ਮਨੋਜ ਤ੍ਰਿਪਾਠੀ, ਜਲੰਧਰ : ਸ਼ਨਿਚਰਵਾਰ ਨੂੰ ਜਿਸ ਸਮੇਂ ਪੁਲਿਸ ਅੰਮ੍ਰਿਤਪਾਲ ਦੀ ਮਰਸਡੀਜ਼ ਦਾ ਪਿੱਛਾ ਕਰ ਰਹੀ ਸੀ, ਉਸ ਨੂੰ ਮਹਿਤਪੁਰ ’ਚ ਲੱਭ ਰਹੀ ਸੀ, ਉਸ ਸਮੇਂ ਅੰਮ੍ਰਿਤਪਾਲ ਸ਼ਾਹਕੋਟ-ਮੋਗਾ ਹਾਈਵੇ ’ਤੇ ਬਾਜਵਾ ਕਲਾਂ ਪਿੰਡ ਨੇੜੇ ਬਣੇ ਫਲਾਈਓਵਰ ਦੇ ਥੱਲਿਓਂ ਮਰਸਡੀਜ਼ ਛੱਡ ਕੇ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਦੀ ਬ੍ਰੇਜਾ ਕਾਰ ’ਚ ਬੈਠ ਕੇ ਪੁਲਿਸ ਤੋਂ ਬਚ ਕੇ ਭੱਜ ਗਿਆ ਸੀ। ਉਥੋਂ ਉਸ ਨੂੰ ਪਿੰਡ ਦੇ ਹੀ ਮਨਪ੍ਰੀਤ ਨਾਮਕ ਨੌਜਵਾਨ ਨੇ ਚੋਰ ਰਸਤਿਆਂ ਰਾਹੀਂ ਦਾਦੋਵਾਲ ਪਿੰਡ ਤਕ ਪਹੁੰਚਾਇਆ ਸੀ। ਉਥੋਂ ਦੇ ਨਸ਼ਾਮੁਕਤ ਕੇਂਦਰ ’ਚ ਅੰਮ੍ਰਿਤਪਾਲ ਨੇ ਜਾ ਕੇ ਨੌਜਵਾਨਾਂ ਤੋਂ ਕੱਪੜਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਉਸ ਨੂੰ ਉਥੋਂ ਭਜਾ ਦਿੱਤਾ। ਇਸ ਤੋਂ ਬਾਅਦ ਮਨਪ੍ਰੀਤ ਉਸ ਨੂੰ ਉਥੋਂ ਨੰਗਲ ਅੰਬੀਆ ਪਿੰਡ ਵਿਚ ਬਣੇ ਗੁਰਦੁਆਰੇ ਲੈ ਕੇ ਪੁੱਜਾ। ਇਸੇ ਗੁਰਦੁਆਰੇ ਵਿਚ ਹਥਿਆਰਾਂ ਦੇ ਜ਼ੋਰ ’ਤੇ ਅੰਮ੍ਰਿਤਪਾਲ ਨੇ ਇਕ ਘੰਟਾ ਗੁਜ਼ਾਰਿਆ।

ਗੁਰਦੁਆਰੇ ’ਚੋਂ ਨਿਕਲਣ ਤੋਂ ਬਾਅਦ ਅੰਮ੍ਰਿਤਪਾਲ ਨੂੰ ਬਾਈਕ ’ਤੇ ਲੈਣ ਆਏ ਦੋ ਨੌਜਵਾਨ ਨੰਗਲ ਅੰਬੀਆ ਦੇ ਸਮਾਰਕ ਨੇੜੇ ਬ੍ਰੇਜਾ ਕਾਰ ਤੋਂ ਬਾਈਕ ’ਤੇ ਬਿਠਾ ਕੇ ਉਥੋਂ ਨਿਕਲ ਗਏ। ਪੁਲਿਸ ਦੇ ਘਟਨਾ ਦੇ 72 ਘੰਟੇ ਬਾਅਦ ਹੱਥ ਅੰਮ੍ਰਿਤਪਾਲ ਦੀ ਸੀਸੀਟੀਵੀ ਫੁਟੇਜ ਤੋਂ ਬਾਅਦ ਪੁਲਿਸ ਦੀ ਜਾਂਚ ਹੁਣ ਫਿਰੋਜ਼ਪੁਰ ਵੱਲ ਮੁੜ ਗਈ ਹੈ। ਨੰਗਲ ਅੰਬੀਆ ਪਿੰਡੋਂ ਇਹ ਸੜਕ ਫਿਰੋਜ਼ਪੁਰ ਅਤੇ ਮੋਗਾ ਦੋਵਾਂ ਰਸਤਿਆਂ ’ਤੇ ਜਾ ਕੇ ਮਿਲਦੀ ਹੈ। ਉਥੋਂ ਬਠਿੰਡਾ ਜਾਂ ਰਾਜਸਥਾਨ ਵੀ ਨਿਕਲਿਆ ਜਾ ਸਕਦਾ ਹੈ।

ਪੁਲਿਸ 72 ਘੰਟਿਆਂ ਤਕ ਅੰਮ੍ਰਿਤਪਾਲ ਦੀ ਤਲਾਸ਼ ਸੜਕ ਦੇ ਦੂਸਰੇ ਪਾਸੇ ਕਰਦੀ ਰਹੀ, ਪਰ ਅੰਮ੍ਰਿਤਪਾਲ ਸੜਕ ਦੀ ਨੰਗਲ ਅੰਬੀਆ ਪਿੰਡ ਵਾਲੀ ਸਾਈਡ ’ਤੇ ਪੁਲਿਸ ਦੇ ਚੁੰਗਲ ਤੋਂ ਬਚਣ ਤੋਂ ਬਾਅਦ ਇਕ ਘੰਟੇ ਤਕ ਰੁਕ ਕੇ ਭੱਜਣ ਦੀ ਅਗਲੀ ਰਣਨੀਤੀ ਬਣਾਉਂਦਾ ਰਿਹਾ। ਨੰਗਲ ਅੰਬੀਆ ਗੁਰਦੁਆਰੇ ਤੋਂ ਭੱਜਣ ਤੋਂ ਬਾਅਦ ਅੰਮ੍ਰਿਤਪਾਲ ਦੇ ਸਾਰੇ ਸਾਥੀ ਵੱਖ-ਵੱਖ ਦਿਸ਼ਾ ’ਚ ਬਾਈਕ ’ਤੇ ਨਿਕਲ ਗਏ। ਪਿੰਡ ਵਿਚ ਹੀ ਇਕ ਘਰ ’ਚ ਬ੍ਰੇਜਾ ਕਾਰ ਨੂੰ ਲੁਕੋ ਦਿੱਤਾ ਗਿਆ। ਬ੍ਰੇਜਾ ਕਾਰ ਨੰਬਰ ਪੀਬੀ 02 ਈਈ 3343 ਨੰਬਰ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਦੇ ਨਾਂ ’ਤੇ ਰਜਿਸਟਰਡ ਹੈ। ਪੁਲਿਸ ਨੂੰ ਇਸ ਪੱਤਰਕਾਰ ਦੀ ਵੀ ਤਲਾਸ਼ ਹੈ। ਇਸ ਦੇ ਨਾਲ ਹੀ ਬਾਈਕ ’ਤੇ ਬੈਠ ਕੇ ਅੰਮ੍ਰਿਤਪਾਲ ਕਿਸੇ ਅਣਪਛਾਤੇ ਜਗ੍ਹਾ ਵੱਲ ਨੰਗਲ ਅੰਬੀਆ ਤੋਂ ਭੱਜਿਆ ਸੀ।

ਪੁੱਤਰ ਦੇ ਕੱਪੜੇ ਤੇ ਗ੍ਰੰਥੀ ਦੀ ਜੈਕਟ ਪਾ ਕੇ ਭੱਜਿਆ

ਅੰਮ੍ਰਿਤਪਾਲ ਦੇ ਸਾਥੀਆਂ ਨੇ ਗ੍ਰੰਥੀ ਦੇ ਕਮਰੇ ਵਿਚ ਜਬਰੀ ਵੜ ਕੇ ਉਨ੍ਹਾਂ ਦੇ ਪੁੱਤਰ ਜਤਿੰਦਰ ਦੇ ਕੱਪੜੇ ਲੈ ਲਏ। ਪੁੱਤਰ ਦੀ ਪਿੰਕ ਰੰਗ ਦੀ ਪੱਗੜੀ ਵੀ ਲੈ ਲਈ। ਉਸ ਨੂੰ ਅੰਮ੍ਰਿਤਪਾਲ ਨੇ ਪਹਿਨ ਲਿਆ। ਇਸ ਤੋਂ ਬਾਅਦ ਜੈਕਟ ਮੰਗੀ ਤਾਂ ਕੀਲੀ ’ਤੇ ਟੰਗੀ ਗ੍ਰੰਥੀ ਦੀ ਜੈਕਟ ਜਬਰੀ ਚੁੱਕ ਕੇ ਪਾ ਲਈ। ਜੈਕਟ ਓਵਰਸਾਈਜ਼ ਸੀ, ਪਰ ਫਿਰ ਵੀ ਉਸ ਨੇ ਪਾ ਲਈ। ਇਸੇ ਗੁਰਦਆਰੇ ਵਿਚ ਅੰਮ੍ਰਿਤਪਾਲ ਨੇ ਆਪਣਾ ਹੁਲੀਆ ਬਦਲਿਆ ਅਤੇ ਆਪਣੇ ਕੱਪੜਿਆਂ ਨੂੰ ਇਕ ਪੋਲੀਥੀਨ ਦੇ ਬੈਗ ਵਿਚ ਪਾ ਕੇ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਮੌਕੇ ਤੋਂ ਨਿਕਲ ਗਏ। 100 ਮੀਟਰ ਦੂਰ ਨੰਗਲ ਅੰਬੀਆ ਦੇ ਸਮਾਪਕ ਨੇੜੇ ਸੜਕ ’ਤੇ ਖੜੀ ਬ੍ਰੇਜਾ ਕਾਰ ਕੋਲ ਜਦੋਂ ਅਮਿ੍ਰਤਪਾਲ ਪੁੱਜਾ ਤਾਂ ਦੋ ਬਾਈਕ ਸਵਾਰ ਅਤੇ ਇਕ ਸਕੂਟੀ ਸਵਾਰ ਵਿਅਕਤੀ ਪਹਿਲਾਂ ਤੋਂ ਉਥੇ ਪੁੱਜੇ ਹੋਏ ਸਨ। ਉਥੇ ਬ੍ਰੇਜਾ ’ਚੋਂ ਕੁਝ ਸਾਮਾਨ ਕੱਢ ਕੇ ਅੰਮ੍ਰਿਤਪਾਲ ਮੌਕੇ ਤੋਂ ਬਾਈਕ ’ਤੇ ਪਿੱਛੇ ਬੈਠ ਕੇ ਫ਼ਰਾਰ ਹੋ ਗਿਆ।

Posted By: Jagjit Singh