ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਪੰਜਾਬ ਸਰਕਾਰ ਨੂੰ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਕਰ ਕੇ ਤੁਰੰਤ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਢਾਡੀ ਗਿਆਨੀ ਸੰਤ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਖੇਤਾਂ 'ਚ ਝੋਨੇ ਦੀ ਪੱਕੀ ਫ਼ਸਲ ਦੇ ਨਾਲ ਸਬਜ਼ੀਆਂ ਤੇ ਹੋਰ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਬਹੁਤੇ ਥਾਈਂ ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ 'ਚ ਪਏ ਝੋਨੇ ਦਾ ਵੀ ਨੁਕਸਾਨ ਵੀ ਹੋਇਆ ਹੈ। ਪਾਰਸ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਤੇ ਹੁਣ ਮੌਸਮ ਦੀ ਖਰਾਬੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੁਰੰਤ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ।

ਇਕ ਵੱਖਰੇ ਬਿਆਨ 'ਚ ਪੰਥਕ ਸੇਵਾ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮਾਣਕਪੁਰ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ਿਆਂ ਦੇ ਬੋਝ ਹੇਠਾਂ ਦੱਬੇ ਹੋਏ ਹਨ। ਉਨਾਂ੍ਹ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਅਹਿਮ ਮੰਗਾਂ ਲਗਾਤਾਰ ਅਣਸੁਣੀਆਂ ਕੀਤੀਆਂ ਜਾ ਰਹੀਆਂ ਹਨ ਤੇ ਉੱਤੋਂ ਕੁਦਰਤੀ ਕਹਿਰ ਵੀ ਕਿਸਾਨਾਂ ਦਾ ਇਮਤਿਹਾਨ ਲੈ ਰਿਹਾ ਹੈ, ਪਰ ਫਿਰ ਵੀ ਆਪਣੀ ਸੁੱਚੀ ਕਿਰਤ ਤੇ ਮਾਂ ਜ਼ਮੀਨ ਦੀ ਰਾਖੀ ਖਾਤਰ ਕਿਸਾਨ ਹਰ ਬਿਪਤਾ ਦਾ ਟਾਕਰਾ ਸਿਦਕ ਸਿਰੜ ਭਰੇ ਸੰਘਰਸ਼ ਰਾਹੀਂ ਕਰ ਰਹੇ ਹਨ ਤੇ ਕਰਦੇ ਰਹਿਣਗੇ। ਉਨਾਂ੍ਹ ਸਰਕਾਰ ਕੋਲੋਂ ਕਿਸਾਨਾਂ ਨੂੰ ਫਸਲਾਂ ਦੀ ਤਬਾਹੀ ਦਾ ਢੁੱਕਵਾਂ ਮੁਆਵਜ਼ਾ ਜਲਦ ਤੋਂ ਜਲਦ ਦੇਣ ਦੀ ਮੰਗ ਕੀਤੀ।