ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਜਲੰਧਰ ਛਾਉਣੀ ਇਲਾਕੇ 'ਚ ਓਵਰਲੋਡ ਟਿੱਪਰਾਂ ਦੇ ਹੜ੍ਹ ਨੇ ਸੜਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਨਿਰਧਾਰਤ ਕੀਤੇ ਮਾਪਦੰਢਾਂ ਤੋਂ ਤਿਗੁਣਾ ਭਾਰ ਲੈ ਕੇ ਦੌੜ ਰਹੇ ਟਿੱਪਰ ਰਾਹਗੀਰਾਂ ਦੀ ਜਾਨ ਦਾ ਖੌਹ ਬਣਦੇ ਜਾ ਰਹੇ ਹਨ। ਮਿੱਟੀ, ਰੇਤਾ ਅਤੇ ਬੱਜਰੀ ਨਾਲ ਲੱਦੇ ਟਿੱਪਰ ਸਰਕਾਰੀ ਖਜਾਨੇ ਨੂੰ ਵੱਡਾ ਚੂਨਾ ਲਗਾਉਣ ਦੇ ਨਾਲ-ਨਾਲ ਸਰਕਾਰੀ ਸੰਪਤੀ ਦਾ ਵੱਡੀ ਪੱਧਰ 'ਤੇ ਨੁਕਸਾਨ ਕਰ ਰਹੇ ਹਨ। ਟਰਾਂਸਪੋਰਟ ਵਿਭਾਗ ਨਾਲ ਸਬੰਧਤ ਮਹਿਕਮੇ ਮਹੀਨਾ ਬੰਨੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਆਰਟੀਏ ਵਿਭਾਗ ਤੇ ਟਰੈਫਿਕ ਪੁਲਿਸ ਨੇ ਛਾਉਣੀ ਇਲਾਕੇ ਵਿੱਚ ਚਲ ਰਹੇ ਓਵਰਲੋਡ ਟਿੱਪਰਾਂ 'ਤੇ ਕਾਰਵਾਈ ਕਰਨ ਤੋਂ ਗੁਰੇਜ ਹੀ ਕੀਤਾ ਹੈ। ਹਲਕਾ ਵਿਧਾਇਕ ਦੀਆਂ ਓਵਰਲੋਡ ਟਿੱਪਰਾਂ 'ਤੇ ਬਰੇਕ ਲਗਾਉਣ ਦੀਆਂ ਕੋਸ਼ਿਸ਼ਾਂ ਵੀ ਬੇਬੱਸ ਹੀ ਨਜ਼ਰ ਆ ਰਹੀਆਂ ਹਨ। ਇਲਾਕੇ ਅੰਦਰ ਕਾਲੋਨੀਆਂ ਵਿਚ ਮਿੱਟੀ ਦੀ ਭਰਤੀ ਪਾਉਣ ਦਾ ਕੰਮ ਕਰ ਰਹੇ ਠੇਕੇਦਾਰਾਂ ਦੇ ਦਰਜਨਾਂ ਟਿੱਪਰ ਚਲ ਰਹੇ ਹਨ। ਓਵਰਲੋਡ ਟਿੱਪਰਾਂ ਦਾ ਕਾਰੋਬਾਰ ਪਿਛਲੇ ਲੰਬੇ ਸਮੇਂ ਤੋਂ ਚਲ ਰਿਹਾ ਹੈ ਪਰ ਲਾਕਡਾਉਨ ਦੌਰ ਵਿੱਚ ਸ਼ੁਰੂ ਹੋਇਆ ਇਹ ਕਾਰੋਬਾਰ ਚਾਰ ਗੁਣਾ ਵਧ ਗਿਆ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਟਰਾਂਸਪੋਰਟ ਨਾਲ ਸਬੰਧਤ ਵਿਭਾਗਾਂ ਵਲੋਂ ਟਿੱਪਰ ਮਾਲਕਾਂ ਨਾਲ 7 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਮਹੀਨਾ ਪ੍ਰਤੀ ਟਿੱਪਰ ਦੀ ਸੈਟਿੰਗ ਕੀਤੀ ਗਈ ਹੈ। ਜਿਸ ਵਿਚ ਇਲਾਕੇ ਨਾਲ ਸਬੰਧਤ ਪੁਲਿਸ ਵੀ ਸ਼ਾਮਲ ਹੈ। ਇਲਾਕੇ ਅੰਦਰ ਲਗਭਗ ਪੰਜ ਕੰਪਨੀਆਂ ਦੇ ਟਿੱਪਰ ਮਿੱਟੀ ਢੋਣ ਦਾ ਕੰਮ ਕਰਦੇ ਹਨ ਜਿਨਾਂ 'ਚੋਂ ਅੱਧੇ ਸਰਕਾਰੀ ਠੇਕੇਦਾਰੀ ਕਰਦੇ ਹਨ। ਟਰੈਫਿਕ ਪੁਲਿਸ ਮੁਲਾਜ਼ਮਾਂ ਦੇ ਦੱਸਣ ਮੁਤਾਬਕ ਉਨਾਂ ਕਈ ਟਿੱਪਰ ਚਾਲਕਾਂ ਤੋਂ ਰੋਕ ਕੇ ਕਾਗਜ਼ਾਂ ਦੀ ਮੰਗ ਕੀਤੀ ਗਈ। ਮੁਲਾਜਮਾਂ ਦਾ ਕਹਿਣਾ ਸੀ ਕਿ ਟਿੱਪਰ ਡਰਾਈਵਰਾਂ ਨੇ ਕਿਹਾ ਕਿ ਉਹ ਸਾਬਕਾ ਵਿਧਾਇਕ ਦੀ ਮਿੱਟੀ ਲੈ ਕੇ ਜਾ ਰਿਹਾ ਹੈ ਸਾਡੇ ਕੋਲ ਕੋਈ ਵੀ ਕਾਗਜ ਨਹੀਂ ਹੈ। ਜਦੋ ਉਸ ਸਾਬਕਾ ਵਿਧਾਇਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਰੇਤਾ ਅਤੇ ਬੱਜਰੀ ਨਾਲ ਲੱਦੇ ਟਿੱਪਰ ਸਵੇਰੇ ਸਵੇਰੇ ਹੀ ਛਾਉਣੀ ਇਲਾਕੇ 'ਚੋਂ ਲੰਘ ਜਾਂਦੇ ਹਨ। ਪਰ ਮਿੱਟੀ ਨਾਲ ਲੱਦਿਆ ਟਿੱਪਰ ਹਰ ਪੰਜ ਮਿੰਟ ਬਾਅਦ ਇਲਾਕੇ ਦੀ ਸੜਕ 'ਤੇ ਦੇਖਿਆ ਜਾ ਸਕਦਾ ਹੈ। ਬਹੁਤੇ ਮਿੱਟੀ ਢੋਅ ਰਹੇ ਟਿੱਪਰਾਂ ਦੇ ਮੂਹਰਲੇ ਸ਼ੀਸ਼ੀਆਂ ਉਪਰ ਸੜਕੀ ਕੰਪਨੀ ਨਾਲ ਹੋਏ ਕੰਟਰੈਕਟ ਦੀਆਂ ਕਾਪੀਆਂ ਚਿਪਕਾ ਕੇ ਡੰਗ ਟਪਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਨ 'ਤੇ ਡੀਸੀਪੀ ਟਰੈਫਿਕ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਟਰੈਫਿਕ ਪੁਲਿਸ ਸਮੇ-ਸਮੇ 'ਤੇ ਓਵਰਲੋਡ ਵਾਹਨਾਂ 'ਤੇ ਕਾਰਵਾਈ ਕਰਦੀ ਰਹਿੰਦੀ ਹੈ। ਛਾਉਣੀ ਇਲਾਕੇ ਵਿਚ ਟਰੈਫਿਕ ਪੁਲਿਸ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਕਾਰਵਾਈ ਕੀਤੀ ਜਾਵੇਗੀ। ਵਾਰ-ਵਾਰ ਸੰਪਰਕ ਕਰਨ ਤੇ ਆਰਟੀਏ ਦੇ ਅਧਿਕਾਰੀਆਂ ਨਾਲ ਸੰਪਰਕ ਨਹੀ ਹੋ ਸਕਿਆ।

-- ਵਿਧਾਇਕ ਦਾ ਡਰੀਮ ਪ੍ਰਰਾਜੈਕਟ ਵੀ ਧਸਿਆ

ਹਲਕਾ ਵਿਧਾਇਕ ਪਰਗਟ ਸਿੰਘ ਦਾ ਡਰੀਮ ਪ੍ਰਰਾਜੈਕਟ ਕਹੀ ਜਾਣ ਵਾਲੀ ਜੀਟੀ ਰੋਡ ਤੋਂ ਜਮਸ਼ੇਰ ਤੱਕ ਬਣੀ ਸੜਕ ਵੀ ਓਵਰ ਲੋਡ ਟਿੱਪਰਾਂ ਦੀ ਭੇਟ ਚੜ ਗਈ ਹੈ। ਭਾਰੀ ਟਿੱਪਰਾਂ ਨਾਲ ਸੜਕ ਧਸ ਕੇ ਏਨੀ ਉੱਚੀ ਨੀਵੀ ਹੋ ਗਈ ਸੜਕ 'ਤੇ ਸਫਰ ਕਰਦੇ ਹੋਏ ਪੀਂਘ ਦਾ ਨਜ਼ਾਰਾ ਲਿਆ ਜਾ ਸਕਦਾ ਹੈ। ਇਹ ਸੜਕ ਹਲਕਾ ਵਿਧਾਇਕ ਪਰਗਟ ਸਿੰਘ ਦੀ ਅਣਥੱਕ ਕੋਸ਼ਿਸ਼ ਨਾਲ 28 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ।

ਵੱਡੇ ਆਕਾ ਦਾ ਅਸ਼ੀਰਵਾਦ ਪ੍ਰਰਾਪਤ ਹੈ ਟਿੱਪਰ ਮਾਲਕਾਂ ਨੂੰ

ਜਾਣਕਾਰੀ ਅਨੁਸਾਰ ਫਿਲੌਰ ਤਹਿਸੀਲ ਨਾਲ ਸਬੰਧਤ ਟਿੱਪਰ ਮਾਫੀਆ ਨੂੰ ਇਕ ਵੱਡੇ ਆਕਾ ਦਾ ਅਸ਼ੀਰਵਾਦ ਪ੍ਰਰਾਪਤ ਹੈ। ਹਲਕਾ ਵਿਧਾਇਕ ਵਲੋਂ ਕਈ ਵਾਰ ਓਵਰਲੋਡ ਟਿੱਪਰਾਂ 'ਤੇ ਕਾਰਵਾਈ ਕਰਨ ਲਈ ਵਿਭਾਗੀ ਅਫਸਰਾਂ 'ਤੇ ਜੋਰ ਪਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਕੰਮ ਦੀ ਆੜ ਵਿੱਚ ਮਿੱਟੀ ਦੂਸਰੇ ਜ਼ਿਲਿਆਂ ਨੂੰ ਢੋਈ ਜਾ ਰਹੀ ਹੈ। ਵੱਡੇ ਸਿਆਸੀ ਆਗੂਆਂ ਦੇ ਖਾਸਮ ਖਾਸ ਠੇਕੇਦਾਰ ਮੋਟੀ ਕਮਾਈ ਨਾਲ ਹੱਥ ਰੰਗ ਰਹੇ ਹਨ।