ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਭਾਵੇਂ ਘੱਟ ਹੋਣ ਲੱਗ ਪਈ ਹੈ ਪਰ ਖਤਰਾ ਅਜੇ ਟਲਿਆ ਨਹੀਂ। ਸ਼ੁੱਕਰਵਾਰ ਨੂੰ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋਈ ਤੇ ਚਾਰ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚ ਇਕ ਜ਼ਿਲ੍ਹੇ ਨਾਲ ਸਬੰਧਤ ਹੈ। ਉੱਥੇ ਹੀ ਸਿਵਲ ਹਸਪਤਾਲ 'ਚ ਕੋਰੋਨਾ ਦੇ ਮਰੀਜ਼ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ। ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਮਰੀਜ਼ ਨੂੰ ਕੋਰੋਨਾ ਹੋਣ ਦੀ ਜਾਣਕਾਰੀ ਲੁਕਾਉਣ ਦੇ ਦੋਸ਼ ਲਾਏ।

ਸੰਤੋਸ਼ੀ ਨਗਰ 'ਚ ਰਹਿਣ ਵਾਲੇ 54 ਸਾਲਾ ਵਿਅਕਤੀ ਦੀ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਤਬੀਅਤ ਖਰਾਬ ਹੋਣ 'ਤੇ ਮਰੀਜ਼ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਸੀ। ਸ਼ੁੱਕਰਵਾਰ ਨੂੰ ਸਵੇਰੇ ਮੌਤ ਹੋ ਗਈ ਤੇ ਲਾਸ਼ ਘਰ ਲੈ ਜਾਣ 'ਤੇ ਹਸਪਤਾਲ ਦੇ ਸਟਾਫ ਨੇ ਮਨ੍ਹਾਂ ਕਰ ਦਿੱਤਾ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਤੋਂ ਮਰੀਜ਼ ਨੂੰ ਕੋਰੋਨਾ ਹੋਣ ਦੀ ਜਾਣਕਾਰੀ ਲੁਕਾਈ ਹੈ। ਮਾਮਲੇ ਨੂੰ ਲੈ ਕੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ। ਇਸ ਉਪਰੰਤ ਲਾਸ਼ ਨੂੰ ਲੈ ਗਏ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਮਰੀਜ਼ ਨੂੰ ਸਾਹ ਤੇ ਕਿਡਨੀ ਦੀ ਬਿਮਾਰੀ ਸੀ। ਉਸ ਦੀ ਕੋਰੋਨਾ ਜਾਂਚ ਰਿਪੋਰਟ ਵੀ ਸ਼ੁੱਕਰਵਾਰ ਨੂੰ ਮਰਨ ਤੋਂ ਕੁਝ ਸਮਾਂ ਪਹਿਲਾਂ ਹੀ ਮਿਲੀ। ਇਸ ਸਬੰਧੀ ਮਿ੍ਤਕ ਦੇ ਰਿਸ਼ਤੇਦਾਰਾਂ ਨੂੰ ਸਮਝਾਇਆ ਤੇ ਮਾਮਲਾ ਸ਼ਾਂਤ ਹੋਇਆ।

ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ 'ਚ ਤਿੰਨ ਨਵੇਂ ਮਰੀਜ਼ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ 'ਚ ਦਾਖਲ ਹੋਏ। ਕੁੱਲ ਗਿਣਤੀ ਚਾਰ ਹੋ ਗਈ ਹੈ। ਤਿੰਨ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ ਤੇ 21 ਮਰੀਜ਼ ਹੋਮ ਆਈਸੋਲੇਸ਼ਨ 'ਚ ਹਨ। ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1981 ਤਕ ਪੁੱਜ ਗਈ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ। ਉੱਧਰ, ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਘੱਟ ਹੋ ਗਈ ਹੈ। ਜ਼ਿਲ੍ਹੇ 'ਚ 480 ਲੋਕਾਂ ਨੇ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾਈ। ਡੋਜ਼ ਦਾ ਕੁੱਲ ਅੰਕੜਾ 4037479 ਤਕ ਪੁੱਜ ਗਿਆ ਹੈ। ਇਨ੍ਹਾਂ 'ਚ 1953072 ਪਹਿਲੀ, 1881889 ਦੂਸਰੀ ਅਤੇ 202518 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਬਾਰਿਸ਼ ਕਾਰਨ ਸ਼ੁੱਕਰਵਾਰ ਨੂੰ ਸੈਂਟਰਾਂ 'ਚ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਘੱਟ ਰਹੀ। ਵਿਭਾਗ ਵੱਲੋਂ ਵੈਕਸੀਨ ਦੀ ਬੂਸਟਰ ਡੋਜ਼ ਸਬੰਧੀ ਮੁਹਿੰਮ ਚਲਾਈ ਜਾਵੇਗੀ।