ਜੇਐੱਨਐੱਨ, ਜਲੰਧਰ : ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਵੱਡੀ ਸਫਲਤਾ ਉਸ ਵੇਲੇ ਹੱਥ ਲੱਗੀ ਜਦੋਂ ਪੁਲਿਸ ਨੇ ਗਸ਼ਤ ਦੌਰਾਨ ਇਕ ਤਸਕਰ ਨੂੰ 500 ਗਰਾਮ ਅਫੀਮ ਅਤੇ 4.52 ਲੱਖ ਦੀ ਡਰੱਗ ਮਨੀ ਸਮੇਤ ਗਿ੍ਫਤਾਰ ਕਰ ਲਿਆ। ਹੁਣ ਪੁਲਿਸ ਗਿ੍ਫ਼ਤਾਰ ਕੀਤੇ ਗਏ ਤਸਕਰ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਇਹ ਅਫੀਮ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਸਪਲਾਈ ਕਰਨੀ ਸੀ। ਮਾਮਲੇ ਨੂੰ ਲੈ ਕੇ ਅੱਪਰਾ ਪੁਲਿਸ ਦੇ ਏਐੱਸਆਈ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਬੀਤੇ ਬੁੱਧਵਾਰ ਰਾਤ ਲਗਪਗ 8.30 ਵਜੇ ਉਨ੍ਹਾਂ ਇਕ ਵਿਅਕਤੀ ਨੂੰ ਸ਼ੱਕ ਹੋਣ 'ਤੇ ਰੋਕਿਆ ਤਾਂ ਮੁਲਜ਼ਮ ਮੌਕੇ ਤੋਂ ਭੱਜਣ ਲੱਗਾ ਅਤੇ ਮੁਲਜ਼ਮ ਨੇ ਆਪਣੇ ਹੱਥ ਵਿਚ ਫੜਿਆ ਝੋਲਾ ਸੁੱਟ ਦਿੱਤਾ। ਮੁਲਜ਼ਮ ਦਾ ਪਿੱਛਾ ਕਰਕੇ ਉਸ ਨੂੰ ਫੜਨ ਤੋਂ ਬਾਅਦ ਜਦੋਂ ਝੋਲੇ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 500 ਗਰਾਮ ਅਫੀਮ ਅਤੇ 5.62 ਲੱਖ ਦੀ ਡਰੱਗ ਮਨੀ ਬਰਾਮਦ ਹੋਈ। ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਫਿਲੌਰ ਥਾਣਾ ਖੇਤਰ ਦੇ ਲਾਧੜਾ ਵਾਸੀ ਅਮਰਜੀਤ ਦੇ ਰੂਪ ਵਿਚ ਹੋਈ ਹੈ ਜਿਸ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਓਧਰ ਦਕੋਹਾ ਪੁਲਿਸ ਨੇ ਜੌਹਲ ਹਸਪਤਾਲ ਨੇੜੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ 5 ਗਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ। ਗਿ੍ਫਤਾਰ ਨੌਜਵਾਨ ਦੀ ਪਛਾਣ ਅਜੇ ਕੁਮਾਰ ਵਾਸੀ ਰਾਮਾਮੰਡੀ ਦੇ ਰੂੁਪ ਵਿਚ ਹੋਈ ਹੈ। ਉਸ ਕੋਲੋਂ ਪੁਲਿਸ ਨੇ 5 ਗਰਾਮ ਹੈਰੋਇਨ ਬਰਾਮਦ ਕੀਤੀ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।