ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ. ਤਿੰਨ ਦੀ ਹੱਦ ਵਿਚ ਪੈਂਦੇ ਲਾਲ ਬਾਜ਼ਾਰ ਵਿਚ ਸਥਿਤ ਭੱਟ ਮਾਰਕੀਟ 'ਚ ਹੌਜਰੀ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਇਕ ਨੌਜਵਾਨ ਦੀ ਉਸਦੇ ਕਮਰੇ ਵਿਚ ਸ਼ੁੱਕਰਵਾਰ ਸਵੇਰੇ ਝੁਲਸੀ ਹਾਲਤ ਵਿਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਕਤ ਨੌਜਵਾਨ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ ਜਾਂ ਕਿਸੇ ਹੋਰ ਕਾਰਨ ਨਾਲ ਅੱਗ ਲੱਗੀ ਹੈ ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਸੰਜੀਤ ਵਾਸੀ ਬਿਹਾਰ ਹਾਲ ਵਾਸੀ ਲਾਲ ਬਾਜ਼ਾਰ ਦੀ ਅੱਜ ਉਸ ਦੇ ਕਮਰੇ 'ਚ ਸੜੀ ਹੋਈ ਲਾਸ਼ ਮਿਲੀ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦ ਪ੍ਰਦੀਪ ਟੰਡਨ, ਜੋ ਕਿ ਲਾਲ ਬਾਜ਼ਾਰ ਵਿਚ ਹੀ ਹੌਜ਼ਰੀ ਦਾ ਕੰਮ ਕਰਦਾ ਹੈ, ਦਾ ਵਰਕਰ ਸੰਜੀਤ ਦੁਕਾਨ 'ਤੇ ਨਹੀਂ ਪਹੁੰਚਿਆ ਤਾਂ ਪ੍ਰਦੀਪ ਉਸ ਦੇ ਕਮਰੇ ਵਿਚ ਗਿਆ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਜਦ ਦਰਵਾਜ਼ਾ ਖੋਲ੍ਹ ਕੇ ਪ੍ਰਦੀਪ ਅੰਦਰ ਗਿਆ ਤਾਂ ਅੰਦਰ ਸੰਜੀਤ ਦੀ ਸੜੀ ਹੋਈ ਲਾਸ਼ ਪਈ ਸੀ ਤੇ ਲਾਸ਼ ਦੇ ਲਾਗੇ ਹੀ ਸ਼ਰਾਬ ਦੀ ਖਾਲੀ ਬੋਤਲ ਤੇ ਹੋਰ ਬਹੁਤ ਸਾਰਾ ਸਾਮਾਨ ਸੜਿਆ ਪਿਆ ਸੀ। ਘਟਨਾ ਦੀ ਸੂਚਨਾ 'ਤੇ ਥਾਣਾ ਤਿੰਨ ਦੇ ਮੁਖੀ ਮੁਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਪਹੁੰਚੇ। ਥਾਣਾ ਮੁਖੀ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਪ੍ਰਦੀਪ ਟੰਡਨ ਨੇ ਦੱਸਿਆ ਕਿ ਸੰਜੀਤ ਇਕ ਮਹੀਨੇ ਬਾਅਦ ਵੀਰਵਾਰ ਨੂੰ ਹੀ ਆਪਣੇ ਪਿੰਡੋਂ ਵਾਪਸ ਆਇਆ ਸੀ। ਸ਼ੁੱਕਰਵਾਰ ਸਵੇਰੇ ਜਦ ਉਹ ਦੁਕਾਨ 'ਤੇ ਨਹੀਂ ਪਹੁੰਚਿਆ ਤਾਂ ਉਹ ਉਸ ਦੇ ਕਮਰੇ ਵਿਚ ਉਸ ਨੂੰ ਦੇਖਣ ਲਈ ਗਿਆ ਜਿੱਥੇ ਉਸ ਦੀ ਸੜੀ ਹੋਈ ਲਾਸ਼ ਪਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੁਕਾਨ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ। ਮਿ੍ਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਜੋ ਬਿਹਾਰ ਤੋਂ ਜਲੰਧਰ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।