ਜਲੰਧਰ : ਉੱਘੇ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਪਦਮਸ੍ਰੀ ਜਿਹੇ ਵੱਕਾਰੀ ਸਨਮਾਨ ਲਈ ਚੁਣਿਆ ਗਿਆ ਹੈ, ਜਿਸ ਨਾਲ ਪੰਜਾਬ ਦਾ ਸਿਰ ਹੋਰ ਮਾਣ ਨਾਲ ਉੱਚਾ ਹੋਇਆ ਹੈ। ਉਹ ਪੰਜਾਬੀ ਤੇ ਹਿੰਦੀ ਸਾਹਿਤ ਖ਼ਾਸ ਕਰਕੇ ਗੁਰਮਤਿ ਸਾਹਿਤ ਦੇ ਵੱਡੇ ਵਿਦਵਾਨ ਹਨ। ਉਨ੍ਹਾਂ ਨੇ 70 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ/ਹਿੰਦੀ ਸਾਹਿਤ ਤੇ ਗੁਰਮਤਿ ਸਾਹਿਤ ਦੀ ਸੇਵਾ ’ਚ ਲਾਇਆ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ‘ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ’ ਵਿਸ਼ੇ ’ਚ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਤੇ ਬਾਅਦ ’ਚ ‘ਦਸਮ ਗ੍ਰੰਥ ਕੀ ਪੌਰਾਣਿਕ ਪ੍ਰਿਸ਼ਠ ਭੂਮੀ’ ਨਾਂ ਦੀ ਪੁਸਤਕ ਲੋਕਾਂ ਦੀ ਸੇਵਾ ’ਚ ਸਮਰਪਿਤ ਕੀਤੀ, ਜਿਸ ’ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਪੁਰਸਕਾਰ ਵੀ ਦਿੱਤਾ ਗਿਆ। ਉਨ੍ਹਾਂ ਨੇ ਦਸਮ ਗ੍ਰੰਥ ਦਾ ਟੀਕਾ ਤਿਆਰ ਕੀਤਾ। ਉਨ੍ਹਾਂ ਨੇ ਮਗਧ ਯੂਨੀਵਰਸਿਟੀ ਬੋਧਗਯਾ ਤੋਂ ਡੀ. ਲਿਟ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਲੈ ਕੇ ਕਈ ਕਿਤਾਬਾਂ ਲਿਖੀਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਉਨ੍ਹਾਂ ਤੋਂ ‘ਗੁਰੂ ਨਾਨਕ ਬਾਣੀ: ਪਾਠ ਤੇ ਵਿਆਖਿਆ’ ਨਾਂ ਦੀ ਪੁਸਤਕ ਲਿਖਵਾਈ, ਜੋ ਪੰਜਾਬੀ ਅਤੇ ਹਿੰਦੀ ’ਚ ਛਪੀ ।

ਉਨ੍ਹਾਂ ਨੇ ਤੁਲਸੀ ਰਾਮਾਇਣ (ਰਾਮ ਚਰਿਤ ਮਾਨਸ) ਦਾ ਪੰਜਾਬੀ ’ਚ ਲਿਪੀ ਅੰਤਰ ਅਤੇ ਅਨੁਵਾਦ ਕੀਤਾ, ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ। ਇਸ ਨੂੰ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਪੁਰਸਕਾਰ ਮਿਲਿਆ। ਉਨ੍ਹਾਂ ਨੇ ਪੰਜਾਬੀ ਸਾਹਿਤ ਸੰਦਰਭ ਕੋਸ਼ ਤਿਆਰ ਕੀਤਾ ਤੇ ਪੰਜ ਭਾਗਾਂ ’ਚ ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਤਿਆਰ ਕਰ ਕੇ ਛਾਪਿਆ। ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਤੇ ‘ਸਿੱਖ ਪੰਥ ਵਿਸ਼ਵਕੋਸ਼’ ਤਿਆਰ ਕਰਨਾ ਉਨ੍ਹਾਂ ਦਾ ਬੜਾ ਮਹੱਤਵਪੂਰਨ ਕਾਰਜ ਰਿਹਾ। ‘ਅਰਥ ਬੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ’ ਨਾਂ ਹੇਠ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰ ਕੇ ਪੰਜ ਭਾਗਾਂ ’ਚ ਲੋਕਾਂ ਨੂੰ ਸਮਰਪਿਤ ਕੀਤਾ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ’ਚ ਟੀਕਾ ਕਰ ਕੇ ਪੰਜ ਜਿਲਦਾਂ ’ਚ ਪ੍ਰਕਾਸ਼ਿਤ ਕਰਵਾਇਆ।

ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ, ਪੰਜਾਬ ਸਰਕਾਰ ਵੱਲੋਂ ਸਰਵਉੱਚ ਪੁਰਸਕਾਰ, ਪੰਜਾਬੀ ਸਾਹਿਤ ਸ਼੍ਰੋਮਣੀ (ਰਤਨ) 1996 ’ਚ ਦਿੱਤਾ ਗਿਆ। 1964 ਤੋਂ ਲੈ 1976 ਤੱਕ ਅੱਠ ਵਾਰ ਉਨ੍ਹਾਂ ਦੀਆਂ ਕਿਤਾਬਾਂ ਨੂੰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਪਹਿਲਾ ਇਨਾਮ ਦਿੱਤਾ ਜਾਂਦਾ ਰਿਹਾ। ਹਰਿਆਣਾ ਸਰਕਾਰ ਵੱਲੋਂ ਵੀ ਇਕ ਵਾਰ ਉਨ੍ਹਾਂ ਦੀ ਕਿਤਾਬ ’ਤੇ ਪਹਿਲਾ ਇਨਾਮ 1968 ’ਚ ਦਿੱਤਾ ਗਿਆ । ਦਿੱਲੀ ਦੀ ਪੰਜਾਬੀ ਅਕਾਦਮੀ ਵੱਲੋਂ ‘ਪਰਮ ਸਾਹਿਤ ਸਨਮਾਨ’ ਤੇ ਉੱਤਰ ਪ੍ਰਦੇਸ਼ ਸਰਕਾਰ ਦੇ ਹਿੰਦੀ ਸੰਸਥਾਨ ਵੱਲੋਂ ‘ਸੋਹਾਰਦ ਪੁਰਸਕਾਰ’ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 2014 ’ਚ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2015 ’ਚ ਆਨਰੇਰੀ ਡੀ. ਲਿਟ ਦੀ ਡਿਗਰੀ ਦਿੱਤੀ। ਇਸ ਤੋਂ ਇਲਾਵਾ ਬਹੁਤ ਸਾਰੀਆਂ ਅਹਿਮ ਸਾਹਿਤਕ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਹੁਣ ਤੱਕ ਲਗਭਗ 144 ਕਿਤਾਬਾਂ ਲਿਖ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਨੂੰ ਲਾਈਫ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੇ ਪੁੱਤਰ ਮਾਲਵਿੰਦਰ ਸਿੰਘ ਜੱਗੀ ਸੀਨੀਅਰ ਆਈਏਐੱਸ ਅਧਿਕਾਰੀ ਹਨ, ਜੋ ਕਈ ਵੱਡੇ ਅਹੁਦਿਆਂ ’ਤੇ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਵੱਕਾਰੀ ਪੁਰਸਕਾਰ ਮਿਲਣ ’ਤੇ ਪੂਰੇ ਪੰਜਾਬ ’ਚ ਖ਼ੁਸ਼ੀ ਦੀ ਲਹਿਰ ਹੈ।

ਸਰਕਾਰ ਵੱਲੋਂ ਐਲਾਨੇ ਗਏ ਹੋਰ ਐਵਾਰਡਾਂ ਦੀ ਪੜ੍ਹੋ ਪੂਰੀ ਸੂਚੀ :

Posted By: Jagjit Singh