ਅਮਰਜੀਤ ਸਿੰਘ ਵੇਹਗਲ , ਜਲੰਧਰ : ਦੇਰ ਰਾਤ ਡੀਏਵੀ ਕਾਲਜ ਨੇੜੇ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮਿ੍ਤਕ ਨੌਜਵਾਨ ਦੀ ਪਛਾਣ ਸੰਨੀ (19) ਪੁੱਤਰ ਬਰਤ ਸਿੰਘ ਚੌਹਾਨ ਵਾਸੀ ਸਤਨਾਮ ਨਗਰ, ਗਾਂਧੀ ਕੈਂਪ ਜਲੰਧਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਨੀ ਗੁਆਂਢ ਵਿਚ ਰਹਿੰਦੇ ਆਪਣੇ ਦੋਸਤ ਗੋਬਿੰਦ ਦਾਸ ਨਾਲ ਦੇਰ ਰਾਤ ਡੀਏਵੀ ਕਾਲਜ ਦੇ ਪੁਲ਼ ਉੱਪਰ ਆਪਸ ਵਿਚ ਮੋਟਰਸਾਈਕਲਾਂ 'ਤੇ ਰੇਸ ਲਗਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪੁਲ਼ ਤੋਂ ਉਤਰ ਰਹੇ ਸਨ ਤਾਂ ਅੱਗੇ ਜਾ ਰਹੇ ਟਰੱਕ ਨੂੰ ਗੋਬਿੰਦ ਦਾਸ ਨੇ ਪਾਰ ਕਰ ਲਿਆ ਪਰ ਸੰਨੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਅੱਗੇ ਜਾ ਰਹੇ ਟਰੱਕ ਹੇਠਾਂ ਜਾ ਵੜਿਆ। ਉਸ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਨਜ਼ਦੀਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਡਾਕਟਰ ਨੇ ਵੱਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ।

ਸੰਨੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮਿ੍ਤਕ ਦੀ ਮਾਤਾ ਨੇ ਦੱਸਿਆ ਹੈ ਕਿ ਕੁਝ ਹੀ ਸਮਾਂ ਪਹਿਲਾਂ ਸੰਨੀ ਨੇ ਜਿੱਦ ਕਰ ਕੇ ਨਵਾਂ ਬੁਲਟ ਮੋਟਰਸਾਈਕਲ ਖ਼ਰੀਦਿਆ ਸੀ। ਉਨ੍ਹਾਂ ਦੱਸਿਆ ਹੈ ਕਿ ਦੇਰ ਰਾਤ ਉਹ ਆਪਣੇ ਗੁਆਂਢ ਵਿਚ ਰਹਿੰਦੇ ਦੋਸਤ ਨਾਲ ਘਰੋਂ ਗਿਆ ਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੰਨੀ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਨੀ ਉਨ੍ਹਾਂ ਦਾ ਇਕੋ-ਇਕ ਸਹਾਰਾ ਸੀ। ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦਾ ਪਤੀ ਅੰਗਹੀਣ ਹੋਣ ਕਰ ਕੇ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੀ ਹੈ।

——

ਪੁਲਿਸ ਕਾਰਵਾਈ ਤੋਂ ਬਿਨਾਂ ਹੀ ਲਾਸ਼ ਲੈ ਤੁਰੇ ਵਾਰਸ

ਨਿਜੀ ਹਸਪਤਾਲ ਦੇ ਡਾਕਟਰ ਵੱਲੋਂ ਸੰਨੀ ਨੂੰ ਮਿ੍ਤਕ ਕਰਾਰ ਦਿੱਤੇ ਜਾਣ ਤੋਂ ਬਾਅਦ ਮਿ੍ਤਕ ਦੇ ਵਾਰਸ ਪੁਲਿਸ ਦੀ ਉਡੀਕ ਕਰਨ ਤੋਂ ਬਿਨਾਂ ਹੀ ਮਿ੍ਤਕ ਦੇਹ ਨੂੰ ਆਪਣੇ ਘਰ ਲੈ ਤੁਰੇ। ਜਦ ਇਸ ਗੱਲ ਦੀ ਭਿਣਕ ਪੁਲਿਸ ਨੂੰ ਪਈ ਤਾਂ ਪੁਲਿਸ ਮੁਲਾਜ਼ਮਾਂ ਨੇ ਮਿ੍ਤਕ ਦੇ ਘਰ ਪੁੱਜ ਕੇ ਉਸ ਦੀ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਟਰੱਕ ਦੇ ਪਿੱਛੇ ਵੱਜ ਕੇ ਸੰਨੀ ਦੀ ਮੌਤ ਹੋਈ ਹੈ, ਉਸ ਟਰੱਕ ਚਾਲਕ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਟਰੱਕ ਚਾਲਕ ਮੌਕੇ 'ਤੇ ਰੁਕਿਆ ਹੀ ਨਹੀਂ। ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।