ਜਤਿੰਦਰ ਪੰਮੀ, ਜਲੰਧਰ

ਕੋਰੋਨਾ ਵਾਇਰਸ ਮਹਾਮਾਰੀ ਅਹਿਤਿਆਤ ਨਾ ਵਰਤਣ ਵਾਲੇ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਸੋਮਵਾਰ ਨੂੰ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ ਦੇ ਨਾਲ ਹੀ ਬਿਸ਼ਪ ਹਾਊਸ ਦੇ ਫਰੈਂਕੋ ਮੁਲੱਕਲ ਤੇ ਇਕ ਅੌਰਤ ਡਾਕਟਰ ਸਮੇਤ ਨਿੱਜੀ ਹਸਪਤਾਲਾਂ ਦੇ 8 ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1271 ਤਕ ਤੇ ਮਰਨ ਵਾਲਿਆਂ ਦੀ ਗਿਣਤੀ 28 ਤਕ ਪੁੱਜ ਗਈ ਹੈ। ਓਧਰ ਅੱਜ 55 ਵਿਅਕਤੀਆਂ ਨੂੰ ਛੁੱਟੀ ਦੇ ਕੇ ਘਰੇ ਆਈਸੋਲੇਸ਼ਨ ਲਈ ਭੇਜ ਦਿੱਤਾ ਗਿਆ ਹੈ। ਸਿਹਤ ਵਿਭਾਗ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ 'ਚ ਦੋ ਮੌਤਾਂ ਹੋਈਆਂ ਹਨ। ਇਨ੍ਹਾਂ ਵਿਚ ਇਕ 65 ਸਾਲਾ ਅੌਰਤ ਵਾਸੀ ਪਾਪੜੀਆਂ ਬਾਜ਼ਾਰ ਸ਼ਾਮਲ ਹੈ, ਜਿਸ ਨੂੰ ਪਿਛਲੇ ਹਫਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਸ਼ੂਗਰ ਤੇ ਹਾਈਪਰਟੈਂਸ਼ਨ ਦੀ ਬਿਮਾਰੀ ਸੀ। ਉਸ ਦੀ ਮੌਤ ਤੋਂ ਬਾਅਦ ਟਰੂਨੈੱਟ 'ਤੇ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸੋਮਵਾਰ ਨੂੰ ਵੀ ਸੰਤੋਖਪੁਰਾ ਮੁਹੱਲਾ ਵਾਸੀ 54 ਸਾਲਾ ਵਿਅਕਤੀ ਵੀ ਟਰੂਨੈੱਟ 'ਤੇ ਕੋਰੋਨਾ ਦਾ ਟੈਸਟ ਕਰਨ ਤੋਂ ਬਾਅਦ ਪਾਜ਼ੇਟਿਵ ਪਾਇਆ ਗਿਆ ਤੇ ਉਸ ਦੀ ਵੀ ਮੌਤ ਹੋ ਗਈ। ਉਸ ਨੇ 12 ਜੁਲਾਈ ਨੂੰ ਡਿੱਗ ਜਾਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਦੀ ਰੀੜ੍ਹ ਦੀ ਹੱਡੀ 'ਚ ਸੱਟ ਲੱਗਣ ਅਤੇ ਫੇਫੜਿਆਂ 'ਚ ਪਾਣੀ ਭਰ ਗਿਆ ਸੀ। ਉਸ ਦੀ ਸੋਮਵਾਰ ਸਵੇਰੇ ਮੌਤ ਹੋ ਗਈ ਸੀ। ਸੋਮਵਾਰ ਨੂੰ ਸਿਵਲ ਹਸਪਤਾਲ ਦੀ ਟਰੂਨੈੱਟ ਮਸ਼ੀਨ 'ਤੇ ਬਿਸ਼ਪ ਹਾਊਸ ਸਿਵਲ ਲਾਈਨਜ਼ ਦੇ ਚਰਚਿਤ ਫਰੈਂਕੋ ਮੁਲੱਕਲ ਦੇ ਕੀਤੇ ਗਏ ਟੈਸਟ 'ਚ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਫਰੈਂਕੋ ਮੁਲੱਕਲ ਨੂੰ ਕੋਰੋਨਾ ਹੋਣ ਤੋਂ ਬਾਅਦ ਬਿਸ਼ਪ ਹਾਊਸ 'ਚ ਰਹਿਣ ਵਾਲੇ ਲੋਕਾਂ ਤੇ ਉਨ੍ਹਾਂ ਦੇ ਨੇੜਲੇ ਦਰਜਨਾਂ ਵਿਅਕਤੀਆਂ ਦੇ ਸਿਰ 'ਤੇ ਕੋਰੋਨਾ ਦੀ ਤਲਵਾਰ ਲਟਕ ਗਈ ਹੈ। ਬਿਸ਼ਪ ਹਾਊਸ ਨਾਲ ਜੁੜੇ ਲੋਕ ਵੀ ਦਹਿਸ਼ਤ 'ਚ ਹਨ। ਉਥੇ ਹੀ ਕੋਰੋਨਾ ਨੇ ਸੋਮਵਾਰ ਨੂੰ ਪਟੇਲ ਹਸਪਤਾਲ ਦੀ ਮਹਿਲਾ ਡਾਕਟਰ ਸਮੇਤ ਸਰਵੋਦਿਆ, ਪੀਜੀਆਈ ਹਸਪਤਾਲ ਲਿੰਕ ਰੋਡ ਅਤੇ ਐੱਸਜੀਐੱਲ ਹਸਪਤਾਲ ਦੇ ਅੱਠ ਸਟਾਫ ਮੈਂਬਰਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ ਪੁਰਸ਼ ਹੈਲਥ ਵਰਕਰ, ਹਾਊਸ ਕੀਪਿੰਗ ਤੇ ਸਫਾਈ ਮੁਲਾਜ਼ਮ ਸ਼ਾਮਲ ਹਨ। ਨਿੱਜੀ ਹਸਪਤਾਲਾਂ 'ਚ ਕੋਰੋਨਾ ਦੇ ਮਰੀਜ਼ ਆਉਣ ਨਾਲ ਲੋਕ ਉਥੇ ਇਲਾਜ ਲਈ ਜਾਣ ਤੋਂ ਿਝਜਕਣ ਲੱਗੇ ਹਨ। ਡੀਏਵੀ ਕਾਲਜ ਨੇੜੇ ਸਮੋਸੇ ਵੇਚਣ ਵਾਲਾ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਉਸ ਦੀ ਨੂੰਹ ਕੋਰੋਨਾ ਪਾਜ਼ੇਟਿਵ ਆਈ ਸੀ। ਉਸ ਦੀ ਦੁਕਾਨ ਤੋਂ ਸਮੋਸੇ ਲੈ ਕੇ ਖਾਣ ਵਾਲੇ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ। ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਲੱਭ ਕੇ ਸੈਂਪਲ ਲੈ ਕੇ ਜਾਂਚ ਕਰਨਾ ਸਿਹਤ ਵਿਭਾਗ ਲਈ ਸਿਰਦਰਦੀ ਬਣ ਗਈ ਹੈ।

ਸੋਮਵਾਰ ਨੂੰ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚ ਦੋ ਐੱਨਆਰਆਈ, ਤਿੰਨ ਗਰਭਵਤੀ ਅੌਰਤਾਂ ਅਤੇ 34 ਪੁਰਾਣੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕ ਹਨ ਅਤੇ 31 ਮਰੀਜ਼ਾਂ ਨੂੰ ਕੋਰੋਨਾ ਹੋਣ ਦੇ ਕਾਰਨ ਪਤਾ ਨਹੀਂ ਲੱਗ ਸਕੇ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ 65 ਮਰੀਜ਼ਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 53 ਸਰਕਾਰੀ ਮੈਡੀਕਲ ਕਾਲਜ ਫਰੀਦਕੋਟ, ਅੱਠ ਮਰੀਜ਼ ਨਿੱਜੀ ਲੈਬ ਅਤੇ ਚਾਰ ਸਿਵਲ ਹਸਪਤਾਲ ਦੀ ਟਰੂਨੈੱਟ ਮਸ਼ੀਨ ਰਾਹੀਂ ਪਾਜ਼ੇਟਿਵ ਪਾਏ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੋ ਮਰੀਜ਼ਾਂ ਦੀ ਕੋਰੋਨਾ ਨਾਲ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 28 ਤਕ ਪੁੱਜ ਗਈ ਹੈ। ਜ਼ਿਲ੍ਹੇ 'ਚੋਂ ਸੈਂਪਲਾਂ ਦੀ ਗਿਣਤੀ 29570 ਤਕ ਪੁੱਜ ਗਈ ਹੈ ਅਤੇ ਸੋਮਵਾਰ ਨੂੰ 607 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। 474 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜ਼ਿਲ੍ਹੇ 'ਚ ਹੁਣ ਤਕ 27288 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਜਾ ਚੁੱਕੀ ਹੈ। ਘਰ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 764 ਹੋ ਗਈ ਹੈ ਅਤੇ 738 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ।

ਆਰਟੀਏ ਦਫਤਰ ਦੇ 33 ਮੁਲਾਜ਼ਮਾਂ ਦਿੱਤੇ ਸੈਂਪਲ

ਜਲੰਧਰ : ਆਰਟੀਏ ਦਫਤਰ 'ਚ ਆਰਟੀਏ ਸੈਕਟਰੀ ਬਰਜਿੰਦਰ ਸਿੰਘ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਦੋ ਦਿਨ ਦਹਿਸ਼ਤ ਦੇ ਛਾਏ ਹੇਠ ਰਹੇ ਸਟਾਫ ਦੇ 33 ਮੈਂਬਰ ਸੈਂਪਲ ਦੇਣ ਲਈ ਸਿਵਲ ਹਸਪਤਾਲ ਪੁੱਜੇ। ਸਿਵਲ ਹਸਪਤਾਲ 'ਚ ਸੈਂਪਲ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ, ਜਿਸ ਦੌਰਾਨ ਕੋਵਿਡ-19 ਦੇ ਨਿਯਮਾਂ ਦੀ ਰੱਜ ਕੇ ਉਲੰਘਣਾ ਹੋਈ। ਪੁਲਿਸ ਪ੍ਰਸ਼ਾਸਨ ਉਥੇ ਖੜ੍ਹਾ ਦੇਖਦਾ ਹੀ ਰਿਹਾ ਪਰ ਕੀਤਾ ਕੁਝ ਨਹੀਂ। ਫਲੂ ਕਾਰਨਰ 'ਚ ਸਰੀਰਕ ਦੂਰੀ ਤੇ ਮੰੂਹ 'ਤੇ ਮਾਸਕ ਪਾਉਣ ਸਮੇਤ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ।

10 ਦਿਨਾਂ ਬਾਅਦ ਮਰੀਜ਼ਾਂ ਨੂੰ ਛੁੱਟੀ ਦੇ ਨਿਯਮ ਤਹਿਤ 55 ਲੋਕ ਪੁੱਜੇ ਘਰ

ਜਲੰਧਰ : ਸਿਹਤ ਵਿਭਾਗ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਤੇ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇਣ ਦੀ ਨੀਤੀ 'ਚ ਤਬਦੀਲੀ ਕੀਤੀ ਹੈ। ਮਰੀਜ਼ ਦੇ ਦਾਖਲ ਹੋਣ ਤੋਂ ਬਾਅਦ ਉਸ ਨੂੰ 10 ਦਿਨ ਬਾਅਦ ਛੁੱਟੀ ਦਿੱਤੀ ਜਾਵੇਗੀ। ਬਸ਼ਰਤੇ ਕਿ ਮਰੀਜ਼ ਨੂੰ ਪਿਛਲੇ ਤਿੰਨ ਦਿਨ ਕੋਈ ਲੱਛਣ ਨਹੀਂ ਹੋਣਾ ਚਾਹੀਦਾ। ਘਰ ਆਈਸੋਲੇਸ਼ਨ ਵਾਲਿਆਂ 'ਤੇ ਵੀ ਇਹ ਨੀਤੀ ਲਾਗੂ ਕੀਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ਵਿਚ ਅਗਲੇ ਸੱਤ ਦਿਨ ਤਕ ਕੁਆਰੰਟਾਈਨ ਰਹਿਣਾ ਪਵੇਗਾ। ਇਸ ਤੋਂ ਬਾਅਦ ਕੋਰੋਨਾ ਮੁਕਤਤੀ ਲਈ ਉਨ੍ਹਾਂ ਦਾ ਕੋਈ ਟੈਸਟ ਨਹੀਂ ਕੀਤਾ ਜਾਵੇਗਾ। ਨਵੀਂ ਨੀਤੀ ਕਾਰਨ ਜਲੰਧਰ 'ਚ ਸੋਮਵਾਰ ਨੂੰ 55 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 1271 ਤਕ ਪੁੱਜ ਗਈ ਹੈ।

ਬੱਚੇ-05

ਅੌਰਤਾਂ-26

ਪੁਰਸ਼-34

ਆਰਐੱਸਐੱਸਡੀ 02

ਕਰਤਾਰਪੁਰ 01

ਅਮਨ ਨਗਰ 01

ਰਾਮ ਨਗਰ 02

ਫਿਲੌਰ 08

ਕੱਟੜਾ ਮੁਹੱਲਾ 01

ਨਕੋਦਰ 04

ਸ਼ਾਹਕੋਟ 01

ਕੈਂਚੀ ਬਾਜ਼ਾਰ 01

ਗੋਲਡਨ ਐਵੇਨਿਊ 02

ਪੰਜ ਪੀਰ 01

ਐੱਸਜੀਐੱਲ ਹਸਪਤਾਲ 01

ਨਿਊ ਹਰਦਿਆਲ ਨਗਰ 04

ਢੰਨ ਮੁਹੱਲਾ 02

ਐੱਮਐੱਚ 02

ਸੂਰਿਆ ਇਨਕਲੇਵ 01

ਲੁਧਿਆਣਾ 01

ਦਿਓਲ ਨਗਰ 03

ਸੰਗਤ ਸਿੰਘ ਨਗਰ 01

ਡਿਫੈਂਸ ਕਾਲੋਨੀ 03

ਸੂਰਿਆ ਵਿਹਾਰ 03

ਪੀਜੀਆਈ ਹਸਪਤਾਲ 05

ਸਰਵੋਦਿਆ ਹਸਪਤਾਲ 01

ਪੰਜਾਬੀ ਬਾਗ 01

ਜਲੰਧਰ 01

ਨਿੱਜੀ ਲੈਬ 08

ਟਰੂਨੈੱਟ 04