ਸੁਖਜੀਤ ਕੁਮਾਰ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਹਾਈਵੇ 'ਤੇ ਡੀਏਵੀ ਯੂਨੀਵਰਸਿਟੀ ਨੇੜੇ ਸੋਮਵਾਰ ਕਰੀਬ ਸਾਢੇ ਪੰਜ ਵਜੇ ਤੋਂ ਬਾਅਦ ਸੜਕ ਹਾਦਸੇ 'ਚ ਇਕ ਪਰਵਾਸੀ ਭਾਰਤੀ ਕੈਨੇਡਾ ਨਿਵਾਸੀ 41 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਏਐੱਸਆਈ ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲਾਵਲਪੁਰ ਦੇ ਮੁਹੱਲਾ ਰਮਦਾਮਪੁਰ ਦਾ ਰਹਿਣ ਵਾਲਾ ਚੰਦਨ ਕੁਮਾਰ ਪੁੱਤਰ ਸੁਖਦੇਵ ਲਾਲ ਜੋ ਡੀਏਵੀ ਯੂਨੀਵਰਸਿਟੀ ਸਰਮਸਤਪੁਰ (ਜਲੰਧਰ) ਦਾ ਵਿਦਿਆਰਥੀ ਸੀ। ਉਹ ਸੋਮਵਾਰ ਸ਼ਾਮ ਨੂੰ ਯੂਨੀਵਰਸਿਟੀ 'ਚੋਂ ਮੋਟਰਸਾਈਕਲ 'ਤੇ ਘਰ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਹਾਈਵੇ 'ਤੇ ਪੈਂਦੀ ਪੁਲਿਸ ਚੌਕੀ ਅਲਾਵਲਪੁਰ ਦੇ ਇਲਾਕੇ 'ਚ ਪੁੱਜਾ ਤਾਂ ਉਸ ਦੇ ਮੋਟਰਸਾਈਕਲ ਨੂੰ ਕੁਝ ਸਮੇਂ ਪਹਿਲਾਂ ਭਾਰਤ ਆਏ ਗੁਰਨਾਮ ਰਿਆਤ ਪੁੱਤਰ ਪਿ੍ਰਤਪਾਲ ਵਾਸੀ ਰੇਰੂ ਜੋ ਭੋਗਪੁਰ ਵੱਲੋਂ ਘਰ ਜਾ ਰਿਹਾ ਸੀ, ਦੀ ਚੰਦਨ ਕੁਮਾਰ ਦੇ ਮੋਟਰਸਾਈਕਲ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਗੁਰਨਾਮ ਰਿਆਤ ਦੀ ਮੌਤ ਹੋ ਗਈ, ਜਦਕਿ ਚੰਦਨ ਕੁਮਾਰ ਨੂੰ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਚੌਕੀ ਇੰਚਾਰਜ ਏਐੱਸਆਈ ਹਰਪਾਲ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।