ਜਤਿੰਦਰ ਪੰਮੀ, ਜਲੰਧਰ

ਵੀਰਵਾਰ ਨੂੰ ਬਸਤੀ ਦਾਨਿਸ਼ਮੰਦਾਂ ਦੇ ਕੋਰੋਨਾ ਮਰੀਜ਼ ਦੀ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਦੀ ਸਟਾਫ ਨਰਸ ਅਤੇ ਪੀਏਪੀ ਦੇ ਤਿੰਨ ਜਵਾਨਾਂ ਸਮੇਤ ਕੋਰੋਨਾ ਨੇ ਪਹਿਲੀ ਵਾਰ 121 ਲੋਕਾਂ ਨੂੰ ਲਪੇਟ 'ਚ ਲੈ ਕੇ 28ਵਾਂ ਸੈਂਕੜਾ ਪਾਰ ਕੀਤਾ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 2807 ਅਤੇ ਮਰਨ ਵਾਲਿਆਂ ਦੀ 72 ਤਕ ਪਹੁੰਚ ਗਈ । ਸਿਹਤ ਕੇਂਦਰਾਂ ਤੋਂ 50 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ। ਸਿਹਤ ਵਿਭਾਗ ਨੇ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਦੇ ਰਿਪੀਟ ਮਰੀਜ਼ਾਂ ਨੂੰ ਸੂਚੀ 'ਚ ਪਾਉਣ ਦੀ ਗਿਣਤੀ ਸੁਧਾਰੀ ਅਤੇ ਅੰਕੜਿਆਂ 'ਚ ਸੁਧਾਰ ਕੀਤਾ। ਵਿਭਾਗ ਨੇ 16 ਪੁਰਾਣੇ ਰਿਪੀਟ ਮਰੀਜ਼ ਅਤੇ ਸੱਤ ਦੂਸਰੇ ਜ਼ਿਲਿ੍ਹਆਂ ਤੋਂ ਮਿਲਣ ਤੋਂ ਬਾਅਦ ਖਾਤੇ 'ਚ 98 ਮਰੀਜ਼ ਦਿਖਾਏ।

ਵੀਰਵਾਰ ਨੂੰ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ। ਕੋਰੋਨਾ ਨਾਲ ਬਸਤੀ ਦਾਨਿਸ਼ਮੰਦਾਂ ਦੇ ਰਹਿਣ ਵਾਲੇ 55 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਮਰੀਜ਼ ਨੂੰ ਤਿੰਨ ਦਿਨ ਪਹਿਲਾਂ ਸ਼ੂਗਰ ਅਤੇ ਸਾਹ ਲੈਣ 'ਚ ਤਕਲੀਫ ਹੋਣ 'ਤੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਾਂਚ 'ਚ ਉਸ ਨੂੰ ਕੋਰੋਨਾ ਦੀ ਵੀ ਪੁਸ਼ਟੀ ਹੋਈ ਸੀ। ਵੀਰਵਾਰ ਨੂੰ ਉਸ ਦੀ ਹਾਲਤ ਖਰਾਬ ਹੋਣ ਨਾਲ ਮੌਤ ਹੋ ਗਈ। ਕੋਰੋਨਾ ਨੇ ਸਿਵਲ ਹਸਪਤਾਲ ਦੇ ਟਰੋਮਾ ਸੈਂਟਰ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੀ ਸਟਾਫ ਨਰਸ ਅਤੇ ਪੀਏਪੀ ਦੇ ਤਿੰਨ ਜਵਾਨਾਂ ਨੂੰ ਲਪੇਟ 'ਚ ਲਿਆ। ਵਿਦੇਸ਼ ਤੋਂ ਆਏ ਤਿੰਨ ਐੱਨਆਰਆਈਜ਼, ਦੋ ਹੋਰ ਸੂਬਿਆਂ ਤੋਂ ਆਏ ਲੋਕ ਅਤੇ ਗਰਭਵਤੀ ਅੌਰਤਾਂ ਵੀ ਕੋਰੋਨਾ ਦੀ ਗਿ੍ਫਤ 'ਚ ਆ ਗਈਆਂ। ਗੁਰੂ ਰਾਮਦਾਸ ਨਗਰ ਤੋਂ ਪੰਜ, ਬਸਤੀ ਸ਼ੇਖ, ਸ਼ਿਵਰਾਜਗੜ੍ਹ, ਸਮਰਾਏ, ਨਕੋਦਰ ਅਤੇ ਨੂਰਮਹਿਲ 'ਚ ਚਾਰ-ਚਾਰ ਲੋਕਾਂ ਨੂੰ ਕੋਰੋਨਾ ਹੋਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ 'ਚ 121 ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚ ਸੱਤ ਮਰੀਜ਼ ਦੂਸਰੇ ਜ਼ਿਲਿ੍ਹਆਂ ਦੇ ਸ਼ਾਮਲ ਹਨ। ਪਿਛਲੇ ਦਿਨੀਂ ਨਿੱਜੀ ਲੈਬਾਂ ਤੋਂ ਪੁਰਾਣੇ ਮਰੀਜ਼ਾਂ ਵੱਲੋਂ ਦੁਬਾਰਾ ਟੈਸਟ ਕਰਵਾਉਣ 'ਤੇ ਪਾਜ਼ੇਟਿਵ ਪਾਏ ਗਏ ਸੀ ਅਤੇ ਉਨ੍ਹਾਂ ਨੂੰ ਅੰਕੜਿਆਂ 'ਚ ਸ਼ਾਮਲ ਕਰ ਲਿਆ ਗਿਆ ਸੀ। ਜਾਂਚ 'ਚ ਇਸੇ ਤਰ੍ਹਾਂ 16 ਮਰੀਜ਼ ਰਿਪੀਟ ਪਾਏ ਗਏ ਜਿਨ੍ਹਾਂ ਨੂੰ ਅੰਕੜਿਆਂ ਤੋਂ ਘਟਾ ਲਿਆ ਗਿਆ। ਇਸ ਤੋਂ ਬਾਅਦ 121 'ਚੋਂ ਜਲੰਧਰ ਦੇ ਖਾਤੇ 'ਚ 98 ਮਰੀਜ਼ ਜੋੜਨ ਨਾਲ ਕੁੱਲ ਗਿਣਤੀ 2807 ਅਤੇ ਮੌਤ ਤੋਂ ਬਾਅਦ 72 ਤਕ ਪਹੁੰਚ ਗਈ। 50 ਮਰੀਜ਼ਾਂ ਨੂੰ ਠੀਕ ਹੋਣ 'ਤੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ ਅਤੇ ਇਸ ਨਾਲ ਘਰ ਜਾਣ ਵਾਲਿਆਂ ਦੀ ਗਿਣਤੀ 1955 ਹੋ ਗਈ। ਜ਼ਿਲ੍ਹੇ 'ਚ ਸੈਂਪਲਾਂ ਦੀ ਕੁੱਲ ਗਿਣਤੀ 47988 ਹੋ ਗਈ ਹੈ ਜਿਨ੍ਹਾਂ 'ਚੋਂ 43817 ਨੈਗੇਟਿਵ ਪਾਏ ਜਾ ਚੁੱਕੇ ਹਨ।

ਅੱਜ ਪਾਜ਼ੇਟਿਵ ਆਏ ਮਰੀਜ਼ਾਂ 'ਚ 13 ਬੱਚੇ, 47 ਅੌਰਤਾਂ ਤੇ 67 ਵਿਅਕਤੀ ਸ਼ਾਮਲ ਹਨ। ਕੋਰੋਨਾ ਦੀ ਲਪੇਟ 'ਚ ਆਏ 121 ਮਰੀਜ਼ਾਂ 'ਚੋਂ 85 ਸ਼ਹਿਰੀ ਤੇ 36 ਦਿਹਾਤੀ ਖੇਤਰਾਂ ਨਾਲ ਸਬੰਧਤ ਹਨ। ਇਨ੍ਹਾਂ 'ਚ 3 ਐੱਨਆਰਆਈ, 2 ਮਰੀਜ਼ ਦੂਸਰੇ ਸੂਬਿਆਂ ਤੋਂ ਆਏ, 2 ਗਰਭਵਤੀ ਅੌਰਤਾਂ, 7 ਦੂਸਰੇ ਜ਼ਿਲਿ੍ਹਆਂ ਨਾਲ ਸਬੰਧਤ ਅਤੇ 16 ਰਿਪੀਟ ਸੈਂਪਲ ਸ਼ਾਮਲ ਹਨ। 61 ਮਰੀਜ਼ ਪੁਰਾਣੇ ਮਰੀਜ਼ਾਂ ਦੇ ਸੰਪਰਕ 'ਚ ਆਉਣ ਕਾਰਨ ਕੋਰੋਨਾ ਦੀ ਲਪੇਟ 'ਚ ਹਨ ਜਦਕਿ 60 ਨਵੇਂ ਮਾਮਲੇ ਸਾਹਮਣੇ ਆਏ ਹਨ।

ਆਰਡੀਡੀਐੱਲ 'ਚ ਕੋਵਿਡ ਸੈਂਪਲਾਂ ਦੀ ਜਾਂਚ ਸ਼ੁਰੂ, ਸੋਮਵਾਰ ਨੂੰ ਹੋਵੇਗਾ ਉਦਘਾਟਨ

ਜ਼ਿਲ੍ਹੇ 'ਚ ਲਗਾਤਾਰ ਵਧ ਰਹੇ ਕੋਰੋਨਾ ਮਰੀਜ਼ਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਐੱਨਆਰਡੀਡੀਐੱਲ 'ਚ ਸਥਾਪਤ ਕੀਤੀ ਗਈ ਲੈਬ ਨੇ ਵੀਰਵਾਰ ਨੂੰ ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਬੈਨਰ ਹੇਠ ਸਥਾਪਤ ਲੈਬ ਦਾ ਉਦਘਾਟਨ ਸੋਮਵਾਰ ਨੂੰ ਹੋਵੇਗਾ। ਪਹਿਲੇ ਦਿਨ ਲੈਬ 'ਚ 23 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਟੈਸਟਿੰਗ ਸ਼ੁਰੂ ਕੀਤੀ ਗਈ। ਆਰਡੀਡੀਐੱਲ ਦੇ ਜੁਆਇੰਟ ਡਾਇਰੈਕਟਰ ਡਾ. ਐੱਚਐੱਸ ਕਾਹਲੋਂ ਅਤੇ ਨੋਡਲ ਅਫਸਰ ਡਾ. ਗੋਮਤੀ ਮਹਾਜਨ ਨੇ ਦੱਸਿਆ ਕਿ ਸੋਮਵਾਰ ਨੂੰ ਐੱਨਆਰਡੀਡੀਐੱਲ ਲੈਬ 'ਚ ਸਥਾਪਤ ਕੋਵਿਡ-19 ਦੇ ਸੈਂਪਲ ਜਾਂਚਣ ਲਈ ਬਣਾਈ ਲੈਬ ਦਾ ਉਦਘਾਟਨ 10 ਅਗਸਤ ਨੂੰ ਕੈਬਨਿਟ ਮੰਤਰੀ ਓਪੀ ਸੋਨੀ ਕਰਨਗੇ। ਵੀਰਵਾਰ ਨੂੰ ਵਿਭਾਗ ਦੀਆਂ ਦੋ ਟੀਮਾਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਗਈਆਂ ਸਨ ਅਤੇ ਟੈਸਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਅਤੇ ਡਿਸਪੋਜੇਬਲ ਦਾ ਸਟਾਕ ਲੈ ਆਏ ਹਨ। ਇਸ ਤੋਂ ਇਲਾਵਾ ਕੁਝ ਸਾਮਾਨ ਸਿਹਤ ਵਿਭਾਗ ਵੱਲੋਂ ਵੀ ਭੇਜਿਆ ਗਿਆ ਹੈ। ਵੀਰਵਾਰ ਨੂੰ ਬਾਅਦ ਦੁਪਹਿਰ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵੱਲੋਂ 23 ਸੈਂਪਲ ਜਾਂਚ ਲਈ ਭੇਜੇ ਗਏ ਹਨ। ਵਿਭਾਗ ਦੇ ਡਾਕਟਰਾਂ ਦੀ ਟੀਮ ਨੇ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜੋ ਦੇਰ ਰਾਤ ਤਕ ਖਤਮ ਹੋਵੇਗੀ। ਇਨ੍ਹਾਂ ਦੀ ਰਿਪੋਰਟ ਆਈਸੀਐੱਮਆਰ ਦੇ ਪੋਰਟਲ 'ਤੇ ਪਾਈ ਜਾਵੇਗੀ।