ਪੰਜਾਬੀ ਜਾਗਰਣ, ਜਲੰਧਰ : ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ ਤੇ 18 ਨਵੇਂ ਮਾਮਲੇ ਸਾਹਮਣੇ ਆਏ। ਦਰਅਸਲ ਜਲੰਧਰ ਦਾ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਡੀਐੱਮਸੀਐੱਚ ਹਸਪਤਾਲ ਲੁਧਿਆਣਾ 'ਚ ਦਾਖ਼ਲ ਸੀ ਜਿਸ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਇਹ ਜਲੰਧਰ 'ਚ 9ਵੀਂ ਤੇ ਸੂਬੇ 'ਚ ਕੋਰੋਨਾ ਨਾਲ 47ਵੀਂ ਮੌਤ ਹੈ। ਪਠਾਨਕੋਟ ਤੋਂ 6, ਮੋਹਾਲੀ ਤੋਂ 5, ਹੁਸ਼ਿਆਰਪੁਰ ਤੋਂ 3, ਪਟਿਆਲਾ ਤੇ ਬਠਿੰਡਾ ਤੋਂ 2-2 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ 'ਚ ਐਕਟਿਵ ਕੇਸਾਂ ਦੀ ਗਿਣਤੀ 373 ਹੋ ਗਈ ਹੈ।

ਕੋਰੋਨਾ ਨਾਲ ਜਲੰਧਰ 'ਚ ਹੁਣ ਤਕ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਸਾਹ ਲੈਣ 'ਚ ਸ਼ਿਕਾਇਤ ਹੋਣ 'ਤੇ ਮਰੀਜ਼ ਨੂੰ ਇਕ ਜੂਨ ਨੂੰ ਡੀਐੱਮਸੀਐੱਚ 'ਚ ਭਰਤੀ ਕਰਵਾਇਆ ਗਿਆ ਸੀ। ਮਰੀਜ਼ ਨੂੰ ਡਾਇਬਿਟੀਜ਼ ਦੀ ਵੀ ਸ਼ਿਕਾਇਤ ਸੀ। ਡੀਐੱਮਸੀਐੱਚ ਦੇ ਮੈਡੀਕਲ ਸੁਪਰਡੈਂਟ ਡਾ.ਅਸ਼ਵਨੀ ਚੌਧਰੀ ਤੇ ਸੀਐੱਮਓ ਡਾ.ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਮੋਹਾਲੀ 'ਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 1 ਲਾਲੜੂ, 2 ਬਲਟਾਨਾ ਤੇ 2 ਨੱਗਲ ਪਿੰਡ ਨਾਲ ਸਬੰਧਤ ਹਨ। ਜ਼ਿਲ੍ਹੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ ਕੇ 121 ਹੋ ਗਈ ਹੈ।

ਪਟਿਆਲਾ 'ਚ ਬੁੱਧਵਾਰ ਦੀ ਸਵੇਰ ਜ਼ਿਲ੍ਹੇ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇਕ ਵਿਅਕਤੀ ਜ਼ਿਲ੍ਹੇ ਦੇ ਪਾਤੜਾਂ ਤੇ ਦੂਸਰਾ ਸਮਾਣਾ ਸ਼ਹਿਰ ਨਾਲ ਸਬੰਧਤ ਹੈ।

ਬਠਿੰਡਾ 'ਚ ਵੀ ਦੋ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ ਐੱਨਆਰਆਈ ਜੋ ਕਿ ਸਟੇਟ ਕੁਆਰੰਟਾਈਨ 'ਚ ਸੀ ਅਤੇ ਦੂਜਾ ਦਿੱਲੀ ਤੋਂ ਪਰਤਿਆ ਸੀ, ਘਰ ਵਿੱਚ ਇਕਾਂਤਵਾਸ ਸਨ। ਇਸ ਤੋਂ ਬਿਨਾਂ ਅੱਜ 143 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ। 268 ਰਿਪੋਰਟਾਂ ਫਿਲਹਾਲ ਪੈਂਡਿੰਗ ਹਨ।

ਪਠਾਨਕੋਟ 'ਚ ਇਕੱਠੇ 6 ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ

ਸੁਰਿੰਦਰ ਮਹਾਜਨ, ਪਠਾਨਕੋਟ : ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਰੋਜ਼ ਇਨ੍ਹਾਂ ਵਿਚ ਵਾਧਾ ਹੋ ਰਿਹਾ ਹੈ। ਅੱਜ ਆਈ ਰਿਪੋਰਟ ਮੁਤਾਬਕ ਛੇ ਹੋਰ ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿਚੋਂ ਚਾਰ ਇੱਕੋ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਵਿਚੋਂ ਇਕ ਮੈਂਬਰ ਪਹਿਲਾਂ ਹੀ ਪਾਜ਼ੇਟਿਵ ਹੈ। ਦੋ ਔਰਤਾਂ ਸਮੇਤ ਇਕ ਪਠਾਨਕੋਟ ਏਅਰ ਫੋਰਸ ਸਟੇਸ਼ਨ ਦਾ ਵਸਨੀਕ ਹੈ। ਅੱਜ ਆਏ ਕੇਸਾਂ ਨਾਲ ਦੂਜੇ ਰਾਊਂਡ ਦੇ ਮਰੀਜ਼ਾਂ ਦੀ ਗਿਣਤੀ 38 ਹੋ ਗਈ ਹੈ।

Posted By: Seema Anand