ਮਨੀਸ਼ ਸ਼ਰਮਾ, ਜਲੰਧਰ

ਸ਼ਹਿਰ ਵਿਚ ਦਮ ਤੋੜ ਰਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡੈਪੋ ਮੁਹਿੰਮ 'ਤੇ ਆਖ਼ਰਕਾਰ ਕਮਿਸ਼ਨਰੇਟ ਪੁਲਿਸ ਦੀ ਨੀਂਦ ਟੁੱਟ ਗਈ ਹੈ। ਮੁੱਖ ਮੰਤਰੀ ਦਫਤਰ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਡੈਪੋ ਮੁਹਿੰਮ ਠੱਪ ਹੋਣ ਤੋਂ ਨਾਰਾਜ਼ ਮੁੱਖ ਮੰਤਰੀ ਨੇ ਪਹਿਲਾਂ ਡੀਜੀਪੀ ਤੇ ਏਡੀਜੀਪੀ ਪੱਧਰ ਦੇ ਅਫਸਰਾਂ ਦੀ ਏਡੀਜੀਪੀ ਗੁਰਪ੍ਰਰੀਤ ਕੌਰ ਦਿਓ ਨੇ ਮੁਹਿੰਮ ਠੰਢੀ ਪੈਣ 'ਤੇ ਨਾਰਾਜ਼ਗੀ ਪ੍ਰਗਟਾਈ। ਇਸ ਤੋਂ ਬਾਅਦ ਹੁਣ ਕਮਿਸ਼ਨਰੇਟ ਪੁਲਿਸ ਨੇ ਨਸ਼ੇ ਖ਼ਿਲਾਫ ਹੱਲਾ ਬੋਲ ਦਿੱਤਾ ਹੈ। ਪਹਿਲਾਂ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਭੁੱਲਰ ਨੇ ਸਾਰੇ ਥਾਣਿਆਂ ਦੇ ਐੱਸਐੱਚਓਜ਼ ਦੀ ਕਲਾਸ ਲਈ ਅਤੇ ਉਨ੍ਹਾਂ ਨੂੰ ਡੈਪੋ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਕਾਮਯਾਬ ਕਰਨ ਦੀ ਹਦਾਇਤ ਦਿੱਤੀ। ਉਥੇ ਐਤਵਾਰ ਨੂੰ ਕੁੱਲ 40-45 ਹਾਰਡ ਕੋਰ ਤਸਕਰਾਂ ਨੂੰ ਫੜਨ ਦਾ ਫਰਮਾਨ ਜਾਰੀ ਕਰ ਦਿੱਤਾ। ਇਕ ਤਸਕਰ ਨੂੰ ਫੜਨ ਲਈ ਇਕ ਅਫਸਰ ਦੀ ਡਿਊਟੀ ਲਾਗ ਦਿੱਤੀ ਗਈ ਹੈ ਅਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਹੋਵੇ, ਇਸ ਦੇ ਲਈ ਉਨ੍ਹਾਂ ਦੀ ਨਸ਼ਾ ਤਸਕਰਾਂ ਨੂੰ ਫੜਨ ਵਿਚ ਕਾਮਯਾਬੀ ਤੇ ਨਾਕਾਮਯਾਬੀ ਨੂੰ ਏਸੀਆਰ ਵਿਚ ਵੀ ਦਰਜ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਥੇ ਡੈਪੋ ਮੁਹਿੰਮ ਦੇ ਨਵੇਂ ਸਿਰੇ ਤੋਂ ਸੈਮੀਨਾਰ ਲਈ ਪੁਲਿਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਅੱਜ ਤੋਂ ਖੁਦ ਮੈਦਾਨ ਵਿਚ ਉਤਰ ਰਹੇ ਹਨ।

ਇਕ ਅਫਸਰ-ਇਕ ਨਸ਼ਾ ਤਸਕਰ ਮੁਹਿੰਮ ਦੀ ਸ਼ੁਰੂਆਤ

ਪੁਲਿਸ ਕਮਿਸ਼ਨਰ ਨੇ ਨਸ਼ਾ ਤਸਕਰਾਂ ਖ਼ਿਲਾਫ਼ 'ਇਕ ਅਫਸਰ-ਇਕ ਨਸ਼ਾ ਤਸਕਰ' ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ 'ਚੇ 45 ਵੱਡੇ ਨਸ਼ਾ ਤਸਕਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਏਸੀਪੀ ਤੋਂ ਲੈ ਕੇ ਡੀਸੀਪੀ ਤਕ 29 ਗਜ਼ਟਿਡ ਅਫਸਰਾਂ ਸਮੇਤ ਕੁੱਲ 45 ਅਫਸਰਾਂ ਨੂੰ ਇਕ-ਇਕ ਤਸਕਰ ਦੇ ਪਿੱਛੇ ਲਗਾਇਆ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰਰੀਤ ਭੁੱਲਰ ਨੇ ਕਿਹਾ ਕਿ ਇਕ ਅਫਸਰ ਨੂੰ ਇਕ ਤਸਕਰ ਅਲਾਟ ਕੀਤਾ ਗਿਆ ਹੈ। ਜੇ ਉਨ੍ਹਾਂ ਤਸਕਰਾਂ 'ਤੇ ਕਾਰਵਾਈ ਨਾ ਹੋਈ ਤਾਂ ਅਫਸਰਾਂ ਦੀ ਜਵਾਬਦੇਹੀ ਤੈਅ ਹੋਵੇਗੀ ਅਤੇ ਉਨ੍ਹਾਂ ਦੀ ਤਰੱਕੀ ਤੇ ਇੰਕਰੀਮੈਂਟ ਵਾਲੀ ਏਸੀਆਰ ਵਿਚ ਵੀ ਇਸ ਨੂੰ ਦਰਜ ਕੀਤਾ ਜਾਵੇਗਾ। ਇਸ ਵਿਚ ਭਗੌੜੇ ਅਤੇ ਪੈਰੋਲ ਜੰਪ ਕਰ ਕੇ ਭੱਜੇ ਤਸਕਰ ਵੀ ਸ਼ਾਮਲ ਹਨ।

50 ਫੀਸਦੀ ਤਸਕਰ ਪਹਿਲਾਂ ਹੀ ਜੇਲ੍ਹਾਂ 'ਚ

ਜਿਨ੍ਹਾਂ 45 ਤਸਕਰਾਂ ਦੀ ਲਿਸਟ ਬਣਾ ਕੇ ਇਕ-ਇਕ ਅਫਸਰ ਨੂੰ ਵੰਡਿਆ ਗਿਆ ਹੈ, ਉਨ੍ਹਾਂ ਵਿਚੋਂ 50 ਫੀਸਦੀ ਪਹਿਲਾਂ ਹੀ ਜੇਲ੍ਹਾਂ ਵਿਚ ਹਨ। ਹਾਲਾਂਕਿ ਇਸ ਲਿਸਟ ਨਾਲ ਸਬੰਧਤ ਇਕ ਅਧਿਕਾਰੀ ਨੇ ਦੱਸਿਆ ਕਿ ਸਿਰਫ ਤਸਕਰਾਂ ਨੂੰ ਗਿ੍ਫਤਾਰ ਹੀ ਨਹੀਂ ਕਰਨਾ ਹੈ ਬਲਕਿ ਉਨ੍ਹਾਂ ਦੀ ਗਤੀਵਿਧੀ 'ਤੇ ਵੀ ਨਿਗਰਾਨੀ ਰੱਖਣੀ ਹੈ। ਉਹ ਜੇਲ੍ਹ ਵਿਚ ਹੈ ਤਾਂ ਕਿਸ-ਕਿਸ ਨੂੰ ਮਿਲ ਰਿਹਾ ਹੈ ਅਤੇ ਜੇ ਜ਼ਮਾਨਤ 'ਤੇ ਬਾਹਰ ਹੈ ਤਾਂ ਫਿਰ ਅੱਗੇ ਕੀ ਕਰ ਰਿਹਾ ਹੈ? ਇਹ ਸਾਰੇ 45 ਤਸਕਰਾਂ ਖ਼ਿਲਾਫ਼ ਇਕ ਤੋਂ ਵੱਧ ਕੇਸ ਦਰਜ ਹਨ ਜਾਂ ਫਿਰ ਉਨ੍ਹਾਂ ਤੋਂ ਨਸ਼ੇ ਦੀ ਵੱਡੀ ਖੇਪ ਫੜੀ ਗਈ ਹੈ। ਉਨ੍ਹਾਂ ਦੇ ਨਜ਼ਦੀਕੀਆਂ 'ਤੇ ਵੀ ਅਧਿਕਾਰੀ ਨਜ਼ਰ ਰੱਖਣਗੇ।

ਡੀਸੀ-ਸੀਪੀ ਅੱਜ ਉਤਰਨਗੇ ਫੀਲਡ 'ਚ

ਲੰਬੇ ਅਰਸੇ ਤੋਂ ਠੰਢੀ ਪਈ ਡੈਪੋ ਮੁਹਿੰਮ ਨੂੰ ਫਿਰ ਤੋਂ ਜ਼ਮੀਨੀ ਪੱਧਰ 'ਤੇ ਸਰਗਰਮ ਕਰਨ ਲਈ ਹਾਲੇ ਤਕ ਐੱਸਐੱਚਓਜ਼ 'ਤੇ ਨਿਰਭਰ ਅਫਸਰ ਹੁਣ ਖੁਦ ਫੀਲਡ 'ਚ ਉਤਰਨਗੇ। ਸੋਮਵਾਰ ਨੂੰ ਜੀਟੀਬੀ ਨਗਰ ਸਥਿਤ ਗੁਰਦੁਆਰੇ 'ਚ ਡਰੱਗ ਐਬਿਊਜ਼ ਅਫਸਰ (ਡੈਪੋ) 'ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਭੁੱਲਰ ਵੀ ਸ਼ਾਮਲ ਹੋਣਗੇ।

ਸਭ ਕੁਝ 26 ਜੂਨ ਤਕ ਜਾਂ ਅੱਗੇ ਵੀ ?

ਪੁਲਿਸ ਮਹਿਕਮੇ ਦੇ ਅੰਦਰ ਜ਼ਿਆਦਾਤਰ ਅਫਸਰ ਇਹੀ ਕਹਿ ਰਹੇ ਹਨ ਕਿ 26 ਜੂਨ ਨੂੰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਹੈ। ਹਰ ਸ਼ਹਿਰ ਤੇ ਜ਼ਿਲ੍ਹੇ ਵਿਚ ਇਸ ਨੂੰ ਮਨਾਇਆ ਜਾਣਾ ਹੈ। ਉਸ ਦਿਨ ਸੰਭਵ ਤੌਰ 'ਤੇ ਮੁੱਖ ਮੰਤਰੀ ਵੀ ਕਿਸੇ ਸਮਾਗਮ ਵਿਚ ਸ਼ਾਮਲ ਹੋ ਕੇ ਨਸ਼ਾ ਵਿਰੋਧੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਦੇਣਗੇ। ਵੱਡਾ ਸਵਾਲ ਇਹ ਹੈ ਕਿ ਇਹ ਮੁਹਿੰਮ ਸਿਰਫ 26 ਜੂਨ ਤਕ ਹੀ ਸੀਮਤ ਰਹੇਗੀ ਜਾਂ ਫਿਰ ਅਫਸਰ ਅੱਗੇ ਵੀ ਇਸ ਨੂੰ ਗੰਭੀਰਤਾ ਨਾਲ ਚਲਾ ਕੇ ਮੁੱਖ ਮੰਤਰੀ ਦੇ ਪੰਜਾਬ ਤੋਂ ਨਸ਼ਾ ਖਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਵਿਚ ਯੋਗਦਾਨ ਦੇਣਗੇ।

ਸ਼ਹਿਰੀ ਪੁਲਿਸ ਨੇ ਦਿੱਤਾ ਰਿਪੋਰਟ ਕਾਰਡ

ਸ਼ਹਿਰ ਵਿਚ ਡੈਪੋ ਮੁਹਿੰਮ ਦੇ ਦਮ ਤੋੜਨ ਦੀ ਸੱਚਾਈ ਉਜਾਗਰ ਹੋਣ ਤੋਂ ਬਾਅਦ ਐਤਵਾਰ ਨੂੰ ਪੁਲਿਸ ਕਮਿਸ਼ਨਰ ਨੇ ਕਾਰਵਾਈ ਦਾ ਰਿਪੋਰਟ ਕਾਰਡ ਵੀ ਜਾਰੀ ਕੀਤਾ ਜਿਸ ਵਿਚ ਦੱਸਿਆ ਗਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਨਸ਼ਾ ਤਸਕਰਾਂ ਦੇ ਖ਼ਿਲਾਫ਼ 102 ਕੇਸ ਦਰਜ ਕਰ ਕੇ 135 ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਤੋਂ ਢਾਈ ਕਿੱਲੋ ਹੈਰੋਇਨ, ਸਾਢੇ 16 ਕਿੱਲੋ ਅਫੀਮ, 676 ਗਰਾਮ ਨਸ਼ੀਲਾ ਪਾਊਡਰ, 3.87 ਕੁਇੰਟਲ ਭੁੱਕੀ, ਡੇਢ ਸੌ ਗਰਾਮ ਸਮੈਕ, ਸਾਢੇ ਅੱਠ ਕਿੱਲੋ ਗਾਂਜਾ, 145 ਗਰਾਮ ਚਰਸ ਤੇ ਮੈਡੀਕਲ ਨਸ਼ਾ ਬਰਾਮਦ ਕੀਤਾ ਜਾ ਚੁੱਕਾ ਹੈ।