ਜਤਿੰਦਰ ਪੰਮੀ, ਜਲੰਧਰ

ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਨਾਲ ਜ਼ਿਲ੍ਹੇ 'ਚ ਮੌਤਾਂ ਦੀ ਗਿਣਤੀ 22 ਤਕ ਪਹੁੰਚ ਗਈ ਹੈ। ਜ਼ਿਲ੍ਹੇ 'ਚ 8 ਨਵੇਂ ਮਰੀਜ਼ਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ। ਮੰਗਲਵਾਰ ਨੂੰ ਬਾਅਦ ਦੁਪਹਿਰ ਕੋਰੋਨਾ ਮਰੀਜ਼ ਦਾ ਸਸਕਾਰ ਕਰਨ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਵਿਰੋਧ ਕੀਤਾ। ਮੌਕੇ 'ਤੇ ਪੁਲਿਸ ਤੇ ਇਲਾਕਾ ਕੌਂਂਸਲਰ ਨੇ ਸਥਿਤੀ ਨੂੰ ਸੰਭਾਲਿਆ। ਸਕੇ-ਸਬੰਧੀਆਂ ਨੂੰ ਮਿ੍ਤਕ ਦੇਹ ਦੇ ਅੰਤਿਮ ਦਰਸ਼ਨ ਵੀ ਨਸੀਬ ਨਹੀਂ ਹੋਏ। ਅੰਤਿਮ ਸੰਸਕਾਰ ਆਖਰੀ ਉਮੀਦ ਵੈੱਲਫੇਅਰ ਸੁਸਾਇਟੀ ਨੇ ਕਰਵਾਇਆ। ਉੱਥੇ ਹੀ ਹਸਪਤਾਲ ਤੋਂ 22 ਲੋਕਾਂ ਨੂੰ ਛੁੱਟੀ ਦੇ ਘਰ ਰਵਾਨਾ ਕੀਤਾ ਗਿਆ।

ਗੁਰੂ ਨਾਨਕਪੁਰਾ ਵੈਸਟ ਇਲਾਕੇ 'ਚ ਰਹਿਣ ਵਾਲੇ 55 ਸਾਲਾ ਜੋਗਿੰਦਰਪਾਲ ਦੀ ਸੋਮਵਾਰ ਨੂੰ ਦੇਰ ਰਾਤ ਸਿਵਲ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ਗਈ ਸੀ। ਉੱਥੇ ਪਿਛਲੇ ਕਰੀਬ ਇਕ ਹਫਤੇ ਤੋਂ ਬਿਮਾਰ ਸੀ। ਪਹਿਲਾਂ ਉਹ ਇਲਾਕੇ ਦੇ ਡਾਕਟਰ ਤੋਂ ਇਲਾਜ ਕਰਵਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਡਾ. ਵਰਿੰਦਰ ਮਾਹੀ ਨਾਲ ਸੰਪਰਕ ਕੀਤਾ। ਉੱਥੇ ਐਕਸਰੇ ਅਤੇ ਈਸੀਜੀ ਠੀਕ ਆਈ ਪਰ ਮਰੀਜ਼ ਨੂੰ ਸਾਹ ਲੈਣ ਦੀ ਦਿੱਕਤ ਲਗਾਤਾਰ ਵਧ ਰਹੀ ਸੀ। ਮਰੀਜ਼ ਦਾ ਸਿਵਲ ਹਸਪਤਾਲ 'ਚ ਕੋਰੋਨਾ ਟੈਸਟ ਕਰਵਾਇਆ। ਪਾਜ਼ੇਟਿਵ ਆਉਣ 'ਤੇ ਸੋਮਵਾਰ ਨੂੰ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਉਹ ਜਿੰਮਖਾਨਾ ਕਲੱਬ ਦੇ ਸਾਹਮਣੇ ਇਕ ਸੰਸਥਾ ਦੇ ਕੰਪਿਊਟਰ ਆਪਰੇਟਰ ਸੀ। ਮਿ੍ਤਕ ਦੇ ਪਰਿਵਾਰ 'ਚ 21 ਸਾਲਾ ਲੜਕੀ ਅਤੇ 11 ਸਾਲਾ ਮੁੰਡਾ ਅਤੇ ਪਤਨੀ ਸ਼ਾਮਲ ਹਨ। ਸ਼ਮਸ਼ਾਨਘਾਟ 'ਚ ਉਹ ਅੰਤਿਮ ਦਰਸ਼ਨ ਕਰਨ ਦੀ ਰੱਟ ਲਗਾ ਰਹੇ ਸੀ ਪਰ ਆਖਰੀ ਪਲ ਤਕ ਉਹ ਦਰਸ਼ਨ ਨਹੀਂ ਕਰ ਸਕੇ। ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਆਖਰੀ ਉਮੀਦ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਅੰਤਿਮ ਸੰਸਕਾਰ ਸੂਰਿਆ ਇਨਕਲੇਵ ਨਾਲ ਲੱਗਦੇ ਬਸ਼ੀਰਪੁਰਾ 'ਚ ਕਰਵਾਇਆ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੇ ਵਿਰੋਧ ਕੀਤਾ। ਸਿਹਤ ਵਿਭਾਗ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ। ਇਸ ਦੇ ਨਾਲ ਹੀ ਮੌਕੇ 'ਤੇ ਇਲਾਕਾ ਕੌਂਸਲਰ ਮਨਮੋਹਨ ਸਿੰਘ ਰਾਜੂ ਵੀ ਪਹੁੰਚ ਗਏ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਸ਼ਾਂਤ ਕਰਵਾਇਆ। ਸੰਸਥਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਪੀਪੀਈ ਕਿੱਟਾਂ ਪਾ ਕੇ ਅੰਤਿਮ ਸੰਸਕਾਰ ਕਰਵਾਇਆ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਇਲਾਕਾ ਵਾਸੀ ਅੰਤਿਮ ਸੰਸਕਾਰ ਨੂੰ ਲੈ ਕੇ ਵਿਰੋਧ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਪਰਿਵਾਰ ਨੂੰ ਪੂਰੀ ਸਹਾਇਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦਾ ਰਾਸ਼ਨ ਦਿੱਤਾ ਜਾਵੇਗਾ। ਇਲਾਕਾ ਕੌਂਸਲਰ ਮਨਮੋਹਨ ਸਿੰਘ ਰਾਜੂ ਦਾ ਕਹਿਣਾ ਹੈ ਕਿ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਹੈ। ਸਸਕਾਰ ਦੇ ਸਮੇਂ ਲੋਕਾਂ ਨੇ ਵਿਰੋਧ ਜਤਾਇਆ ਪਰ ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਇਸ ਨਾਲ ਕੋਰੋਨਾ ਫੈਲਣ ਦਾ ਡਰ ਨਹੀਂ ਹੈ।

ਮੰਗਲਵਾਰ ਨੂੰ ਕੋਰੋਨਾ ਨੇ 8 ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ 'ਚ ਦੋ ਨਿੱਜੀ ਹਸਪਤਾਲਾਂ ਦੀਆਂ ਨਰਸਾਂ ਜੋ ਗੁਰਦਾਸਪੁਰ ਅਤੇ ਮੋਹਾਲੀ 'ਚ ਰਹਿਣ ਵਾਲੀਆਂ ਹਨ। ਦੋ ਮਰੀਜ਼ ਸਪੇਨ ਤੋਂ ਵਾਪਸ ਆਏ ਹਨ ਤੇ ਜਾਂਚ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ। 2 ਮਰੀਜ਼ਾਂ ਦੇ ਸੰਪਰਕ ਲੱਭਣ 'ਚ ਸਿਹਤ ਵਿਭਾਗ ਨਾਕਾਮ ਰਿਹਾ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ 'ਚ ਗੁਰੂ ਨਾਨਕ ਨਗਰ ਵੈਸਟ 'ਚ ਰਹਿਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ। 8 ਨਵੇਂ ਮਰੀਜ਼ਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਇਨ੍ਹਾਂ 'ਚ ਇਕ ਮਰੀਜ਼ ਗੁਰਦਾਸਪੁਰ ਹੈ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 722 ਅਤੇ ਮਰਨ ਵਾਲਿਆਂ ਦੀ 22 ਤਕ ਪਹੁੰਚ ਗਈ ਹੈ। ਸੈਂਪਲਾਂ ਦੀ ਗਿਣਤੀ 22866 ਅਤੇ ਨੈਗੇਟਿਵ ਆਉਣ ਵਾਲਿਆਂ ਦੀ 21161 ਤਕ ਪਹੁੰਚ ਗਈ ਹੈ। ਹਸਪਤਾਲ ਤੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਟ ਹੋਣ ਵਾਲਿਆਂ ਦੀ ਗਿਣਤੀ 466 ਤਕ ਪਹੁੰਚ ਗਈ ਹੈ।

ਕੋਰੋਨਾ ਨੇ ਅੱਜ 4 ਵਿਅਕਤੀਆਂ ਅਤੇ 4 ਅੌਰਤਾਂ ਨੂੰ ਲਪੇਟ 'ਚ ਲਿਆ ਹੈ। ਅੱਜ ਫੋਕਲ ਪੁਆਇੰਟ, ਚੱਕ ਹੁਸੈਨਾ, ਸੱਕੁਵਾਲ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਭਾਰਗੋ ਕੈਂਪ, ਪਦਿਆਣਾ, ਕੈਪੀਟੋ ਹਸਪਤਾਲ, ਗੁਰਦਾਸਪੁਰ ਤੋਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।