ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹੇ 'ਚ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ 'ਚ ਮੰਗਲਵਾਰ ਨੂੰ ਇਲਾਜ ਕਰਵਾਉਣ ਲਈ ਲੋਕ ਪੁੱਜੇ ਤੇ ਸੇਵਾਵਾਂ ਦੇ ਲਾਹਾ ਲਿਆ। ਲੋਕਾਂ ਨੇ ਸਰਕਾਰ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਹੈ। ਦੋ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਤੋਂ ਟੱਪ ਗਈ। ਹਾਲਾਂਕਿ ਇਸ ਦਾ ਸਿਵਲ ਹਸਪਤਾਲ ਦੀ ਓਪੀਡੀ 'ਤੇ ਕੋਈ ਅਸਰ ਨਹੀਂ ਪਿਆ। ਜ਼ਿਲ੍ਹੇ 'ਚ 15 ਅਗਸਤ ਨੂੰ ਕਬੀਰ ਵਿਹਾਰ, ਰਾਜਨ ਕਾਲੋਨੀ, ਅਲਾਵਲਪੁਰ, ਫਰਵਾਲਾ, ਪਾਸਲਾ ਤੇ ਰਸੂਲਪੁਰ 'ਚ 6 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਸਨ। ਆਮ ਆਦਮੀ ਮੁਹੱਲਾ ਕਲੀਨਿਕ 'ਚ ਡਾਕਟਰ, ਫਾਰਮੇਸੀ ਅਫਸਰ, ਕਲੀਨਿਕ ਸਹਾਇਕ ਤੇ ਸਹਾਇਕ ਤਾਇਨਾਤ ਕੀਤੇ ਗਏ ਹਨ। ਲੋਕਾਂ ਨੂੰ ਓਪੀਡੀ ਦੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੈਦਰ ਕੰਪਲੈਕਸ ਨੇੜੇ ਰਾਜਨ ਕਾਲੋਨੀ 'ਚ ਸੇਵਾ ਕੇਂਦਰ ਦੀ ਇਮਾਰਤ 'ਚ ਬਣਾਏ ਆਮ ਆਦਮੀ ਕਲੀਨਿਕ 'ਚ ਡਾ. ਅਲਫਰੈਡ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਲੀਨਿਕ 'ਚ ਜਾਂਚ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ 'ਚ ਕਾਫੀ ਉਤਸ਼ਾਹ ਹੈ। ਮਰੀਜ਼ ਦੀ ਪਹਿਲਾਂ ਆਨਲਾਈਨ ਐਂਟਰੀ ਕੀਤੀ ਜਾਂਦੀ ਹੈ ਤੇ ਉਹ ਐਂਟਰੀ ਡਾਕਟਰ ਕੋਲ ਟੈਬ 'ਚ ਜਾਂਦੀ ਹੈ। ਉਥੇ ਉਸ ਦੀ ਜਾਂਚ-ਪੜਤਾਲ ਕਰ ਕੇ ਉਸੇ 'ਚ ਰਿਪੋਰਟ ਕਰ ਕੇ ਫਾਰਮੇਸੀ ਅਫਸਰ ਨੂੰ ਦਵਾਈ ਲਈ ਭੇਜੀ ਜਾਂਦੀ। ਉਥੇ ਪਰਚੀ ਦਾ ਪਿੰ੍ਟ ਕੱਢ ਕੇ ਦਵਾਈ ਦਿੱਤੀ ਜਾਂਦੀ ਹੈ। ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਦਵਾਈ ਲੈਣ ਆਏ ਸੁਨੀਲ ਕੁਮਾਰ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਦਵਾਈ ਲੈਣ ਲਈ ਕਰੀਬ 5 ਕਿਲੋਮੀਟਰ ਦੂਰ ਸਰਕਾਰੀ ਡਿਸਪੈਂਸਰੀ ਜਾਂ ਫਿਰ ਬਸਤੀ ਗੁਜ਼ਾਂ ਜਾਣਾ ਪੈਂਦਾ ਸੀ। ਨੇੜੇ ਕਲੀਨਿਕ ਖੁੱਲ੍ਹਣ ਨਾਲ ਰਾਹਤ ਮਿਲੀ ਹੈ। ਬਸਤੀ ਬਾਵਾ ਖੇਲ ਦੇ ਕਬੀਰ ਵਿਹਾਰ 'ਚ ਖੁੱਲ੍ਹੇ ਆਮ ਆਦਮੀ ਕਲੀਨਿਕ 'ਚ ਦਵਾਈ ਲੈਣ ਆਏ ਲੋਕਾਂ ਨੇ ਕਿਹਾ ਕਿ ਇਹ ਇਲਾਕੇ ਦੀ ਬਹੁਤ ਪੁਰਾਣੀ ਮੰਗ ਸੀ ਜੋ ਹੁਣ ਪੂਰੀ ਹੋਈ ਹੈ। ਕਲੀਨਿਕ ਖੋਲ੍ਹਣ ਨਾਲ ਨਿੱਜੀ ਡਾਕਟਰ ਤੋਂ ਕਰਵਾਏ ਜਾਣ ਵਾਲੇ ਮਹਿੰਗੇ ਇਲਾਜ ਤੋਂ ਛੁਟਕਾਰਾ ਮਿਲੇਗਾ। ਬਜ਼ੁਰਗ ਅੌਰਤ ਸੁਖ ਦੇਵੀ ਨੇ ਕਿਹਾ ਕਿ ਉਹ ਇੰਨੀ ਦੂਰ ਨਹੀਂ ਜਾ ਸਕਦੀ ਸੀ। ਹੁਣ ਘਰ ਨੇੜੇ ਕਲੀਨਿਕ ਖੁੱਲ੍ਹਣ ਨਾਲ ਉਨ੍ਹਾਂ ਨੂੰ ਆਸਾਨੀ ਨਾਲ ਦਵਾਈ ਮਿਲ ਜਾਵੇਗੀ ਤੇ ਨਿੱਜੀ ਡਾਕਟਰਾਂ ਕੋਲ ਨਹੀਂ ਜਾਣਾ ਪਵੇਗਾ। ਡਿਸਪੈਂਸਰੀ 'ਚ ਤਾਇਨਾਤ ਡਾ. ਕਮਲੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈ ਦਿੱਤੀ ਹੈ ਅਤੇ ਖ਼ੂਨ ਦੀ ਜਾਂਚ ਲਈ ਟੈਸਟ ਵੀ ਕਰਵਾਏ ਹਨ। ਮਰੀਜ਼ਾਂ 'ਚ ਇਲਾਜ ਨੂੰ ਲੈ ਕੇ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਉਥੇ ਹੀ ਹੋਰ ਚਾਰ ਕਲੀਨਿਕਾਂ 'ਚ ਵੀ ਮਰੀਜ਼ਾਂ ਦਾ ਤਾਂਤਾ ਲੱਗਾ ਰਿਹਾ ਹੈ।

ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ 'ਚ ਆਮ ਆਦਮੀ ਕਲੀਨਿਕਾਂ 'ਚ ਮਰੀਜ਼ਾਂ ਦਾ ਗਿਣਤੀ ਤੇਜ਼ੀ ਨਾਲ ਵਧੀ ਹੈ। ਕਲੀਨਿਕ 'ਚ ਮੁਫ਼ਤ ਓਪੀਡੀ, 41 ਤਰ੍ਹਾਂ ਦੇ ਲੈਬ ਟੈਸਟ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮੁੱਢਲੀ ਸਹਾਇਤਾ ਲਈ ਪ੍ਰਬੰਧ ਕੀਤੇ ਗਏ ਹਨ। ਕਲੀਨਿਕ 'ਚ ਬੈੱਡ ਦੀ ਸਹੂਲਤ ਨਾ ਹੋਣ ਕਾਰਨ ਗੰਭੀਰ ਮਰੀਜ਼ਾਂ ਨੂੰ ਹਸਪਤਾਲ ਰੈਫਰ ਕੀਤਾ ਜਾਵੇਗਾ। ਉਕਤ ਕਲੀਨਿਕਾਂ 'ਚ ਦੋ ਸਿਹਤ ਵਿਭਾਗ ਦੇ ਸੇਵਾਮੁਕਤ ਡਾਕਟਰ, ਦੋ ਸੀਨੀਅਰ ਨਿੱਜੀ ਡਾਕਟਰ ਤੇ ਦੋ ਨੌਜਵਾਨ ਡਾਕਟਰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ।

---

ਆਮ ਆਦਮੀ ਕਲੀਨਿਕਾਂ ਦੀ ਓਪੀਡੀ 'ਚ ਆਏ ਮਰੀਜ਼ਾਂ ਦਾ ਵੇਰਵਾ

ਕਲੀਨਿਕ-15 ਅਗਸਤ-16 ਅਗਸਤ

ਅਲਾਵਲਪੁਰ-15-63

ਪਾਸਲਾ-24-32

ਕਬੀਰ ਵਿਹਾਰ-32-91

ਰਸੂਲਪੁਰ-21-47

ਰਾਜਨ ਕਾਲੋਨੀ-33-45

ਫਰਵਾਲਾ-15-40