ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇਣ ਦੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਸਿਹਤ ਵਿਭਾਗ ਵੱਲੋਂ ਯਤਨਾਂ ਦੇ ਬਾਵਜੂਦ ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਦਵਾਈਆਂ ਦੀ ਕਿੱਲਤ ਦਾ ਸਿਲਸਿਲਾ ਜਾਰੀ ਹੈ। ਪਹਿਲਾਂ ਸਿਹਤ ਵਿਭਾਗ ਚੋਣਾਂ ਕਰ ਕੇ ਦਵਾਈਆਂ ਦੀ ਖਰੀਦ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਰਿਹਾ ਸੀ। ਚੋਣਾਂ ਤੋਂ ਬਾਅਦ ਨਵੀਂ ਸਰਕਾਰ ਤੋਂ ਬਾਅਦ ਸਿਹਤ ਮੰਤਰੀ ਵੱਲੋਂ ਹਸਪਤਾਲਾਂ ਦਾ ਦੌਰਾ ਕਰਨ ਦੇ ਬਾਵਜੂਦ ਸਮੱਸਿਆ ਸਾਹਮਾਣੇ ਆਈ ਪਰ ਭਰੋਸਾ ਹੀ ਮਿਲ ਰਿਹਾ ਹੈ ਤੇ ਦਵਾਈਆਂ ਦੀ ਕਮੀਂ ਪੂਰੀ ਨਹੀਂ ਹੋਈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ 'ਚ ਗੁਲੂਕੋਜ਼ ਦਾ ਸਟਾਕ ਆਉਣ ਤੋਂ ਬਾਅਦ ਦਰਦ ਨਿਵਾਰਕ ਦਵਾਈਆਂ ਹਸਪਤਾਲ ਲਈ ਦਰਦ ਬਣ ਗਈਆਂ ਹਨ। ਹਸਪਤਾਲ 'ਚ ਪਿਛਲੇ ਕਈ ਦਿਨਾਂ ਤੋਂ ਦਵਾਈਆਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਹਾਲਾਂਕਿ ਇਨ੍ਹਾਂ ਦਿਨਾਂ 'ਚ ਇਨਫੈਕਸ਼ਨ ਵਾਲੇ ਮਰੀਜ਼ਾਂ ਨੂੰ ਐਂਟੀਬਾਓਟਿਕਸ ਮਿਲਣ ਨਾਲ ਥੋੜ੍ਹੀ ਰਾਹਤ ਹੈ। ਹਸਪਤਾਲ ਪ੍ਰਸ਼ਾਸ਼ਨ ਦਵਾਈਆਂ ਦੀ ਮੰਗ ਵਿਭਾਗ ਨੂੰ ਭੇਜਣ ਦੀ ਗੱਲ ਕਰ ਰਹੇ ਹਨ।

ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਇਲਾਜ ਲਈ ਦਿੱਤੀ ਜਾਣ ਵਾਲੀ 247 ਤਰ੍ਹਾਂ ਦੀਆਂ ਦਵਾਈਆਂ ਵਿੱਚੋਂ 145 ਦਵਾਈਆਂ ਦਾ ਸਟਾਕ ਖ਼ਤਮ ਹੈ। ਸਿਹਤ ਵਿਭਾਗ ਨੇ ਸਪਲਾਈ ਦੀ ਗਿਣਤੀ ਵਧਾ ਦਿੱਤੀ ਪਰ ਜ਼ਿਆਦਾਤਰ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਦਵਾਈਆਂ ਦੀ ਕਮੀਂ ਨੂੰ ਪੂਰਾ ਕਰਨ 'ਚ ਨਕਾਮ ਰਿਹਾ। ਹਸਪਤਾਲ 'ਚ ਦਰਦ ਨਿਵਾਰਕ, ਪੇਟ ਗੈਸ ਤੇ ਸ਼ੂਗਰ ਦੀ ਦਵਾਈ ਦਾ ਸਟਾਕ ਖ਼ਤਮ ਹੋਣ ਨਾਲ ਮਰੀਜ਼ਾਂ ਨੂੰ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਦੀ ਓਪੀਡੀ 'ਚ ਰੋਜ਼ਾਨਾ 1000 ਤੋਂ 1200 ਦੇ ਕਰੀਬ ਮਰੀਜ਼ ਇਲਾਜ ਕਰਵਾਉਣ ਲਈ ਪੁੱਜਦੇ ਹਨ। ਇਨ੍ਹਾਂ 'ਚੋਂ ਤਕਰੀਬਨ 70-80 ਫ਼ੀਸਦੀ ਮਰੀਜ਼ਾਂ ਨੂੰ ਦਰਦ ਨਿਵਾਰਕ ਤੇ ਪੇਟ ਗੈਸ ਦੀ ਸਮੱਸਿਆ ਦੀ ਦਵਾਈ ਡਾਕਟਰ ਲਿਖ ਕੇ ਦੇ ਰਹੇ ਹਨ। ਡਾਕਟਰ ਦਵਾਈ ਲਿਖ ਰਹੇ ਹਨ ਪਰ ਫਾਰਮੇਸੀ 'ਚ ਨਾ ਮਿਲਣ ਕਰਕੇ ਮਰੀਜ਼ ਨਿਰਾਸ਼ਾ ਹੋ ਰਹੇ ਹਨ। ਹਸਪਤਾਲ 'ਚ ਮੁਫਤ ਦਵਾਈ ਨਾ ਮਿਲਣ ਕਰ ਕੇ ਬਜ਼ਾਰ ਤੋਂ ਖਰੀਦਣ 'ਤੇ 150-200 ਰੁਪਏ ਆਰਥਿਕ ਬੋਝ ਸਹਿਣਾ ਪੈ ਰਿਹਾ ਹੈ।

ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਦਵਾਈਆਂ ਦੀ ਘਾਟ ਡਿਪੂ ਪੱਧਰ ਤੋਂ ਹੀ ਹੈ। ਹਸਪਤਾਲ ਵੱਲੋਂ ਡਿਮਾਂਡ ਭੇਜੀ ਗਈ ਹੈ। ਸ਼ੁੱਕਰਵਾਰ ਨੂੰ ਵੇਰਕਾ ਸਥਿਤ ਡਿਪੂ 'ਚ ਹਸਪਤਾਲ ਦੀ ਟੀਮ ਦਵਾਈਆਂ ਲੈਣ ਲਈ ਜਾਵੇਗੀ। ਹਸਪਤਾਲ 'ਚ ਚਾਰ ਤਰ੍ਹਾਂ ਦੀਆਂ ਐਂਟੀਬਾਇਓਟਿਕਸ ਗੋਲੀਆਂ-ਕੈਪਸੂਲ ਤੇ ਹਸਪਤਾਲ 'ਚ ਦਾਖਲ ਮਰੀਜ਼ਾਂ ਲਈ ਦੋ ਤਰ੍ਹਾਂ ਦੀਆਂ ਐਂਟੀਬਾਇਓਟਿਕਸ ਤੋਂ ਇਲਾਵਾ ਹੋਰ ਕਈ ਦਵਾਈਆਂ ਸਟਾਕ 'ਚ ਹਨ। ਇਸ ਤੋਂ ਇਲਾਵਾ ਇਲਾਜ ਲਈ ਬਦਲਵੀਆਂ ਦਵਾਈਆਂ ਹਨ। ਵਿਭਾਗ ਵੱਲੋਂ ਦਵਾਈਆਂ ਦੀ ਘਾਟ ਨੂੰ ਦੂਰ ਕਰਨ ਲਈ ਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ।

ਤੱਲ੍ਹਣ ਦੀ ਰਹਿਣ ਵਾਲੀ ਦਲੀਪ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਬਿਮਾਰ ਹਨ। ਦਵਾਈ ਲੈਣ ਲਈ ਆਟੋ ਦਾ ਖਰਚਾ ਕਰ ਕੇ ਸਿਵਿਲ ਹਸਪਤਾਲ ਇਲਾਜ ਲਈ ਆਈ। ਇਲਾਜ ਦੀ ਪਕਿਰਿਆ 'ਚ ਤਿੰਨ ਘੰਟੇ ਦਾ ਸਮਾਂ ਲੱਗ ਗਿਆ। ਡਾਕਟਰ ਨੇ ਪਰਚੀ 'ਤੇ ਤਿੰਨ ਤਰ੍ਹਾਂ ਦੀ ਦਵਾਈ ਲਿਖੀ ਪਰ ਫਾਰਮੇਸੀ ਤੋਂ ਸਿਰਫ ਕੈਲਸ਼ੀਅਮ ਦੀ ਦਵਾਈ ਮਿਲੀ ਬਾਕੀ ਦੋ ਦਵਾਈਆਂ ਬਾਜ਼ਾਰ ਤੋਂ ਲੈਣ ਦੀ ਸਲਾਹ ਦਿੱਤੀ। ਬਾਜ਼ਾਰੋਂ ਇਹ ਦਵਾਈਆਂ ਘੱਟ ਤੋਂ ਘੱਟ ਦੋ ਸੌ ਰੁਪਏ ਦੀ ਮਿਲੇਗੀ।

ਨੂਰਮਹਿਲ ਦੀ ਰਹਿਣ ਵਾਲੀ ਬਲਬੀਰ ਕੌਰ ਦਾ ਕਹਿਣਾ ਹੈ ਕਿ ਉਹ ਇਲਾਜ ਲਈ ਸ਼ਾਹਕੋਟ ਤੇ ਨਕੋਦਰ ਦੇ ਹਸਪਤਾਲ ਤੋਂ ਬਾਅਦ ਕਿਡਨੀ 'ਚ ਪੱਥਰੀ ਲਈ ਸਿਵਿਲ ਹਸਪਤਾਲ 'ਚ ਇਲਾਜ ਲਈ ਆਈ ਸੀ। ਡਾਕਟਰ ਨੇ ਚਾਰ ਤਰ੍ਹਾਂ ਦੀਆਂ ਦਵਾਈਆਂ ਲਿਖ ਦਿੱਤੀਆਂ। ਫਾਰਮੇਸੀ ਤੋਂ ਇਕ ਵੀ ਨਾ ਮਿਲਣ ਕਰ ਕੇ ਨਿਰਾਸ਼ਾ ਹੱਥ ਲੱਗੀ। ਦਵਾਈਆਂ ਬਾਜ਼ਾਰ ਤੋਂ ਖਰੀਦਣੀਆਂ ਪਈਆਂ।

---

ਹਸਪਤਾਲ 'ਚ ਘਾਟ ਤੇ ਆਮ ਆਦਮੀ ਕਲੀਨਿਕਾਂ 'ਚ ਦਵਾਈਆ ਦੀ ਭਰਮਾਰ

ਸਰਕਾਰੀ ਹਸਪਤਾਲਾਂ 'ਚ ਦਵਾਈਆਂ ਦੀ ਘਾਟ ਦੂਰ ਨਹੀਂ ਹੋ ਰਹੀ। ਮਰੀਜ਼ਾਂ ਨੂੰ ਇਲਾਜ ਲਈ ਦਵਾਈਆਂ ਬਾਜ਼ਾਰ 'ਚੋਂ ਖਰੀਦਣੀਆਂ ਪੈਂਦੀਆ ਹਨ। ਉਥੇ ਹੀ ਜ਼ਿਲ੍ਹੇ 'ਚ ਬਣਾਏ ਗਏ ਅੱਧਾ ਦਰਜਨ ਆਮ ਆਦਮੀ ਕਲੀਨਿਕਾਂ 'ਚ ਦਵਾਈਆਂ ਦੀ ਭਰਮਾਰ ਹੈ। ਉਥੇ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਨੂੰ ਨਿਰਾਸ਼ਾ ਨਹੀਂ ਝੱਲਣੀ ਪੈਂਦੀ। ਆਮ ਆਦਮੀ ਕਲੀਨਿਕਾਂ 'ਚ ਤਾਇਨਾਤ ਡਾਕਟਰਾਂ ਦੀ ਮੰਨੀਏ ਤਾਂ 75 ਤਰ੍ਹਾਂ ਦੀਆ ਦਵਾਈਆਂ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਮਿਲ ਰਹੀ ਹੈ। ਮਰੀਜ਼ਾਂ ਦੀ ਓਪੀਡੀ ਵੀ 65 ਤੋਂ 70 ਅੌਸਤਨ ਪੁੱਜ ਰਹੀ ਹੈ।

--

ਗੋਲੀਆਂ ਤੇ ਟੀਕੇ ਡਾਈਕਲੋਫੀਨੈੱਕ ਸੋਡੀਅਮ-ਦਰਦ ਨਿਵਾਰਕ

ਗੋਲੀਆਂ ਆਈਬਰੂਫਿਨ-ਦਰਦ ਨਿਵਾਰਕ

ਗੋਲੀਆਂ ਲੋਰਾਜੀਪਾਮ 2 ਐਮਜੀ-ਮਾਨਸਿਕ ਰੋਗੀਆਂ ਦੇ ਇਲਾਜ 'ਚ ਵਰਤੀ ਜਾਣ ਵਾਲੀ ਦਵਾਈ

ਗੋਲੀਆਂ ਡਾਈਸਾਈਕੋਮਾਈਨ ਹਾਈਡਰੋਕਲੋਰਾਈਡ ਤੇ ਮਿਫੇਨਿਕ-ਐਸਿਡ ਪੇਟ ਦਰਦ

ਡਰਾਪ ਪੈਰਾਸੀਟਾਮੋਲ-ਬੱਚੇ ਨੂੰ ਬੁਖਾਰ ਹਟਾਉਣ ਲਈ

ਅਮਾਨਿਓ ਐਸਿਡ-ਗਰਭਵਤੀ ਅੌਰਤਾਂ ਦੇ ਇਲਾਜ ਲਈ

ਗੋਲੀਆਂ, ਕੈਪਸੂਲ ਤੇ ਟੀਕੇ ਪੇਂਟਾਪ੍ਰਰਾਜੋਲ-ਪੇਟ ਗੈਸ ਲਈ

ਗੋਲੀਆਂ ਕੈਪਸੂਲ ਤੇ ਟੀਕੇ ਰੇਨਿਟੀਡੀਨ-ਪੇਟ ਗੈਸ ਲਈ

ਗੋਲੀਆਂ ਗਲੀਮੀਪ੍ਰਰਾਈਡ 1 ਤੇ 2-ਸ਼ੂਗਰ ਮਰੀਜ਼ਾਂ ਲਈ

ਗੋਲੀਆਂ ਡੇਕਸਾਮੀਥਾਸੋਨ ਸਟੀਰਾਈਡ ਕਲੋਟ੍ਰਾਈਮੇਕਸਾਜ਼ੋਰ ਤੇ ਕਲੀਡਾਮਾਈਸੀਨ ਵੀਜ਼ਾਈਨਲ ਗੋਲੀਆਂ-ਅੌਰਤਾਂ ਦੇ ਗੁਪਤ ਰੋਗਾਂ ਲਈ

ਗੋਲੀਆਂ ਬੀ ਕੰਪਲੈਕਸ-ਸਰੀਰ 'ਚ ਵਿਟਾਮਿਨ ਦੀ ਕਮੀਂ ਦੂਰ ਕਰਨ ਲਈ

ਗੋਲੀਆਂ ਵਿਟਾਮਿਨ ਈ ਦੀ ਕਮੀ ਦੂਰ ਕਰਨ ਲਈ

ਗੋਲੀਆਂ ਵਿਟਾਮਿਨ ਡੀ ਦੀ ਕਮੀਂ ਦੂਰ ਕਰਨ ਲਈ

ਗੋਲੀਆਂ ਸਾਲਬੂਟਾਮੋਲ-ਸਾਹ ਨਾਲ ਜੁੜੀਆਂ ਬਿਮਾਰੀਆ ਦੇ ਇਲਾਜ ਲਈ

ਖਾਂਸੀ ਦੀ ਦਵਾਈ

ਅੱਖਾਂ ਤੇ ਕੰਨ ਦੀਆਂ ਬਿਮਾਰੀਆਂ ਲਈ-ਡਰਾਪਸ

ਸਿਰਪ ਐਲਬਾਂਡਾਜ਼ੋਲ-ਬੱਚਿਆਂ ਦੇ ਪੇਟ ਦੇ ਕੀੜਿਆਂ ਦੇ ਇਲਾਜ ਲਈ

ਟੀਕੇ ਸੀਫੋਟੇਕਸੀਮ ਐਂਟੀਬਾਓਟਿਕਸ

ਗੋਲੀਆਂ ਤੇ ਸਿਰਪ ਐਂਜੀਥਰੋਮਾਈਸਿਨ ਐਂਟੀਬਾਓਟਿਕਸ

ਗੋਲੀਆਂ, ਕੈਪਸੂਲ ਤੇ ਸਿਰਪ ਅਮੋਕਸੀਸਾਈਕਲਿਨ 250 ਐਮ ਜੀ ਤੇ ਕਲੋਸਾਸੀਨ 250 ਐਮ ਜੀ ਐਂਟੀਬਾਓਟਿਕਸ

ਗੋਲੀਆਂ, ਕੈਪਸੂਲ ਤੇ ਸਿਰਪ ਅਮੋਕਸੀਸਾਈਕਲਿਨ 500 ਐਮ ਜੀ ਤੇ ਕਲੋਸਾਸੀਨਐਸਿਡ 125 ਐਮ ਜੀ ਐਂਟੀਬਾਓਟਿਕਸ