ਜਤਿੰਦਰ ਪੰਮੀ, ਜਲੰਧਰ

ਝੋਨੇ ਦੀ ਸਿੱਧੀ ਬਿਜਾਈ ਤੋਂ ਮੂੰਹ ਮੋੜਨ ਤੋਂ ਬਾਅਦ ਰਵਾਇਤੀ ਢੰਗ ਨਾਲ ਝੋਨੇ ਦੀ ਬਿਜਾਈ ਕਰਨ ਲਈ ਜ਼ਿਲ੍ਹੇ ਦੇ ਕਿਸਾਨਾਂ 'ਚ ਕਾਫੀ ਉਤਸ਼ਾਹ ਹੈ। ਬਰਸਾਤ ਤੋਂ ਪਹਿਲਾਂ ਕਿਸਾਨਾਂ ਨੇ ਝੋਨੇ ਦੀ ਲਵਾਈ ਦਾ ਟੀਚਾ ਪੂਰਾ ਕਰਨ ਲਈ ਰਫਤਾਰ ਤੇਜ਼ ਕਰ ਦਿੱਤੀ ਹੈ। ਜ਼ਿਲ੍ਹੇ 'ਚ 1.73 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਲਵਾਈ ਦਾ ਟੀਚਾ ਮਿਥਿਆ ਗਿਆ ਹੈ। ਆਉਣ ਵਾਲੇ ਦਿਨਾਂ 'ਚ ਪੈਣ ਵਾਲੇ ਮੀਂਹ ਦਾ ਕਿਸਾਨਾਂ ਨੂੰ ਪੂਰਾ-ਪੂਰਾ ਲਾਭ ਮਿਲੇਗਾ। ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਝੋਨੇ ਦੀ ਸਿੱਧੀ ਬਿਜਾਈ ਸਿਰਫ 1500 ਹੈਕਟੇਅਰ 'ਚ ਹੀ ਹੋਈ ਹੈ। ਸਰਕਾਰ ਨੇ 14 ਜੂਨ ਤੋਂ ਝੋਨੇ ਦੀ ਰਵਾਇਤੀ ਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪਿੰਡ ਰਾਣੀ ਭੱਟੀ ਦੇ ਕਿਸਾਨ ਮੁਕੇਸ਼ ਚੰਦਰ ਤੇ ਜੰਡਿਆਲਾ ਦੇ ਕਿਸਾਨ ਕੁਲਵਿੰਦਰ ਸਿੰਘ ਮਸ਼ਿਆਣਾ ਦਾ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ 20 ਜੂਨ ਤੋਂ ਬਾਅਦ ਝੋਨੇ ਦੀ ਬਿਜਾਈ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਕਿਸਾਨਾਂ ਨੇ ਸੰਘਰਸ਼ ਕਰਕੇ ਬਿਜਾਈ ਦੀ ਤਰੀਕ 'ਚ ਤਬਦੀਲੀ ਕਰਵਾਈ। ਪਿਛਲੇ 2-3 ਦਿਨਾਂ ਦੌਰਾਨ ਪਏ ਮੀਂਹ ਦਾ ਕਿਸਾਨਾਂ ਕਾਫੀ ਲਾਹਾ ਮਿਲਿਆ ਹੈ। ਕਿਸਾਨਾਂ ਦੀਆ ਮੋਟਰਾਂ ਘੱਟ ਚੱਲੀਆਂ ਹਨ ਤੇ ਬਿਜਲੀ ਦੀ ਬੱਚਤ ਵੀ ਹੋਈ ਹੈ। ਜੁਲਾਈ ਦੇ ਪਹਿਲੇ ਹਫਤੇ ਮੌਨਸੂਨ ਸ਼ੁਰੂ ਹੋਣ ਦੀ ਸੰਭਾਵਨਾ ਹੈ, ਉਦੋਂ ਤਕ ਜ਼ਿਲ੍ਹੇ 'ਚ ਕਰੀਬ 90 ਫੀਸਦੀ ਝੋਨੇ ਦੀ ਲਵਾਈ ਪੂਰੀ ਹੋਣ ਦੀ ਸੰਭਾਵਨਾ ਹੈ। ਇਸ ਵਾਰੇ ਲੇਬਰ ਦੀ ਸਮੱਸਿਆ ਵੀ ਨਹੀਂ ਆ ਰਹੀ ਹੈ। ਖੇਤੀਬਾੜੀ ਅਧਿਕਾਰੀ ਡਾ. ਨਰੇਸ਼ ਗੁਲਾਟੀ ਦਾ ਕਹਿਣਾ ਹੈ ਕਿ ਪਿਛਲੇ 10 ਦਿਨਾਂ 'ਚ ਕਰੀਬ 30 ਹਜ਼ਾਰ ਹੈਕਟੇਅਰ ਰਕਬੇ 'ਚ ਝੋਨੇ ਦੀ ਬਿਜਾਈ ਹੋ ਚੁੱਕੀ ਹੈ। ਜ਼ਿਲ੍ਹੇ 'ਚ 1.73 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਖੇਤੀ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ 'ਚੋਂ 1500 ਹੈਕਟੇਅਰ 'ਚ ਸਿੱਧੀ ਬਿਜਾਈ ਹੋ ਚੁੱਕੀ ਹੈ। ਉਥੇ ਹੀ 22 ਹਜ਼ਾਰ ਹੈਕਟੇਅਰ ਰਕਬੇ 'ਚ ਬਾਸਮਤੀ ਲਾਈ ਜਾਵੇਗੀ। ਇਸ ਵੇਲੇ ਝੋਨੇ ਲਾਉਣ ਵਾਲੇ ਕਿਸਾਨਾਂ ਨੂੰ ਅਗਲੇ ਮਹੀਨੇ ਪੈਣ ਵਾਲੇ ਮੀਂਹ ਦਾ ਪੂਰਾ ਫਾਇਦਾ ਮਿਲੇਗਾ।