ਗਿੱਕੀ ਕਤਲ ਕਾਂਡ ;

ਸਟੇਟ ਬਿਊਰੋ, ਚੰਡੀਗੜ੍ਹ : ਜਲੰਧਰ ਸ਼ਹਿਰ ਦੇ ਬਹੁਚਰਚਿਤ ਗਿੱਕੀ ਕਤਲ ਕਾਂਡ ਦੇ ਕੇਸ 'ਚ ਗੁਰਦਾਸਪੁਰ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਚਾਰੇ ਦੋਸ਼ੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਸਕੀ। ਇਸ ਮਾਮਲੇ 'ਚ ਰਾਮਸਿਮਰਨ ਸਿੰਘ ਮੱਕੜ ਉਰਫ ਪਿ੍ਰੰਸ ਮੱਕੜ ਸਮੇਤ ਸੰਨੀ ਸਚਦੇਵਾ, ਜਸਦੀਪ ਸਿੰਘ ਜੱਸੂ ਤੇ ਅਮਰਪ੍ਰਰੀਤ ਸਿੰਘ ਨਰੂਲਾ ਦੀਆਂ ਅਪੀਲਾਂ 'ਤੇ ਫੈਸਲਾ ਦਿੰਦੇ ਹੋਏ ਹਾਈਕੋਰਟ ਨੇ ਸਾਰੇ ਹੀ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।

ਵਰਨਣਯੋਗ ਹੈ ਕਿ ਗੁਰਦਾਸਪੁਰ ਦੀ ਸੈਸ਼ਨ ਅਦਾਲਤ ਨੇ 3 ਅਗਸਤ 2015 ਨੂੰ ਆਪਣੇ ਫੈਸਲੇ 'ਚ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਤੀਜੇ ਪਿ੍ਰੰਸ ਮੱਕੜ, ਐਡਵੋਕੇਟ ਅਮਰਦੀਪ ਸਿੰਘ ਨਰੂਲਾ ਸਚਦੇਵਾ, ਹੋਟਲ ਮਾਲਕ ਜਸਦੀਪ ਸਿੰਘ ਜੱਸੂ ਤੇ ਵਪਾਰੀ ਅਮਰਪ੍ਰਰੀਤ ਸਿੰਘ ਨਰੂਲਾ ਨੂੰ ਗੈਰ-ਇਰਾਦਤਨ ਕਤਲ ਦਾ ਦੋਸ਼ੀ ਠਹਿਰਾਉਂਦੇ ਹੋਏ ਭਾਰਤੀ ਦੰਡਵਲੀ ਦੀ ਧਾਰਾ 304ਏ ਤੇ 34 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੱਸਣਾ ਬਣਦਾ ਹੈ ਕਿ ਮੁੱਖ ਦੋਸ਼ੀ ਰਾਮ ਸਿਮਰਨ ਸਿੰਘ ਖੁਦ ਵੀ ਅਕਾਲੀ ਕੌਂਸਲਰ ਰਹਿ ਚੁੱਕਾ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਅਦਾਲਤ ਦੇ ਇਸ ਫੈਸਲੇ ਖ਼ਿਲਾਫ਼ ਜਿੱਥੇ ਚਾਰੇ ਦੋਸ਼ੀਆਂ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ, ਉਥੇ ਮਿ੍ਤਕ ਗਿੱਕੀ ਦੇ ਪਿਤਾ ਰਾਜਬੀਰ ਸਿੰਘ ਸੇਖੋਂ ਨੇ ਸਾਰੇ ਦੋਸ਼ੀਆਂ ਨੂੰ ਭਾਰਤੀ ਦੰਡਵਲੀ ਦੀ ਧਾਰਾ 302 ਤਹਿਤ ਕਤਲ ਦਾ ਦੋਸ਼ੀ ਕਰਾਰ ਦੇਣ ਦੀ ਮੰਗ ਕਰਦੇ ਹੋਏ ਉਨ੍ਹਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ।

ਗੌਰਤਲਬ ਹੈ ਕਿ 21 ਅਪ੍ਰਰੈਲ 2011 ਨੂੰ ਦੇਰ ਰਾਤ ਨਾਮਦੇਵ ਚੌਕ ਦੇ ਨਜ਼ਦੀਕ ਸੇਖੋਂ ਗਰੈਂਡ ਹੋਟਲ ਦੇ ਮਾਲਕ ਗੁਰਕੀਰਤ ਸਿੰਘ ਉਰਫ ਗਿੱਕੀ ਦਾ ਮਾਡਲ ਟਾਊਨ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਿੱਕੀ ਦੇ ਪਿਤਾ ਰਾਜਬੀਰ ਸਿੰਘ ਸੇਖੋਂ ਨੇ ਅਕਾਲੀ ਕੌਂਸਲਰ ਰਾਮ ਸਿਮਰਨ ਸਿੰਘ ਉਰਫ ਪਿ੍ਰੰਸ ਮੱਕੜ 'ਤੇ ਕਤਲ ਦਾ ਦੋਸ਼ ਲਾਇਆ ਸੀ। ਐਡਵੋਕੇਟ ਅਮਰਦੀਪ ਸਿੰਘ ਉਰਫ ਸੰਨੀ ਸਚਦੇਵਾ, ਹੋਟਲ ਰਿਸੈਂਟ ਪਾਰਕ ਦੇ ਮਾਲਕ ਜਸਦੀਪ ਸਿੰਘ ਜੱਸੂ ਤੇ ਵਪਾਰੀ ਅਮਰਪ੍ਰਰੀਤ ਸਿੰਘ ਨੇ ਪਿ੍ਰੰਸ ਦਾ ਸਾਥ ਦਿੱਤਾ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਆਰੰਭ ਕੀਤੇ ਜਾਣ ਮਗਰੋਂ ਦੋਸ਼ੀਆਂ ਨੇ ਆਤਮ-ਸਮੱਰਪਣ ਕਰ ਦਿੱਤਾ ਸੀ।

ਇਸ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਉਨ੍ਹਾਂ ਦੀਆਂ ਅਪੀਲਾਂ ਦੀ ਸੁਣਵਾਈ ਦੌਰਾਨ ਜ਼ਮਾਨਤ 'ਤੇ ਰਿਹਾਈ ਮਿਲ ਗਈ ਸੀ, ਜਦਕਿ ਮੱੁਖ ਦੋਸ਼ੀ ਦੋਸ਼ੀ ਪਿ੍ਰੰਸ ਮੱਕੜ ਹਾਲੇ ਤਕ ਜੇਲ੍ਹ 'ਚ ਹੀ ਹੈ।

ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਐੱਚਐੱਸ ਸਿੱਧੂ ਦੀ ਬੈਂਚ ਨੇ ਇਨ੍ਹਾਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ। ਹਾਈਕੋਰਟ ਦੇ ਵਿਸਥਾਰਤ ਫੈਸਲੇ ਦੀ ਕਾਪੀ ਹਾਲੇ ਮੁਹੱਈਆ ਨਹੀਂ ਹੋ ਸਕੀ ਹੈ।