ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਦੋ ਦੀ ਹੱਦ ਵਿਚ ਪੈਂਦੇ ਕਪੂਰਥਲਾ ਰੋਡ 'ਤੇ ਸਥਿਤ ਜੈਨ ਭਵਨ ਦੇ ਸਾਹਮਣੇ ਇੱਕ ਡਾਕਟਰ ਦੀ ਪਤਨੀ ਦੀ ਗੱਡੀ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਛੇ ਵਜੇ ਸਰਸਵਤੀ ਵਿਹਾਰ ਦੀ ਰਹਿਣ ਵਾਲੀ ਇਕ ਡਾਕਟਰ ਦੀ ਪਤਨੀ ਜਿੰਮ ਤੋਂ ਆਪਣੀ ਕਾਰ ਵਿਚ ਆਪਣੇ ਘਰ ਜਾ ਰਹੀ ਸੀ ਜਦੋਂ ਉਹ ਜੈਨ ਭਵਨ ਲਾਗੇ ਪਹੁੰਚੀ ਤਾਂ ਅੱਗੇ ਇਕ ਵਿਅਕਤੀ ਸੜਕ ਪਾਰ ਕਰ ਰਿਹਾ ਸੀ ਜੋ ਉਸ ਦੀ ਗੱਡੀ ਹੇਠ ਆ ਗਿਆ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਚਰਨ ਜੀਤ ਸਿੰਘ ਵਾਸੀ ਮੱਲੀਆਂ ਕਲਾਂ ਨਕੋਦਰ ਦਾਨਾ ਮੰਡੀ ਵਿਚ ਇਕ ਆੜ੍ਹਤੀ ਦਾ ਡਰਾਈਵਰ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਦੋ ਦੇ ਮੁਖੀ ਸੁਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਮਿ੍ਤਕ ਰੋਜ਼ ਸਵੇਰੇ ਦਾਣਾ ਮੰਡੀ ਵਿੱਚ ਕੰਮ 'ਤੇ ਜਾਂਦਾ ਸੀ ਅੱਜ ਸਵੇਰੇ ਵੀ ਉਹ ਸਮਾਨ ਲੈ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਉਹ ਥਾਣੇ ਪਹੁੰਚੇ। ਦੇਰ ਸ਼ਾਮ ਉਨ੍ਹਾਂ ਦਾ ਡਾਕਟਰ ਦੀ ਪਤਨੀ ਨਾਲ ਰਾਜ਼ੀਨਾਮਾ ਹੋ ਗਿਆ ਅਤੇ ਉਨ੍ਹਾਂ ਨੇ ਕੋਈ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ।