanna