ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਥਾਣਾ ਭੋਗਪੁਰ ਪੁਲਿਸ ਨੇ ਟਰੱਕ ਸਵਾਰ ਤਿੰਨ ਵਿਅਕਤੀਆਂ ਨੂੰ 3 ਕੁਇੰਟਲ 50 ਕਿੱਲੋ ਚੂਰਾ ਪੋਸਤ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀਐੱਸਪੀ ਆਦਮਪੁਰ ਹਰਿੰਦਰ ਸਿੰਘ ਮਾਨ ਨੇ ਪ੍ਰਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਮੁਖੀ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਕੁਰੇਸ਼ੀਆਂ ਨਾਕੇ 'ਤੇ ਚੈਕਿੰਗ ਲਈ ਮੌਜੂਦ ਸਨ । ਜਿਥੇ ਇੱਕ ਮੁਖਬਰ ਨੇ ਆ ਕੇ ਜਾਣਕਾਰੀ ਦਿੱਤੀ ਕਿ ਸਹਿਬਾਜ਼ ਵਾਸੀ ਅਕਬਰਪੁਰ ਜ਼ਿਲ੍ਹਾ ਗੁੜਗਾਓਂ ਵਾਸੀ ਹਰਿਆਣਾ ਜੋ ਟਰੱਕ ਚਲਾਉਂਦਾ ਹੈ ਤੇ ਉਸ ਨਾਲ ਯਾਸਰ ਅਹਿਮਦ ਵਾਸੀ ਖਟਾਸੋ ਥਾਣਾ ਗੁੰਦੋ ਜ਼ਿਲਾ ਡੋਡਾ ਅਤੇ ਯਾਬਰ ਹੁਸੈਨ ਵਾਸੀ ਬੱਜਾ ਥਾਣਾ ਸੇਵਾ ਜ਼ਿਲਾ ਡੋਡਾ ਜੰਮੂ ਕਸ਼ਮੀਰ ਤਿੰਨੋ ਜਣੇ ਰਲਕੇ ਡੋਡੇ ਚੂਰਾ ਪੋਸਤ ਸਪਲਾਈ ਕਰਨ ਦਾ ਧੰਦਾ ਕਰਦੇ ਹਨ ਤੇ ਪਹਾੜੀ ਪੱਥਰ ਮਿੱਟੀ ਦੇ ਹੇਠ ਚੂਰਾ ਪੋਸਤ ਲੁਕਾ ਕੇ ਜਲੰਧਰ, ਲੁਧਿਆਣਾ ਅਤੇ ਕਪੂਰਥਲਾ ਏਰੀਆ ਵਿਚ ਸਪਲਾਈ ਕਰਦੇ ਹਨ । ਮੁਖਬਰ ਦੀ ਇਤਲਾਹ 'ਤੇ ਪੁਲਿਸ ਪਾਰਟੀ ਵੱਲੋਂ ਕੀਤੀ ਨਾਕੇਬੰਦੀ 'ਤੇ ਉਕਤ ਨੰਬਰੀ ਟਰੱਕ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਰੋਕ ਕੇ ਪੁੱਛਗਿਛ ਕੀਤੀ ਗਈ ਤਾਂ ਤਿੰਨਾਂ ਨੌਜਵਾਨਾਂ ਦਾ ਪਤਾ ਮੇਲ ਮਿਲਦਾ ਦੇਖ ਥਾਣਾ ਮੁੱਖੀ ਮਨਜੀਤ ਸਿੰਘ ਦੀ ਅਗਵਾਈ ਵਿਚ ਟਰੱਕ ਦੀ ਤਲਾਸ਼ੀ ਲਈ ਗਈ । ਜਿਸ 'ਚੋਂ 3 ਕੁਇੰਟਲ 50 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਥਾਣਾ ਮੁੱਖੀ ਮਨਜੀਤ ਸਿੰਘ ਨੇ ਦਸਿਆ ਕਿ ਉਕਤ ਨੌਜਵਾਨਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਉਹ ਇਹ ਚੂਰਾ ਪੋਸਤ ਕਿਹੜੇ ਵਿਅਕਤੀ ਪਾਸੋਂ ਲੈ ਕੇ ਆਏ ਸਨ ਅਤੇ ਅੱਗੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕਰਨਾ ਸੀ।