ਤਰਸ ਖਾ ਕੇ ਪਰਵਾਸੀ ਮਜ਼ਦੂਰ ਨੂੰ ਖੇਤਾਂ 'ਚ ਦੇ'ਤਾ ਕਮਰਾ, ਮਗਰੋਂ ਕਰ'ਤਾ ਵੱਡਾ ਕਾਂਡ ਤੇ ਬੱਚੇ ਲੈ ਕੇ ਹੋਇਆ ਫ਼ਰਾਰ
ਠੰਢ ਦਾ ਮੌਸਮ ਹੋਣ ਕਰਕੇ ਤਰਸ ਦੇ ਆਧਾਰ ‘ਤੇ ਖੇਤ ‘ਚ ਬਣੇ ਇਕ ਕਮਰਾ ਪਰਵਾਸੀ ਪਰਿਵਾਰ ਨੂੰ ਦੇ ਦਿੱਤਾ ਅਤੇ ਨਾਲ ਹੀ ਰਜਾਈ ਤੇ ਹੋਰ ਸਾਮਾਨ ਵੀ ਮੁਹੱਈਆ ਕਰਵਾਇਆ। ਜਰਨੈਲ ਸਿੰਘ ਨੇ ਦੱਸਿਆ ਕਿ 6 ਦਸੰਬਰ ਨੂੰ ਸਵੇਰੇ 8 ਵਜੇ ਉਹ ਖੂਹ ‘ਤੇ ਗੇੜਾ ਮਾਰਨ ਗਏ ਤਾਂ ਦੇਖਿਆ ਕਿ ਕਮਰੇ ਵਿਚ ਪਰਵਾਸੀ ਔਰਤ ਦੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਉਸਦੀ ਮੌਤ ਹੋ ਚੁੱਕੀ ਸੀ।
Publish Date: Sun, 07 Dec 2025 11:08 AM (IST)
Updated Date: Sun, 07 Dec 2025 11:53 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨੇੜਲੇ ਪਿੰਡ ਕੋਟਲੀ ਗਾਜਰਾਂ ਵਿਖੇ ਪਰਵਾਸੀ ਮਜ਼ਦੂਰ ਵੱਲੋਂ ਆਪਣੀ ਪਤਨੀ ਦਾ ਲੜਾਈ ਝਗੜੇ ਉਪਰੰਤ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਜਰਨੈਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋਟਲੀ ਗਾਜਰਾਂ ਨੇ ਦੱਸਿਆ ਕਿ ਉਹ ਪੁਲਿਸ ‘ਚੋਂ ਰਿਟਾਇਰ ਹੋਏ ਹਨ। ਉਨ੍ਹਾਂ ਦੀ ਜ਼ਮੀਨ ਕੋਟਲੀ ਗਾਜਰਾਂ ਤੋਂ ਡੱਬਰੀ ਰੋਡ ‘ਤੇ ਹੈ। 4 ਦਸੰਬਰ ਨੂੰ ਸ਼ਾਮ ਸਮੇਂ ਉਹ ਖੇਤਾਂ ਵੱਲ ਗੇੜਾ ਮਾਰਨ ਗਏ ਤਾਂ ਉਨ੍ਹਾਂ ਨੂੰ ਇਕ ਪਰਵਾਸੀ ਮਜ਼ਦੂਰ ਮਿਲਿਆ, ਜਿਸ ਨਾਲ ਉਸਦੀ ਪਤਨੀ ਤੇ ਦੋ ਨਿੱਕੇ ਬੱਚੇ ਵੀ ਸਨ। ਉਹ ਆਪਸ ਵਿਚ ਲੜਾਈ ਝਗੜਾ ਕਰ ਰਹੇ ਸਨ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ। ਠੰਢ ਦਾ ਮੌਸਮ ਹੋਣ ਕਰਕੇ ਤਰਸ ਦੇ ਆਧਾਰ ‘ਤੇ ਖੇਤ ‘ਚ ਬਣੇ ਇਕ ਕਮਰਾ ਪਰਵਾਸੀ ਪਰਿਵਾਰ ਨੂੰ ਦੇ ਦਿੱਤਾ ਅਤੇ ਨਾਲ ਹੀ ਰਜਾਈ ਤੇ ਹੋਰ ਸਾਮਾਨ ਵੀ ਮੁਹੱਈਆ ਕਰਵਾਇਆ। ਜਰਨੈਲ ਸਿੰਘ ਨੇ ਦੱਸਿਆ ਕਿ 6 ਦਸੰਬਰ ਨੂੰ ਸਵੇਰੇ 8 ਵਜੇ ਉਹ ਖੂਹ ‘ਤੇ ਗੇੜਾ ਮਾਰਨ ਗਏ ਤਾਂ ਦੇਖਿਆ ਕਿ ਕਮਰੇ ਵਿਚ ਪਰਵਾਸੀ ਔਰਤ ਦੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਉਸਦੀ ਮੌਤ ਹੋ ਚੁੱਕੀ ਸੀ। ਪਰਵਾਸੀ ਮਜ਼ਦੂਰ ਆਪਣੇ ਬੱਚਿਆਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਡੀਐੱਸਪੀ ਸੁਖਪਾਲ ਸਿੰਘ ਤੇ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਪਰਵਾਸੀ ਮਜ਼ਦੂਰ ਮੁੰਨਾ ਪੁੱਤਰ ਰਾਧੇ ਕਾਮਤੀ ਵਾਸੀ ਸੁਰਮਾਹਾ, ਕਿਸ਼ਨਪੁਰ ਸਦਰ, ਸਹਰਸਾ (ਬਿਹਾਰ) ਖਿਲਾਫ ਬੀਐੱਨਐੱਸ ਦੀ ਧਾਰਾ 103 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।