<

p> ਜੇਐੱਨਐੱਨ, ਜਲੰਧਰ : ਸੈਂਕੜੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰ ਕੇ ਭੱਜੇ ਟਰੈਵਲ ਏਜੰਟ ਕਪਿਲ ਸ਼ਰਮਾ ਖ਼ਿਲਾਫ਼ ਠੱਗੀ ਦਾ 35ਵਾਂ ਕੇਸ ਦਰਜ ਹੋਇਆ ਹੈ। ਕਪਿਲ ਸ਼ਰਮਾ 'ਤੇ ਦਰਜ ਪਹਿਲਾਂ ਦੇ ਮਾਮਲਿਆਂ ਵਾਂਗ ਉਕਤ ਮਾਮਲੇ ਵਿਚ ਵੀ ਉਸ ਨੇ ਸਟੱਡੀ ਵੀਜ਼ਾ 'ਤੇ ਕੈਨੇਡਾ ਭੇਜਣ ਦੇ ਨਾਂ 'ਤੇ ਸ਼ਿਕਾਇਤਕਰਤਾ ਤੋਂ ਲੱਖਾਂ ਰੁਪਏ ਵਸੂਲ ਲਏ ਪਰ ਉਨ੍ਹਾਂ ਦਾ ਜਾਂ ਉਨ੍ਹਾਂ ਪਰਿਵਾਰਕ ਮੈਂਬਰਾਂ ਦਾ ਵੀਜ਼ਾ ਨਹੀਂ ਲਗਵਾਇਆ। ਇਸ ਦੇ ਨਾਲ ਹੀ ਉਨ੍ਹਾਂ ਦੇ ਪੈਸੇ ਵੀ ਨਹੀਂ ਵਾਪਸ ਕੀਤੇ। ਇਸ ਤੋਂ ਪਹਿਲਾਂ ਚਾਰ ਮਈ ਨੂੰ ਪੁਲਿਸ ਕਮਿਸ਼ਨਰ ਦਫਤਰ ਵਿਚ ਦਿੱਤੀ ਗਈ ਸ਼ਿਕਾਇਤ ਵਿਚ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਦੇ ਮੜਹੀਣ ਵਾਸੀ ਨਿਰਪਾਲ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਪੁੱਤਰ ਕਰਮਵੀਰ ਸਿੰਘ ਨੂੰ ਸਟੱਡੀ ਵੀਜ਼ਾ 'ਤੇ ਕੈਨੇਡਾ ਭੇਜਣਾ ਸੀ। ਇਸ ਸਬੰਧ ਵਿਚ ਉਹ ਜਾਲੀ 2018 'ਚ ਪੁਲਿਸ ਲਾਈਨ ਰੋਡ 'ਤੇ ਸਥਿਤ ਵਾਸਲ ਟਾਵਰ ਦੀ ਤੀਸਰੀ ਮੰਜ਼ਿਲ 'ਤੇ ਕਪਿਲ ਸ਼ਰਮਾ ਦੇ ਸਟੱਡੀ ਐਕਸਪ੍ਰਰੈੱਸ ਦਫਤਰ 'ਚ ਉਸ ਨੂੰ ਮਿਲੇ ਸਨ। ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਉਨ੍ਹਾਂ ਦੇ ਪੁੱਤਰ ਕਰਮਵੀਰ ਨੂੰ ਸਟੱਡੀ ਵੀਜ਼ਾ 'ਤੇ ਕੈਨੇਡਾ ਭੇਜ ਦੇਵੇਗਾ ਜਿਸ ਦਾ ਕੁੱਲ ਖਰਚਾ 15 ਲੱਖ ਰੁਪਏ ਆਵੇਗਾ। ਇਸ 'ਤੇ ਨਿਰਪਾਲ ਸਿੰਘ ਨੇ ਪੰਜ ਕਿਸ਼ਤਾਂ 'ਚ 10 ਲੱਖ 19 ਹਜ਼ਾਰ 700 ਰੁਪਏ ਕਪਿਲ ਸ਼ਰਮਾ ਨੂੰ ਅਦਾ ਕਰ ਦਿੱਤੇ। ਇਸ ਤੋਂ ਕੁਝ ਦਿਨ ਬਾਅਦ ਨਿਰਪਾਲ ਸਿੰਘ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਦਾ ਕੈਨੇਡਾ ਵੀਜ਼ਾ ਰੱਦ ਹੋ ਗਿਆ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਵੀਜ਼ਾ ਰੱਦ ਹੋਣ ਤੋਂ ਬਾਅਦ ਮੁਲਜ਼ਮ ਨੇ ਸਿਰਫ ਇਕ ਲੱਖ ਰੁਪਏ ਦੀ ਵਾਪਸ ਕੀਤੇ ਜਦਕਿ ਬਾਕੀ ਨਕਦੀ ਜੋ ਚੈੱਕ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਦਿੱਤੇ, ਉਹ ਬਾਊਂਸ ਹੋ ਗਏ। ਇਸ 'ਤੇ ਪੁਲਿਸ ਨੇ ਕਪਿਲ ਸ਼ਰਮਾ ਖ਼ਿਲਾਫ਼ ਧੋਖਾਧੜੀ, ਸਾਜ਼ਿਸ਼ ਰਚਣ ਅਤੇ ਪੰਜਾਬ ਟਰੈਵਲ ਪ੍ਰਰੋਫੈਸ਼ਨਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।