ਜਾਗਰਣ ਟੀਮ, ਜਲੰਧਰ/ਲੁਧਿਆਣਾ/ਅਬੋਹਰ : ਯੂਪੀ ਤੇ ਬਿਹਾਰ ਦੇ ਲੋਕਾਂ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ’ਚ ਰੋਸ ਵਧਦਾ ਜਾ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਸੰਘਰਸ਼ ਕਰ ਰਹੇ ਯੂਪੀ-ਬਿਹਾਰ ਦੇ ਲੋਕਾਂ ਨੇ ਸ਼ੁੱਕਰਵਾਰ ਨੂੰ ਜਲੰਧਰ, ਲੁਧਿਆਣਾ ਤੇ ਅਬੋਹਰ ’ਚ ਮੁਜ਼ਾਹਰੇ ਕਰ ਕੇ ਚੰਨੀ ਦਾ ਪੁਤਲਾ ਫੂਕਿਆ। ਗੁੱਸੇ ’ਚ ਆਏ ਲੋਕਾਂ ਨੇ ਕਾਂਗਰਸ ਦੇ ਬਾਈਕਾਟ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤਕ ਚੰਨੀ ਮਾਫ਼ੀ ਨਹੀਂਂ ਮੰਗਦੇ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ।

ਜਲੰਧਰ ’ਚ ਮਿਥਿਆਂਚਲ ਛੱਠ ਪੂਜਾ ਕਮੇਟੀ ਦੇ ਸਹਿਯੋਗ ਨਾਲ ਅਮਰੀਕ ਨਗਰ ਤੋਂ ਪੈਦਲ ਰੋਸ ਮਾਰਚ ਕੱਢਿਆ ਗਿਆ ਜਿਸ ’ਚ ਜ਼ਿਲ੍ਹੇ ਭਰ ’ਚ ਕੰਮ ਕਰ ਰਹੇ ਯੂਪੀ ਤੇ ਬਿਹਾਰ ਦੇ ਲੋਕ ਸ਼ਾਮਲ ਹੋਏ। ਕਮੇਟੀ ਦੇ ਪ੍ਰਧਾਨ ਨਵੀਨ ਝਾਅ ਤੇ ਜਨਾਰਦਨ ਝਾਅ ਨੇ ਕਿਹਾ ਕਿ ਚੰਨੀ ਦੀ ਇਤਰਾਜ਼ਯੋਗ ਟਿੱਪਣੀ ਦਾ ਜਵਾਬ ਚੋਣਾਂ ਵਾਲੇ ਦਿਨ ਦਿੱਤਾ ਜਾਵੇਗਾ।

ਉੱਧਰ, ਲੰਮਾ ਪਿੰਡ ਚੌਕ ’ਚ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਦੀ ਪ੍ਰਧਾਨਗੀ ’ਚ ਵੀ ਯੂਪੀ ਦੇ ਲੋਕਾਂ ਨੇ ਮੁੱਖ ਮੰਤਰੀ ਖ਼ਿਲਾਫ਼ ਮੁਜ਼ਾਹਰਾ ਕੀਤਾ ਤੇ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ। ਸ਼ਰਮਾ ਨੇ ਕਿਹਾ ਕਿ ਯੂਪੀ-ਬਿਹਾਰ ਦੇ ਲੋਕ ਪੰਜਾਬ ਦੇ ਅਟੁੱਟ ਅੰਗ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਬਿਨਾਂ ਸੂਬੇ ਦੇ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਨੇ ਇਤਰਾਜ਼ਯੋਗ ਟਿੱਪਣੀ ਕਰ ਕੇ ਸੌੜੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਅਬੋਹਰ ’ਚ ਬ੍ਰਾਹਮਣ ਸਮਾਜ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਵਧਵਾ ਤੇ ਪਰਵਾਸੀ ਯੁਵਾ ਸੰਘ ਦੇ ਰਘੂਵੀਰ ਨੇ ਚੰਨੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ। ਇਨ੍ਹਾਂ ਨੇ ਕਾਂਗਰਸ ਦੇ ਬਾਈਕਾਟ ਦਾ ਐਲਾਨ ਵੀ ਕੀਤਾ ਹੈ।

ਪੂਰਵਾਂਚਲ ਸਮਾਜ ਨੇ ਕਿਹਾ, ਚੰਨੀ ਮਾਫ਼ੀ ਮੰਗੇ

ਲੁਧਿਆਣੇ ’ਚ ਪੂਰਵਾਂਚਲ ਸਮਾਜ ਦੇ ਲੋਕਾਂ ਨੇ ਚੰਨੀ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ। ਪੂਰਵਾਂਚਲੀਆਂ ਨੇ ਕਿਹਾ ਕਿ ਚੰਨੀ ਮਾਫ਼ੀ ਮੰਗਣ ਨਹੀਂ ਤਾਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮੌਜੂਦ ਰਜਿੰਦਰ ਅਹਿਰਵਾਰ, ਦੁਰਜਨ ਅਹਿਰਵਾਰ, ਰਾਜ ਕੁਮਾਰ, ਬਬਲੂ ਅਹਿਰਵਾਰ, ਰਵੀ, ਅਮਿਤ, ਸ਼ਤਰੂ, ਸੁਰੇਸ਼ ਤੇ ਵਿਨੋਦ ਕੁਮਾਰ ਨੇ ਕਿਹਾ ਕਿ ਯੂਪੀ ਤੇ ਬਿਹਾਰ ਦੇ ਲੋਕ ਚੋਣਾਂ ’ਚ ਚੰਨੀ ਨੂੰ ਸਬਕ ਸਿਖਾਉਣਗੇ। ਅੰਮ੍ਰਿਤਸਰ ’ਚ ਵੀ ਫੋਕਲ ਪੁਆਇੰਟ ਮਜ਼ਦੂਰ ਭਾਈਚਾਰੇ ਤੇ ਪਰਵਾਸੀ ਮਜ਼ਦੂਰ ਜਥੇਬੰਦੀਆਂ ਨੇ ਚੰਨੀ ਦੇ ਬਿਆਨ ਦੀ ਨਿੰਦਾ ਕੀਤੀ। ਗ਼ਰੀਬ ਜਨਕ੍ਰਾਂਤੀ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸ਼ਾਹ ਦੀ ਅਗਵਾਈ ’ਚ ਵੀ ਮੁਜ਼ਾਹਰਾ ਕਰ ਕੇ ਚੰਨੀ ਦਾ ਵਿਰੋਧ ਕੀਤਾ ਗਿਆ।

Posted By: Tejinder Thind