ਮਦਨ ਭਾਰਦਵਾਜ, ਜਲੰਧਰ

ਜਲੰਧਰ ਇੰਪਰੂਵਮੈਂਟ ਟਰੱਸਟ 'ਚ ਇਕ ਘੁਟਾਲਾ ਬੇਨਕਾਬ ਹੋਇਆ ਹੈ ਜਿਸ ਵਿਚ ਇਕ ਪਲਾਟ ਦੋ ਥਾਂ ਅਲਾਟ ਕਰਕੇ ਦੋਵਾਂ ਅਲਾਟੀਆਂ ਤੋਂ 34.23 ਲੱਖ ਰੁਪਏ ਦੀ ਰਕਮ ਵਸੂਲੀ ਕਰ ਲਈ ਪਰ ਕਬਜ਼ਾ ਕਿਸੇ ਨੂੰ ਵੀ ਨਹੀਂ ਦਿੱਤਾ ਤੇ ਅਲਾਟੀ ਹੁਣ ਟਰੱਸਟ 'ਤੇ ਕੇਸ ਕਰਨ ਲਈ ਕਾਨੂੰਨੀ ਸਲਾਹ ਲੈ ਰਹੇ ਹਨ।

ਜਾਣਕਾਰੀ ਅਨੁਸਾਰ ਸੂਰਿਆ ਐਨਕਲੇਵ ਐਕਸਟੈਂਸ਼ਨ ਦੀ 94.97 ਏਕੜ ਸਕੀਮ ਅਧੀਨ 18 ਜਨਵਰੀ 2012 ਵਿਚ ਹੁਸ਼ਿਆਰਪੁਰ ਵਾਸੀ ਅਸ਼ੋਕ ਕੁਮਾਰੀ ਨੂੰ 151-ਸੀ 100 ਗਜ਼ ਦਾ ਪਲਾਟ ਕਰ ਦਿੱਤਾ ਅਤੇ ਉਸ ਤੋਂ ਉਸ ਦੀ ਪੂਰੀ ਰਕਮ 22.56 ਲੱਖ ਰੁਪਏ ਵਸੂਲ ਕਰ ਲਈ ਪਰ ਉਸ ਨੂੰ ਅੱਜ ਤਕ ਕਬਜ਼ਾ ਨਹੀਂ ਦਿੱਤਾ। ਇਸ ਦੌਰਾਨ ਉਕਤ ਪਲਾਟ ਹੀ ਟਰੱਸਟ ਨੇ ਸੰਤ ਨਗਰ ਜਲੰਧਰ ਵਾਸੀ ਕਮਲੇਸ਼ ਕੁਮਾਰੀ ਨੂੰ 4 ਸਾਲ ਬਾਅਦ 6 ਜੂਨ 2016 ਨੂੰ ਅਲਾਟ ਕਰ ਦਿੱਤਾ ਤੇ ਉਸ ਤੋਂ 12.67 ਲੱਖ ਰੁਪਏ ਦੀ ਵਸੂਲੀ ਕੀਤੀ। ਇਸ ਦੌਰਾਨ ਕਮਲੇਸ਼ ਕੁਮਾਰੀ ਨੂੰ ਪਤਾ ਲੱਗਾ ਕਿ ਉਕਤ ਪਲਾਟ ਕਿਸੇ ਹੋਰ ਦਾ ਹੈ ਅਤੇ ਉਸ ਨੇ ਟਰੱਸਟ ਨੂੰ ਪੱਤਰ ਲਿਖ ਕੇ ਪਲਾਟ ਦਿਖਾਉਣ ਲਈ ਕਿਹਾ। ਇਸ ਦੌਰਾਨ ਉਸ ਨੇ ਟਰੱਸਟ ਦੀਆਂ ਕਿਸ਼ਤਾਂ ਦੀ ਅਦਾਇਗੀ ਬੰਦ ਕਰ ਦਿੱਤੀ ਪਰ ਟਰੱਸਟ ਅੱਜ ਤਕ ਉਸ ਨੂੰ ਨਾ ਤਾਂ ਪਲਾਟ ਦਿਖਾ ਸਕਿਆ ਅਤੇ ਨਾ ਹੀ ਉਸ ਦਾ ਕਬਜ਼ਾ ਹੀ ਦਿੱਤਾ ਗਿਆ। ਇੰਪਰੂਵਮੈਂਟ ਟਰੱਸਟ ਦੇ ਘੁਟਾਲੇ ਨੂੰ ਲੈ ਕੇ ਉਕਤ ਦੋਵੇਂ ਅੌਰਤਾਂ ਵਲੋਂ ਕਾਨੂੰਨ ਸਲਾਹ ਲੈ ਕੇ ਟਰੱਸਟ ਖਿਲਾਫ ਕਾਰਵਾਈ ਕਰਨ ਦਾ ਵਿਚਾਰ ਬਣਾਇਆ ਹੈ ਅਤੇ ਇਸ ਸਬੰਧ ਵਿਚ ਉਹ ਵਕੀਲਾਂ ਨਾਲ ਸਲਾਹ ਮਸ਼ਵਰਾ ਕਰ ਰਹੀਆਂ ਹਨ।

ਇਸ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਉਕਤ ਪਲਾਟ ਦੀ ਅਲਾਟਮੈਂਟ ਲਾਟਰੀ ਸਿਸਟਮ ਨਾਲ ਹੋਈ ਸੀ ਅਤੇ ਦੂਜੀ ਅੌਰਤ ਨੂੰ ਪਲਾਟ ਦੇਣ ਦੇਣ ਲਈ ਫਰਵਰੀ 2019 ਵਿਚ ਮਤਾ ਪਾਸ ਕਰਕੇ ਸਰਕਾਰ ਨੂੰ ਭੇਜ ਦਿੱਤਾ ਸੀ ਜਿਸ ਵਿਚ ਅੌਰਤ ਨੂੰ ਦੂਜੀ ਥਾਂ 'ਤੇ ਪਲਾਟ ਲੈਣ ਲਈ ਕਿਹਾ ਗਿਆ ਸੀ। ਉਸ ਨੂੰ ਉਕਤ ਪਲਾਟ ਦੇ ਬਦਲੇ ਜਿਹੜਾ ਮਰਜ਼ੀ ਪਲਾਟ ਲੈਣ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ।