ਜਤਿੰਦਰ ਪੰਮੀ, ਜਲੰਧਰ

ਸ਼ਹਿਰ 'ਚ ਅਪਰਾਧਕ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਗੈਰ-ਸਮਾਜੀ ਅਨਸਰਾਂ ਤੇ ਅਪਰਾਧੀਆਂ ਦਾ ਰਾਵਣ ਰਾਜ ਸਥਾਪਤ ਹੁੰਦਾ ਜਾ ਰਿਹਾ ਹੈ। ਗਲੀਆਂ, ਮੁਹੱਲਿਆਂ, ਚੌਕਾਂ, ਕਾਲੋਨੀਆਂ ਤੇ ਇਥੋਂ ਤਕ ਕਿ ਬਾਜ਼ਾਰਾਂ 'ਚ ਵੀ ਮਾਤਾ ਸੀਤਾ ਦਾ ਸਰੂਪ ਸਮਝੀਆਂ ਜਾਂਦੀਆ ਅੌਰਤਾਂ ਵੀ ਸੁਰੱਖਿਅਤ ਨਹੀਂ ਹਨ। ਝਪਟਮਾਰ ਰਾਵਣ ਤੇਜ਼ੀ ਨਾਲ ਸਰਗਰਮ ਹੋ ਰਹੇ ਹਨ। ਅਜਿਹੇ 'ਚ ਰਾਮਰਾਜ ਕਾਇਮ ਕਰਨ ਲਈ ਸ਼ਹਿਰ 'ਚ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਇਸ ਸਬੰਧੀ ਹਾਲੇ ਤਕ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਜਾ ਸਕਿਆ। ਇਸੇ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਲਗਾਤਾਰ ਦੂਜੇ ਸਾਲ ਸ਼ਹਿਰ 'ਚ ਵੱਡੇ ਪੱਧਰ 'ਤੇ ਦੁਸਹਿਰਾ ਨਹੀਂ ਮਨਾਇਆ ਜਾਵੇਗਾ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਵਾਰ ਦੁਸਹਿਰੇ ਦੌਰਾਨ 500 ਲੋਕਾਂ ਦੇ ਇਕੱਛੇ ਹੋਣ ਦੀ ਆਗਿਆ ਹੀ ਦਿੱਤੀ ਜਾ ਰਹੀ ਸੀ। ਦੁਸਹਿਰਾ ਕਮੇਟੀਆਂ ਕੋਲੋਂ ਸਹਿਮਤੀ ਪੱਤਰ ਲੈਣ ਦੀ ਰਸਮੀ ਪ੍ਰਕਿਰਿਆ ਕਾਰਨ ਜ਼ਿਆਦਾਤਰ ਪ੍ਰਬੰਧਕ ਕਮੇਟੀਆਂ ਦੇ ਸੰਚਾਲਕਾਂ ਨੇ ਇਸ ਵਾਰ ਲਗਾਤਾਰ ਦੂਜੇ ਸਾਲ ਦੁਸਹਿਰਾ ਮਨਾਉਣ ਤੋਂ ਤੌਬਾ ਕਰ ਲਈ ਹੈ। ਹਾਲਾਂਕਿ ਸ਼ਹਿਰ 'ਚ ਕਰੀਬ ਅੱਧੀ ਦਰਜਨ ਥਾਵਾਂ 'ਤੇ ਦੁਸਹਿਰਾ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣਾ ਵੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਇਸ ਕਾਰਨ ਸ਼ਹਿਰ 'ਚ ਕਿਤੇ ਵੀ ਦੁਸਹਿਰਾ ਵੱਡੇ ਪੱਧਰ 'ਤੇ ਨਹੀਂ ਮਨਾਇਆ ਜਾ ਰਿਹਾ। ਉਥੇ ਹੀ ਇਸ ਵਾਰ ਵੀ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਮੁੱਲ ਲੈਣ ਦੇ ਰੌਂਅ 'ਚ ਨਹੀਂ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੀਆ ਜ਼ਿਆਦਾਤਰ ਸੰਸਥਾਵਾਂ ਨੂੰ ਦੁਸਹਿਰਾ ਮਨਾਉਣ ਦੀ ਆਗਿਆ ਦੇਣ ਦੌਰਾਨ ਕਈ ਗੁੰਝਲਦਾਰ ਸ਼ਰਤਾਂ ਪੂਰੀਆ ਕਰਨ ਲਈ ਕਿਹਾ ਗਿਆ ਹੈ। ਇਸ ਤਹਿਤ ਵੱਧ ਤੋਂ ਵੱਧ 500 ਲੋਕ ਇਕੱਠੇ ਕਰਨੇ ਤੇ ਸਰੀਰਕ ਦੂਰੀ ਤੇ ਮੂੰਹ 'ਤੇ ਮਾਸਕ ਸਮੇਤ ਹੋਰ ਨਿਯਮ ਤੈਅ ਕੀਤੇ ਗਏ ਹਨ। ਇਹ ਹੀ ਕਾਰਨ ਹੈ ਕਿ ਜ਼ਿਆਦਾਤਰ ਸੰਸਥਾਵਾਂ ਨੇ ਦੁਸਹਿਰਾ ਮਨਾਉਣ ਤੋਂ ਤੌਬਾ ਕਰ ਲਈ ਹੈ। ਓਧਰ ਕਈ ਸੰਸਥਾਵਾਂ ਨੇ ਸ਼ਹਿਰ 'ਚ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੁਸਹਿਰਾ ਮਨਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚ ਉਪਕਾਰ ਦੁਸਹਿਰਾ ਕਮੇਟੀ ਆਦਰਸ਼ ਨਗਰ ਵੱਲੋਂ ਆਦਰਸ਼ ਨਗਰ ਪਾਰਕ 'ਚ ਵੱਡੇ ਪੱਧਰ 'ਤੇ ਦੁਸਹਿਰਾ ਮਨਾਇਆ ਜਾਵੇਗਾ। ਇਸ ਲਈ ਪਾਰਕ 'ਚ 60 ਫੁਟ ਦੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਜਾਏ ਜਾ ਚੁੱਕੇ ਹਨ। ਪਾਰਕ 'ਚ ਆਤਿਸ਼ਬਾਜ਼ੀ ਦਾ ਨਜ਼ਾਰਾ ਪੇਸ਼ ਕਰਨ ਲਈ ਵੀ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਪੁੱਡਾ ਗਰਾਊਂਡ ਲਾਡੋਵਾਲੀ ਰੋਡ 'ਚ ਮਨਾਏ ਜਾ ਰਹੇ ਦੁਸਹਿਰੇ 'ਚ 60 ਫੁੱਟ ਦੇ ਪੁਤਲੇ ਸਜਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਸਹਿਰੇ ਦੇ ਪ੍ਰਬੰਧਕ ਤੇ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਸਬੰਧੀ ਜਾਰੀ ਕੀਤੇ ਗਏ ਨਿਯਮਾਂ ਦਾ ਪਾਲਣ ਕਰਨ ਦਾ ਸੱਦਾ ਦਿੱਤਾ ਗਿਆ ਹੈ।

--

ਇਨ੍ਹਾਂ ਥਾਵਾਂ 'ਤੇ ਮਨਾਇਆ ਜਾਵੇਗਾ ਦੁਸਹਿਰਾ

-ਉਪਕਾਰ ਦੁਸਹਿਰਾ ਕਮੇਟੀ, ਆਦਰਸ਼ ਨਗਰ ਪਾਰਕ

-ਸ਼੍ਰੀ ਰਾਮ ਉਤਸਵ ਕਮੇਟੀ ਪੱੁਡਾ ਗਰਾਊਂਡ

-ਸ਼੍ਰੀ ਰਾਮ ਵੈੱਲਫੇਅਰ ਸੁਸਾਇਟੀ ਢੰਨ ਮੁਹੱਲਾ

-ਜੈ ਸ਼੍ਰੀ ਰਾਮ ਦੁਸਹਿਰਾ ਉਤਸਵ 120 ਫੁੱਟੀ ਰੋਡ

-ਭਗਵਾਨ ਸ਼ਿਵ ਮੰਦਰ ਲਾਡੋਵਾਲੀ ਰੋਡ

-ਦੁਸਹਿਰਾ ਉਤਸਵ ਕਮੇਟੀ ਮਾਡਲ ਹਾਊਸ

--

ਇਨ੍ਹਾਂ ਥਾਵਾਂ 'ਤੇ ਨਹੀਂ ਲੱਗੇਗਾ ਦੁਸਹਿਰਾ

-ਗੌਰਮਿੰਟ ਟ੍ਰੇਨਿੰਗ ਕਾਲਜ ਲਾਡੋਵਾਲੀ ਰੋਡ

-ਸਾਈਂ ਦਾਸ ਸਕੂਲ ਦੀ ਗਰਾਊਂਡ

-ਬਰਲਟਨ ਪਾਰਕ

-ਕੈਂਟ ਦੁਸਹਿਰਾ ਗਰਾਊਂਡ

-ਗੁਰੂ ਗੋਬਿੰਦ ਸਿੰਘ ਐਵੇਨਿਊ

-ਦੁਸਹਿਰਾ ਗਰਾਊਂਡ ਬਸਤੀ ਸ਼ੇਖ

-ਆਦਰਸ਼ ਨਗਰ ਓਲਡ ਪਾਰਕ

-ਏਕਨੂਰ ਸੁਸਾਇਟੀ ਰਾਜਾ ਗਾਰਡਨ

-ਬੀਡੀਏ ਇਨਕਲੇਵ

-ਮਾਸਟਰ ਤਾਰਾ ਸਿੰਘ ਨਗਰ ਪਾਰਕ

-ਸ੍ਰੀ ਦੇਵੀ ਤਾਲਾਬ ਪ੍ਰਬੰਧਕ ਕਮੇਟੀ

--

ਪ੍ਰਬੰਧਕਾਂ ਕਿਹਾ, ਸ਼ਰਤਾਂ ਪੂਰੀਆਂ ਕਰਨੀਆਂ ਅਸੰਭਵ

ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਸਾਈਂ ਦਾਸ ਸਕੂਲ ਦੀ ਗਰਾਊਂਡ 'ਚ ਲਗਾਤਾਰ ਦੂਜੇ ਸਾਲ ਦੁਸਹਿਰਾ ਨਹੀਂ ਮਨਾਇਆ ਜਾ ਰਿਹਾ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਤਰਸੇਮ ਕਪੂਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਸਮਾਗਮ ਲਈ 500 ਲੋਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਸਹਿਮਤੀ ਪੱਤਰ ਦੇਣ ਲਈ ਕਿਹਾ ਗਿਆ ਹੈ। ਇਸ ਕਾਰਨ ਲਗਾਤਾਰ ਦੂਜੇ ਸਾਲ ਵੀ ਆਗਿਆ ਲੈਣ ਵਾਸਤੇ ਅਰਜ਼ੀ ਨਹੀਂ ਦਿੱਤੀ ਗਈ।

ਇਸੇ ਤਰ੍ਹਾਂ ਬਰਲਟਨ ਪਾਰਕ 'ਚ ਵੀ ਦੁਸਹਿਰਾ ਨਹੀਂ ਮਨਾਇਆ ਜਾ ਰਿਹਾ। ਕਮੇਟੀ ਦੇ ਬੁਲਾਰੇ ਹੇਮੰਤ ਸ਼ਰਮਾ ਮੁਤਾਬਕ 500 ਲੋਕਾਂ ਦੀ ਹੱਦ ਨਿਰਧਾਰਤ ਕੀਤੇ ਜਾਣ ਕਾਰਨ ਹੀ ਦੁਸਹਿਰਾ ਨਹੀਂ ਮਨਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਨਤਕ ਤੌਰ 'ਤੇ ਹੋਣ ਵੇਲੇ ਇਸ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਉਥੇ ਹੀ ਗੌਰਮਿੰਟ ਕਾਲਜ ਗਰਾਊਂਡ 'ਚ ਮਹਾਨਗਰ ਦੁਸਹਿਰਾ ਕਮੇਟੀ ਵੱਲੋਂ ਕੀਤਾ ਜਾਣ ਵਾਲਾ ਸਮਾਗਮ ਵੀ ਇਸ ਵਾਰ ਨਹੀਂ ਕਰਵਾਇਆ ਜਾ ਰਿਹਾ। ਸੰਸਥਾ ਦੇ ਪ੍ਰਧਾਨ ਰਾਜ ਕੁਮਾਰ ਚੌਧਰੀ ਨੇ ਦੱਸਿਆ ਕਿ ਸਰਕਾਰੀ ਸ਼ਰਤਾਂ ਕਾਰਨ ਲਗਾਤਾਰ ਦੂਜੇ ਸਾਲ ਵੀ ਦੁਸਹਿਰਾ ਮਨਾਉਣ ਤੋਂ ਤੌਬਾ ਕਰ ਲਈ ਹੈ।

--

ਕਾਰੀਗਰ ਵੀ ਨਿਰਾਸ਼

ਲਗਾਤਾਰ ਦੂਜੇ ਸਾਲ ਵੀ ਵੱਡੇ ਪੱਧਰ 'ਤੇ ਦੁਸਹਿਰਾ ਨਾ ਮਨਾਏ ਜਾਣ ਕਾਰਨ ਪੁਤਲੇ ਬਣਾਉਣ ਵਾਲੇ ਕਾਰੀਗਰ ਵੀ ਨਿਰਾਸ਼ ਹਨ। ਜੇਲ੍ਹ ਰੋਡ 'ਤੇ ਪੁਤਲੇ ਤਿਆਰ ਕਰ ਰਹੇ ਕਾਰੀਗਰ ਸੰਜੀਵਨ ਲਾਲ ਦਾ ਕਹਿਣਾ ਹੈ ਕਿ ਲਗਾਤਾਰ ਦੂਜੇ ਸਾਲ ਕੰਮ ਠੱਪ ਹੈ। ਕੁਝ ਕੁ ਕਮੇਟੀਆਂ ਨੇ ਛੋਟੇ ਕੱਦ ਵਾਲੇ ਹੀ ਪੁਤਲੇ ਤਿਆਰ ਕਰਵਾਏ ਹਨ। ਦੁਸਹਿਰੇ ਦੇ ਸੀਜ਼ਨ 'ਚ ਇਸ ਰੋਡ 'ਤੇ 300 ਤੋਂ ਵੱਧ ਪੁਤਲੇ 50 ਤੋਂ ਲੈ ਕੇ 80 ਫੁਟ ਤਕ ਤਿਆਰ ਕਰ ਕੇ ਵੇਚੇ ਜਾਂਦੇ ਹਨ ਜਦਕਿ ਇਸ ਵਾਰ ਵਧ ਤੋਂ ਵਧ 60 ਫੁੱਟ ਦੇ ਸਿਰਫ 100 ਪੁਤਲੇ ਹੀ ਵਿਕ ਸਕੇ ਹਨ।

--

ਦੁਸਹਿਰੇ 'ਚ ਆਉਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

-ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਦੁਸਹਿਰੇ ਮੇਲੇ 'ਚ ਲਿਜਾਣ ਤੋਂ ਪਰਹੇਜ਼ ਕਰੋ

-ਦਿਲ, ਬੀਪੀ ਤੇ ਸਾਹ ਦੇ ਰੋਗੀ ਦੁਸਹਿਰੇ 'ਚ ਨਾ ਜਾਣ

-ਮੂੰਹ 'ਤੇ ਮਾਸਕ ਤੇ ਸਰੀਰਕ ਦੂਰੀ ਬਣਾ ਕੇ ਰੱਖੋ

-ਕੀਮਤੀ ਸਾਮਾਨ ਪਾ ਕੇ ਜਾਣ ਤੋਂ ਪਰਹੇਜ਼ ਕਰੋ

-ਸ਼ੱਕੀ ਸਾਮਾਨ ਦੀ ਜਾਣਕਾਰੀ ਪੁਲਿਸ ਨੂੰ ਦਿਓ

-ਜੇਬ ਕਤਰਿਆਂ ਤੋਂ ਸਾਵਧਾਨ ਰਹੋ

-ਜੇ ਬੱਚਿਆਂ ਨੂੰ ਲੈ ਕੇ ਜਾਣਾ ਹੈ ਤਾਂ ਉਨ੍ਹਾਂ ਦੀ ਜੇਬ 'ਚ ਘਰ ਦਾ ਪਤਾ ਤੇ ਮੋਬਾਈਲ ਨੰਬਰ ਲਿਖ ਕੇ ਪਾਓ

-ਮੇਲੇ ਦੌਰਾਨ ਬੱਚਿਆਂ ਦਾ ਹੱਥ ਬਿਲਕੁਲ ਨਾ ਛੱਡੋ