ਰਾਕੇਸ਼ ਗਾਂਧੀ ਜਲੰਧਰ : ਪੰਜਾਬ ਵਿੱਚ ਠੱਗਾਂ ਨੇ ਠੱਗੀ ਕਰਨ ਦਾ ਇੱਕ ਨਵਾਂ ਫੰਡਾ ਤਿਆਰ ਕਰ ਲਿਆ ਹੈ ਤੇ ਅੱਜ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਲੋਕਾਂ ਨੂੰ ਇੱਕ ਆਰਟੀਓ ਦਫਤਰ 'ਚੋਂ ਮੈਸੇਜ ਆ ਰਹੇ ਹਨ ਕਿ ਉਨ੍ਹਾਂ ਦੀ ਗੱਡੀ ਦਾ ਚਲਾਨ ਹੋ ਚੁੱਕਿਆ ਹੈ ਜਿਸ ਲਈ ਉਨ੍ਹਾਂ ਨੂੰ ਪੰਜ ਸੌ ਰੁਪਏ ਜੁਰਮਾਨਾ ਕੀਤਾ ਗਿਆ ਹੈ ਤੇ ਉਹ ਇਹ ਰਕਮ ਆਨਲਾਈਨ ਅਕਾਊਂਟ ਵਿੱਚ ਜਮ੍ਹਾਂ ਕਰਵਾ ਦੇਣ। ਜਿਨ੍ਹਾਂ ਲੋਕਾਂ ਨੂੰ ਇਹ ਮੈਸੇਜ ਪਹੁੰਚਿਆ ਹੈ ਉਨ੍ਹਾਂ ਵਿੱਚੋਂ ਕਈ ਲੋਕਾਂ ਨੇ ਤਾਂ ਦੋ ਦੋ ਮਹੀਨੇ ਤੋਂ ਆਪਣੀ ਗੱਡੀ ਹੀ ਘਰੋਂ ਬਾਹਰ ਨਹੀਂ ਕੱਢੀ। ਜਦ ਉਨ੍ਹਾਂ ਲੋਕਾਂ ਨੇ ਇਹ ਚਲਾਨ ਦਾ ਮੈਸੇਜ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਕਈ ਲੋਕਾਂ ਨੇ ਇਸ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਜਦ ਉਨ੍ਹਾਂ ਨੂੰ ਇਸ ਬਾਰੇ ਕੁਝ ਸਹੀ ਪਤਾ ਨਾ ਲੱਗਿਆ ਤਾਂ ਇਹੀ ਗੱਲ ਮੀਡੀਆ ਤੱਕ ਪਹੁੰਚਾਈ ਗਈ। ਪੰਜਾਬੀ ਜਾਗਰਣ ਵੱਲੋਂ ਜਦ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਮੈਸੇਜ ਵਿਚ ਲਿਖਿਆ ਗਿਆ ਆਰਟੀਓ ਦੇਖ ਕੇ ਹੀ ਉਨ੍ਹਾਂ ਨੂੰ ਇਹ ਸਮਝ ਆ ਗਈ ਕਿ ਅੱਜ ਕੱਲ੍ਹ ਆਰਟੀਓ ਦੀ ਥਾਂ ਤੇ ਆਰਟੀਏ ਚੱਲ ਗਿਆ ਹੈ ਅਤੇ ਹੋ ਸਕਦਾ ਹੈ ਕਿ ਇਹ ਵੈੱਬਸਾਈਟ ਕਿਸੇ ਨੇ ਹੈਕ ਕਰ ਲਈ ਹੋਵੇ ਅਤੇ ਹੁਣ ਲੋਕਾਂ ਕੋਲੋਂ ਠੱਗੀ ਕਰ ਰਿਹਾ ਹੈ। ਪੰਜਾਬੀ ਜਾਗਰਣ ਵੱਲੋਂ ਜਦ ਇਸ ਬਾਰੇ ਆਰਟੀਏ ਬਰਜਿੰਦਰ ਸਿੰਘ ਕੋਲੋਂ ਪੁੱਿਛਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਜਿਹਾ ਕੋਈ ਵੀ ਮੈਸੇਜ ਉਨ੍ਹਾਂ ਦੇ ਮਹਿਕਮੇ ਵੱਲੋਂ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਉਨ੍ਹਾਂ ਦੀ ਵੈੱਬਸਾਈਟ ਨੂੰ ਕਿਸੇ ਹੋਰ ਵੱਲੋਂ ਤਾਂ ਹੈਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਕਿਸੇ ਨੂੰ ਵੀ ਕੋਈ ਮੈਸੇਜ ਸਰਕਾਰੀ ਤੌਰ 'ਤੇ ਨਹੀਂ ਭੇਜਿਆ ਗਿਆ ਅਤੇ ਨਾ ਹੀ ਉਹ ਇਸ ਦੇ ਝਾਂਸੇ ਵਿੱਚ ਆਉਣ, ਹੋ ਸਕਦਾ ਹੈ ਕਿ ਕਿਸੇ ਤਰ੍ਹਾਂ ਦਾ ਓਟੀਪੀ ਨੰਬਰ ਹੈਕਰ ਦੁਆਰਾ ਮੰਗੇ ਜਾਣ ਤੋਂ ਬਾਅਦ ਉਨ੍ਹਾਂ ਦੇ ਖਾਤੇ ਹੀ ਖਾਲੀ ਹੋ ਜਾਣ। ਇਸ ਲਈ ਸਭ ਲੋਕ ਸਾਵਧਾਨ ਰਹਿਣ ਅਤੇ ਅਜਿਹੇ ਠੱਗਾਂ ਤੋਂ ਆਪਣਾ ਬਚਾਓ ਕਰਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦੇਣ ਲਈ ਆਪਣੇ ਦਫ਼ਤਰ ਵਿੱਚ ਕਹਿ ਦਿੱਤਾ ਹੈ ਅਤੇ ਜਲਦ ਹੀ ਉਹ ਇਸ ਦੀ ਤਹਿ ਤੱਕ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਜਲਦ ਹੀ ਅਜਿਹਾ ਕਰਨ ਵਾਲਾ ਕਾਨੂੰਨ ਦੇ ਸ਼ਿਕੰਜੇ ਵਿੱਚ ਫਸਿਆ ਨਜ਼ਰ ਆਵੇਗਾ।