ਜੇਐੱਨਐੱਨ, ਜਲੰਧਰ : ਨਗਰ ਨਿਗਮ ਦੀ ਟਾਊਨ ਪਲਾਨਿੰਗ ਐਂਡ ਬਿਲਡਿੰਗ ਐਡਹਾਕ ਕਮੇਟੀ ਨੂੰ ਬਿਲਡਿੰਗ ਬ੍ਾਂਚ ਨੇ ਸ਼ੁੱਕਰਵਾਰ ਸਿਰਫ ਇਕ ਹੀ ਕਾਲੋਨੀ ਦੀ ਫਾਈਲ ਉਪਲਬਧ ਕਰਵਾਈ ਹੈ। ਕੈਂਟ ਵਿਧਾਨ ਸਬਾ ਹਲਕਾ ਦੇ ਇਕ ਕਾਲੋਨਾਈਜ਼ਰ ਰਾਕੇਸ਼ ਕੁਮਾਰ ਦੀਆਂ 35 ਕਾਲੋਨੀਆਂ ਦੀ ਸੂਚਨਾ ਸਾਹਮਣੇ ਆਈ ਹੈ। ਇਨ੍ਹਾਂ 'ਚੋਂ 18 ਕਾਲੋਨੀਆਂ ਨੂੰ ਮਨਜ਼ੂਰ ਕਰਨ ਲਈ ਅਰਜ਼ੀ ਦਿੱਤੀ ਗਈ ਸੀ। ਇਨ੍ਹਾਂ 18 ਕਾਲੋਨੀਆਂ ਦਾ ਰਿਕਾਰਡ ਬਿਲਡਿੰਗ ਐਡਹਾਕ ਕਮੇਟੀ ਨੇ ਮੰਗਿਆ ਹੈ। ਇਨ੍ਹਾਂ 'ਚੋਂ ਸਿਰਫ ਇਕ ਫਾਈਲ ਹੀ ਉਪਲਬਧ ਕਰਵਾਈ ਗਈ ਹੈ। ਬਿਲਡਿੰਗ ਹਾਊਸ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਡਿਫੈਂਸ ਕਾਲੋਨੀ ਪਾਰਟ-3 ਦੀ ਫਾਈਲ ਮਿਲ ਗਈ ਹੈ ਤੇ ਇਸ ਦੀ ਸਟੱਡੀ ਕਰ ਰਹੇ ਹਨ। ਫਾਈਲ 'ਚ ਗੜਬੜੀ ਹੀ ਗੜਬੜੀ ਹੈ। ਨਿੰਮਾ ਨੇ ਕਿਹਾ ਕਿ ਫਾਈਲ 'ਚ ਬਿਨੈ ਪੱਤਰ ਦੇ ਨਾਲ-ਨਾਲ ਇਹ ਸਭ ਪਤਾ ਲੱਗਾ ਹੈ ਕਿ ਨਗਰ ਨਿਗਮ ਜੋ ਰਿਕਾਰਡ ਮੰਗੇਗਾ ਅਤੇ ਜੋ ਦਸਤਾਵੇਜ਼ ਜ਼ਰੂਰੀ ਹੋਣਗੇ ਉਹ ਤੁਰੰਤ ਜਮ੍ਹਾਂ ਕਰਵਾ ਦਿੱਤੇ ਜਾਣਗੇ। ਮੁਰਗਾ ਦੀ ਕਾਲੋਨੀ ਨੂੰ ਮਨਜ਼ੂਰ ਕਰਨ ਦੀ ਅਰਜ਼ੀ ਅਤੇ ਕਰੁਣਾ ਇੱਧਰ ਦਾ ਦਸਤਾਵੇਜ਼ ਉਪਲਬਧ ਕਰਵਾਉਣ ਦਾ ਲੈਟਰ ਨਗਰ ਨਿਗਮ ਨੂੰ ਸਿਰਫ ਗੁਮਰਾਹ ਕਰਨ ਲਈ ਦਿੱਤਾ ਗਿਆ ਹੈ। ਫਾਈਲ 'ਚ ਹੋਰ ਕੋਈ ਵੀ ਕਾਗਜ਼ ਨਹੀਂ ਲੱਗਾ ਹੈ। ਅਰਜ਼ੀ ਆਏ ਨੂੰ ਲੰਬਾ ਸਮਾਂ ਹੋ ਗਿਆ ਪਰ ਨਿਗਮ ਅਧਿਕਾਰੀਆਂ ਨੇ ਹਾਲੇ ਤਕ ਫਾਈਲ ਪੂਰੀ ਕਰਨ, ਫੀਸ ਵਸੂਲੀ ਤੇ ਕਾਲੋਨੀ ਨੂੰ ਮਨਜ਼ੂਰ ਕਰਨ ਲਈ ਕਾਰਵਾਈ ਨਹੀਂ ਕੀਤੀ ਹੈ। ਇਕ ਹੀ ਕਾਲੋਨਾਈਜ਼ਰ ਦੀ 18 ਮਹੀਨੇ ਪਹਿਲਾਂ ਫਾਈਲ ਆਈ ਸੀ ਤੇ ਬਾਕੀ ਫਾਈਲਾਂ ਦਾ ਹਾਲੇ ਤਕ ਕੁਝ ਪਤਾ ਨਹੀਂ ਹੈ। ਬਿਲਡਿੰਗ ਬ੍ਾਂਚ ਦੇ ਅਧਿਕਾਰੀਆਂ ਨੇ ਕਿਹਾ ਕਿ ਬਾਕੀ ਫਾਈਲਾਂ ਮੰਗਲਵਾਰ ਜਾਂ ਬੁੱਧਵਾਰ ਤਕ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ ਟਾਊਨ ਪਲਾਨਿੰਗ ਐਂਡ ਬਿਲਡਿੰਗ ਐਡਹਾਕ ਕਮੇਟੀ ਲਗਪਗ ਸਵਾ ਸਾਲ ਤੋਂ ਕਾਰਵਾਈ ਕਰਵਾਉਣ ਲਈ ਕੋਸ਼ਿਸ਼ ਕਰ ਰਹੀ ਹੈ ਪਰ ਬਿਲਡਿੰਗ ਬ੍ਾਂਚ ਦੇ ਅਧਿਕਾਰੀ ਟਾਲ-ਮਟੋਲ 'ਚ ਲੱਗੇ ਹਨ। ਲਗਪਗ 34 ਕਾਲੋਨੀਆਂ ਅਜਿਹੀਆਂ ਹਨ, ਜਿਨ੍ਹਾਂ ਆਪਣੀਆਂ ਨਾਜਾਇਜ਼ ਕਾਲੋਨੀਆਂ ਨੂੰ ਮਨਜ਼ੂਰ ਕਰਵਾਉਣ ਲਈ ਅਰਜ਼ੀ ਦਿੱਤੀ ਸੀ ਪਰ ਇਨ੍ਹਾਂ 'ਚੋਂ ਚਾਰ ਜਾਂ ਪੰਜ ਕਾਲੋਨੀਆਂ ਹੀ ਮਨਜ਼ੂਰ ਹੋ ਪਾਈਆਂ ਹਨ ਤੇ ਬਾਕੀਆਂ ਤੋਂ ਫੀਸ ਤਕ ਨਹੀਂ ਲਈ ਗਈ। ਐਡਹਾਕ ਕਮੇਟੀ ਦੀਆਂ ਕੋਸ਼ਿਸਾਂ ਮਗਰੋਂ ਫੀਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਪਰ ਹਾਲੇ ਵੀ ਛੇ ਮਹੀਨੇ ਤੋਂ ਕੰਮ ਰੁਕਿਆ ਹੋਇਆ ਹੈ। ਇਸੇ ਨਾਰਾਜ਼ਗੀ ਕਾਰਨ ਐਡਹਾਕ ਕਮੇਟੀ ਨੇ ਪਿਛਲੇ ਛੇ ਮਹੀਨੇ ਤੋਂ ਅਧਿਕਾਰੀਆਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਹੈ।

ਵਿਜੀਲੈਂਸ ਨੂੰ ਸ਼ਿਕਾਇਤ ਤੋਂ ਪਹਿਲਾਂ ਵਕੀਲ ਤੋਂ ਲੈਣਗੇ ਕਾਨੂੰਨੀ ਰਾਏ

ਬਿਲਡਿੰਗ ਐਡਹਾਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਫਾਈਲ ਨੂੰ ਚੈਕਿੰਗ ਕਰ ਰਹੇ ਹਨ ਤੇ ਇਕ-ਦੋ ਦਿਨਾਂ 'ਚ ਹੀ ਇਸ 'ਤੇ ਵਕੀਲ ਤੋਂ ਲੀਗਲ ਰਾਏ ਵੀ ਲੈਣਗੇ। ਉਨ੍ਹਾਂ ਕਿਹਾ ਕਿ ਕੇਸ ਮਜ਼ਬੂਤ ਕਰਨ ਮਗਰੋਂ ਹੀ ਸਟੇਟ ਵਿਜੀਲੈਂਸ ਨੂੰ ਸ਼ਿਕਾਇਤ ਸੌਂਪੀ ਜਾਵੇਗੀ। ਬਾਕੀ 17 ਫਾਈਲਾਂ ਵੀ ਮੰਗਲਵਾਰ ਜਾਂ ਬੁੱਧਵਾਰ ਨੂੰ ਮਿਲ ਜਾਣਗੀਆਂ ਤਾਂ ਸਾਰੀਆਂ ਫਾਈਲਾਂ ਇਕੱਠੇ ਹੀ ਸ਼ਿਕਾਇਤ ਦੇ ਨਾਲ ਹੈਂਡ ਓਵਰ ਕਰਨਗੇ।

ਵਿਧਾਇਕ ਦੇ ਮੁਹੱਲੇ 'ਚ ਹੀ ਨਾਜਾਇਜ਼ ਉਸਾਰੀ ਦੀ ਸ਼ਿਕਾਇਤ

ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ ਦੇ ਵਿਧਾਇਕ ਰਾਜਿੰਦਰ ਬੇਰੀ ਦੇ ਆਪਣੇ ਮੁਹੱਲੇ ਸੈਂਟਰਲ ਟਾਊਨ 'ਚ ਨਾਜਾਇਜ਼ ਉਸਾਰੀ ਜ਼ੋਰਾਂ 'ਤੇ ਹੈ। ਗਲੀ ਨੰਬਰ ਦੋ ਵਾਸੀ ਸ਼ਿਆਮਸੁੰਦਰ ਚੋਪੜਾ ਨੇ ਨਗਰ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦੀ ਗਲੀ 'ਚ ਬਿਨਾਂ ਮਨਜ਼ੂਰੀ ਦੋ ਮੰਜ਼ਿਲਾ ਮਕਾਨ ਦੀ ਉਸਾਰੀ ਹੋ ਰਹੀ ਹੈ ਤੇ ਇਸ ਨਾਲ ਆਲੇ-ਦੁਆਲੇ ਦੇ ਲੋਕ ਵੀ ਪਰੇਸ਼ਾਨ ਹਨ। ਸ਼ਿਕਾਇਤਕਰਤਾ ਚੋਪੜਾ ਦਾ ਕਹਿਣਾ ਹੈ ਕਿ ਉਸਾਰੀ ਕਰਨ ਵਾਲੇ ਵਿਅਕਤੀ ਨੂੰ ਜਦੋਂ ਮਨਜ਼ੂਰੀ ਕਰਵਾ ਕੇ ਉਸਾਰੀ ਕਰਨ ਲਈ ਕਿਹਾ ਤਾਂ ਉਹ ਧਮਕਾਉਣ ਲੱਗਾ ਤੇ ਕਿਹਾ ਕਿ ਚਾਹੇ ਜਿਸ ਮਰਜ਼ੀ ਨੂੰ ਸ਼ਿਕਾਇਤ ਕਰ ਦਿਓ ਉਸ 'ਤੇ ਕੋਈ ਅਸਰ ਨਹੀਂ ਹੈ। ਚੋਪੜਾ ਦਾ ਦੋਸ਼ ਹੈ ਕਿ ਦੂਜੀ ਮੰਜ਼ਿਲ 'ਤੇ ਸੜਕ ਵੱਲ ਚਾਰ ਫੁੱਟ ਤੋਂ ਜ਼ਿਆਦਾ ਸਲੋਪ ਬਣਾ ਦਿੱਤੀ ਹੈ, ਜਿਸ ਨਾਲ ਬਰਸਾਤ ਦੇ ਦਿਨਾਂ 'ਚ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ। ਸੈਂਟਰਲ ਟਾਊਨ 'ਚ ਹੋਰ ਵੀ ਕਈ ਇਮਾਰਤਾਂ ਬਣ ਰਹੀਆਂ ਹਨ ਤੇ ਇਨ੍ਹਾਂ 'ਚੋਂ ਜ਼ਿਆਦਾਤਰ ਨੇ ਨਗਰ ਨਿਗਮ ਤੋਂ ਮਨਜ਼ੂਰੀ ਨਹੀਂ ਲਈ ਹੈ।