ਰਾਕੇਸ਼ ਗਾਂਧੀ ਜਲੰਧਰ : ਥਾਣਾ ਨੰ ਛੇ ਦੀ ਸਬ ਚੌਂਕੀ ਬੱਸ ਸਟੈਂਡ ਦੀ ਪੁਲਿਸ ਨੇ ਰੇਲਵੇ ਵਿਭਾਗ 'ਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਚਾਰ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਠੱਗ ਨੌਜਵਾਨ ਨੂੰ ਬੱਸ ਸਟੈਂਡ ਲਾਗਿਓਂ ਕਾਬੂ ਕਰ ਲਿਆ। ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ ਨੂੰ ਗਗਨਦੀਪ ਸਿੰਘ, ਵਿਸ਼ਾਲ ਕੁਮਾਰ, ਗੁਰਦੀਪ ਸਿੰਘ ਤਿੰਨੋਂ ਵਾਸੀ ਪਠਾਨਕੋਟ ਤੇ ਬਲਵਿੰਦਰ ਕੁਮਾਰ ਵਾਸੀ ਦੀਨਾਨਗਰ ਗੁਰਦਾਸਪੁਰ ਨੇ ਸ਼ਿਕਾਇਤ ਦਿੱਤੀ ਸੀ ਕਿ ਵਿਪਨ ਕੁਮਾਰ ਵਾਸੀ ਨਿਊ ਰਸੀਲਾ ਨਗਰ ਸ਼ਿਵਪੁਰੀ ਨੇ ਉਨ੍ਹਾਂ ਨੂੰ ਆਪਣੇ ਆਪ ਦੀ ਰੇਲਵੇ 'ਚ ਚੰਗੀ ਜਾਣ ਪਛਾਣ ਦੱਸ ਕੇ ਉਨ੍ਹਾਂ ਨੂੰ ਰੇਲਵੇ ਵਿਭਾਗ 'ਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਰੇਲਵੇ ਦੇ ਕਈ ਜਾਅਲੀ ਦਸਤਾਵੇਜ਼ ਦਿਖਾਉਂਦੇ ਹੋਏ ਉਨ੍ਹਾਂ ਕੋਲੋਂ 39 ਲੱਖ ਰੁਪਏ ਲੈ ਲਏ। ਸ਼ਿਕਾਇਤ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰੁਪਏ ਉਸ ਨੂੰ ਜਲੰਧਰ ਬੱਸ ਸਟੈਂਡ ਦੇ ਲਾਗੇ ਤੇ ਕਈ ਵਾਰ ਪਠਾਨਕੋਟ 'ਚ ਬੁਲਾ ਕੇ ਦਿੱਤੇ ਗਏ ਸਨ। ਪੈਸੇ ਲੈਣ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਰੇਲਵੇ 'ਚ ਨੌਕਰੀ ਦਿਵਾਈ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਜਦ ਵੀ ਉਸ ਕੋਲੋਂ ਪੈਸੇ ਮੰਗੇ ਜਾਂਦੇ ਸਨ ਤਾਂ ਉਹ ਟਾਲ ਮਟੌਲ ਕਰਦਾ ਰਹਿੰਦਾ ਸੀ। ਪੁਲਿਸ ਨੇ ਚਾਰਾਂ ਦੇ ਬਿਆਨਾਂ 'ਤੇ ਵਿਪਨ ਕੁਮਾਰ ਖ਼ਿਲਾਫ਼ ਧਾਰਾ 406/420/120 ਬੀ/506/465/467/468 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਅੱਜ ਮੁਖਬਰ ਖਾਸ ਦੀ ਸੂਚਨਾ 'ਤੇ ਵਿਪਨ ਕੁਮਾਰ ਨੂੰ ਬੱਸ ਸਟੈਂਡ ਲਾਗਿਓਂ ਉਸ ਵੇਲੇ ਗਿ੍ਫ਼ਤਾਰ ਕਰ ਲਿਆ ਜਦ ਉਹ ਕਿਸੇ ਹੋਰ ਗਾਹਕ ਦੀ ਤਲਾਸ਼ ਵਿਚ ਖੜ੍ਹਾ ਸੀ। ਏਸੀਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਰਿਮਾਂਡ ਦੌਰਾਨ ਉਸ ਕੋਲੋਂ ਠੱਗੀ ਦੇ ਰੁਪਏ ਬਰਾਮਦ ਕੀਤੇ ਜਾਣਗੇ।