ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮਾਂ ਦੇ ਵਿਕਾਸ ਕੰਮਾਂ 'ਚ ਤੇਜ਼ੀ ਤੇ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਪਬਲਿਕ ਵਰਕਸ ਇੰਟੀਗੇ੍ਟਿਡ ਮੈਨੇਜਮੈਂਟ ਸਿਸਟਮ ਲਾਗੂ ਕਰ ਦਿੱਤਾ ਹੈ। ਇਸ ਅਧੀਨ ਨਗਰ ਨਿਗਮਾਂ ਦੇ ਸਾਰੇ ਵਿਕਾਸ ਕੰਮਾਂ ਦੇ ਐਸਟੀਮੇਟ ਤੋਂ ਲੈ ਕੇ ਟੈਂਡਰ ਦੀ ਮਨਜ਼ੂਰੀ ਤੇ ਨਿਰਧਾਰਤ ਸਮੇਂ 'ਤੇ ਕੰਮ ਪੂਰਾ ਹੋਣ ਤਕ ਦੀ ਜਾਣਕਾਰੀ ਆਨਲਾਈਨ ਰੀਅਲ ਟਾਈਮ ਮੈਨੇਜਮੈਂਟ ਸਿਸਟਮ ਰਾਹੀਂ ਮੁਹੱਈਆ ਹੋਵੇਗੀ। ਐਸਟੀਮੇਟ ਬਣਾਉਣ ਤੋਂ ਲੈ ਕੇ ਹਰ ਅਧਿਕਾਰੀ ਦੇ ਪੱਧਰ 'ਤੇ ਮਨਜ਼ੂਰੀ ਲਈ ਫਾਈਲ ਹੁਣ ਆਨਲਾਈਨ ਸਿਸਟਮ ਨਾਲ ਹੀ ਅੱਗੇ ਚੱਲੇਗੀ। ਫਾਈਲ ਹਮੇਸ਼ਾ ਹਰ ਅਧਿਕਾਰੀ ਦੇ ਪਾਸ ਮੌਜੂਦ ਰਹੇਗੀ ਤਾਂ ਜੋ ਕਿਸੇ ਵੀ ਸਮੇਂ ਐਸਟੀਮੇਟ 'ਤੇ ਚਰਚਾ ਕਰਨ 'ਚ ਦੇਰੀ ਨਾ ਹੋਵੇ ਤੇ ਫਾਈਲ ਮੌਜੂਦ ਰਹੇ। ਇਸ ਦੀ ਜਾਣਕਾਰੀ ਆਮ ਜਨਤਾ ਅਤੇ ਕੌਂਸਲਰ ਨੂੰ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਹਲਕੇ ਦੇ ਵਿਕਾਸ ਕੰਮਾਂ ਦੀ ਜਾਣਕਾਰੀ ਪ੍ਰਰਾਪਤ ਕਰ ਸਕੇ। ਐਸਟੀਮੇਟ ਬਣਾਉਣ ਤੋਂ ਲੈ ਕੇ ਐੱਸਡੀਓ, ਐਕਸੀਅਨ ਤੇ ਐੱਸਈ ਤੇ ਕਮਿਸ਼ਨਰ ਪੱਧਰ 'ਤੇ ਹਰ ਤਰ੍ਹਾਂ ਦੀ ਮਨਜ਼ੂਰੀ ਆਨਲਾਈਨ ਹੀ ਹੋਵੇਗੀ। ਕੋਈ ਅਧਿਕਾਰੀ ਆਪਣੇ ਪਾਸ ਵਧੇਰਾ ਸਮਾਂ ਫਾਈਲ ਨਹੀਂ ਰੋਕ ਸਕੇਗਾ ਅਤੇ ਉਸ ਨੂੰ ਨਿਰਧਾਰਤ ਸਮੇਂ ਤਕ ਮਨਜ਼ੂਰੀ ਦੇਣੀ ਲਾਜ਼ਮੀ ਹੋਵੇਗੀ। ਆਨਲਾਈਨ ਪ੍ਰਣਾਲੀ ਲਾਗੂ ਹੋਣ ਨਾਲ ਨਗਰ ਨਿਗਮਾਂ ਤੇ ਕੌਂਸਲਾਂ ਦਾ ਕੰਮ ਪੇਪਰਲੈੱਸ ਹੋ ਜਾਏਗਾ। ਇਸ ਨਾਲ ਹਰ ਕੰਮ ਦੀ ਲੋਕੇਸ਼ਨ ਆਨਲਾਈਨ ਮੌਜੂਦ ਰਹੇਗੀ ਅਤੇ ਕਿਸੇ ਵੀ ਕੰਮ ਦਾ ਦੋਹਰਾ ਭੁਗਤਾਨ ਜਾਂ ਦੋ ਵਾਰ ਟੈਂਡਰ ਲੱਗਣ ਦਾ ਕੰਮ ਖ਼ਤਮ ਹੋ ਜਾਵੇਗਾ।