ਜੇਐੱਨਐੱਨ, ਜਲੰਧਰ : ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ ਧੁੱਪ ਨਿਕਲਣ ਕਾਰਨ ਬੁੱਧਵਾਰ ਨੂੰ ਵਧ ਤੋਂ ਵਧ ਤਾਪਮਾਨ 'ਚ ਇਕ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਰਿਹਾ। ਰਾਤ ਤੇ ਤੜਕੇ ਨੂੰ ਠੰਡੀਆਂ ਹਵਾਵਾਂ ਨਾਲ ਮੌਸਮ 'ਚ ਠੰਢਕ ਬਰਕਰਾਰ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 24 ਘੰਟਿਆਂ ਦੌਰਾਨ ਧੁੱਪ ਖਿੜੀ ਰਹੇਗੀ। ਤਾਪਮਾਨ ਵੀ ਜਿਉਂ ਦਾ ਤਿਉਂ ਰਹੇਗਾ। ਦਰਅਸਲ, ਸ਼ਨਿਚਰਵਾਰ ਤੇ ਐਤਵਾਰ ਨੂੰ ਅਸਮਾਨ 'ਚ ਕਾਲੇ ਬੱਦਲ ਛਾਏ ਰਹਿਣ, ਤੇਜ਼ ਹਵਾਵਾਂ ਚੱਲਣ ਤੇ ਮੋਹਲੇਧਾਰ ਬਾਰਿਸ਼ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਇਸੇ ਤਰ੍ਹਾਂ ਸੋਮਵਾਰ ਤੋਂ ਬਾਅਦ ਲੈਕੇ ਰੋਜ਼ਾਨਾ ਧੁੱਪ ਨਿਕਲ ਰਹੀ ਹੈ। ਇਸ ਵਿਚਾਲੇ ਵਧ ਤੋਂ ਵਧ ਤਾਪਮਾਨ 27 ਡਿਗਰੀ ਤਕ ਪੁੱਜ ਗਿਆ। ਜਦਕਿ, ਘੱਟੋ-ਘੱਟ ਤਾਪਮਾਨ ਘੱਟ ਹੋ ਕੇ 14 ਡਿਗਰੀ ਸੈਲਸੀਅਸ ਰਹਿ ਗਿਆ ਹੈ। ਇਸ ਬਾਰੇ ਮੌਸਮ ਮਾਹਿਰ ਡਾ. ਵਿਨੀਤ ਸ਼ਰਮਾ ਦੱਸਦੇ ਹਨ ਕਿ ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਪੈ ਰਿਹਾ ਹੈ। ਇਹ ਦੌਰ ਆਉਣ ਵਾਲੇ 24 ਘੰਟਿਆਂ ਦੌਰਾਨ ਜਿਉਂ ਦਾ ਤਿਉਂ ਰਹੇਗਾ।