ਰਾਕੇਸ਼ ਗਾਂਧੀ, ਜਲੰਧਰ : ਸੀਆਈਏ ਸਟਾਫ ਅਤੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਪਿਛਲੇ ਦਿਨੀਂ ਨਿਊ ਦਿਓਲ ਨਗਰ ਵਿੱਚ ਹੋਏ ਨਿਤਿਨ ਅਰੋੜਾ ਉਰਫ ਡੇਲੂ ਦੇ ਕਤਲ ਦੇ ਮਾਮਲੇ ਵਿੱਚ ਉਸ ਨੂੰ ਗੋਲੀ ਮਾਰਨ ਵਾਲੇ ਆਕਾਸ਼ਦੀਪ ਨੂੰ ਗਿ੍ਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਪਿਸਟਲ ਤੋਂ ਇਲਾਵਾ ਇਕ ਹੋਰ ਨਾਜਾਇਜ਼ ਪਿਸਟਲ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ 5 ਜੁਲਾਈ ਨੂੰ ਨਿਊ ਦਿਓਲ ਨਗਰ ਵਿੱਚ ਨਿਤਿਨ ਅਰੋੜਾ ਉਰਫ ਡੇਲੂ ਵਾਸੀ ਅਸ਼ੋਕ ਨਗਰ ਨੂੰ ਉਸ ਵੇਲੇ ਉਸ ਦੇ ਹੀ ਸਾਥੀ ਆਕਾਸ਼ ਦੀਪ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੇ ਗੋਲੀ ਮਾਰ ਦਿੱਤੀ ਸੀ। ਜ਼ਖ਼ਮੀ ਹਾਲਤ ਵਿੱਚ ਉਸ ਦੇ ਹੀ ਸਾਥੀ ਉਸ ਨੂੰ ਆਰਥੋਨੋਵਾ ਹਸਪਤਾਲ ਦੇ ਬਾਹਰ ਸੁੱਟ ਕੇ ਚਲੇ ਗਏ ਸਨ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਆਕਾਸ਼ਦੀਪ, ਗੁਰਪ੍ਰਰੀਤ ਸਿੰਘ ਗੋਪੀ, ਦਲਬੀਰ ਸਿੰਘ ਬੀਰਾ, ਪਿ੍ਰੰਸ ਬਾਬਾ ਅਤੇ ਰਜਤ ਗੰਗੋਤਰਾ ਦੇ ਖਿਲਾਫ ਕਤਲ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਉਸੇ ਦਿਨ ਹੀ ਰਜਤ ਨੂੰ ਗਿ੍ਫਤਾਰ ਕਰ ਲਿਆ ਸੀ ਅਤੇ ਦਲਬੀਰ ਸਿੰਘ ਬੀਰਾ ਨੂੰ ਪੁਲਿਸ ਜੇਲ੍ਹ ਵਿੱਚੋਂ ਪ੍ਰਰੋਡਕਸ਼ਨ ਵਾਰੰਟ 'ਤੇ ਲਿਆਈ ਸੀ।

ਪੁੱਛਗਿੱਛ ਦੌਰਾਨ ਇਨ੍ਹਾਂ ਦੱਸਿਆ ਸੀ ਕਿ ਨਿਤਿਨ ਅਰੋੜਾ ਦਾ ਕਤਲ ਉਨ੍ਹਾਂ ਨੇ ਕੋਠੀ ਨੰਬਰ 158/11 ਜਿਸ ਵਿਚ ਰਜਤ ਦਾ ਦੋਸਤ ਸਾਹਿਲ ਵਾਸੀ ਫਿਰੋਜ਼ਪੁਰ ਕਿਰਾਏ 'ਤੇ ਰਹਿੰਦਾ ਸੀ, ਵਿੱਚ ਕੀਤਾ ਸੀ। ਅੱਜ ਸੀਆਈਏ ਸਟਾਫ ਦੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਥਾਣਾ ਭਾਰਗੋ ਕੈਂਪ ਦੇ ਮੁਖੀ ਭਗਵੰਤ ਸਿੰਘ ਭੁੱਲਰ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਆਕਾਸ਼ਦੀਪ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਪਰਾਗਪੁਰ ਲਾਗਿਓਂ ਗਿ੍ਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ 7.65 ਐੱਮਐੱਮ ਦਾ ਪਿਸਟਲ , ਇਕ ਹੋਰ ਪਿਸਟਲ, 4 ਕਾਰਤੂਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ।