ਰਾਕੇਸ਼ ਗਾਂਧੀ, ਜਲੰਧਰ :

ਥਾਣਾ ਬਾਰਾਦਰੀ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਇਕ ਅਜਿਹੇ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਨੇ ਆਪਣੇ ਸਾਥੀ ਸਮੇਤ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਵਿਚ ਸਨੈਚਿੰਗ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪਰ ਉਸ ਦਾ ਸਾਥੀ ਪੁਲਿਸ ਨਾਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਫੜੇ ਗਏ ਮੁਲਜ਼ਮ ਕੋਲੋਂ ਇਕ ਮੋਬਾਈਲ ਤੇ ਨਕਦੀ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ 13 ਨਵੰਬਰ ਨੂੰ ਸਬ ਇੰਸਪੈਕਟਰ ਸੁਖਚੈਨ ਸਿੰਘ ਪੁਲਿਸ ਪਾਰਟੀ ਸਮੇਤ ਲਾਡੋਵਾਲੀ ਰੋਡ 'ਤੇ ਮੌਜੂਦ ਸਨ ਕਿ ਉਨ੍ਹਾਂ ਨੂੰ ਹਰਿੰਦਰ ਕੌਰ ਵਾਸੀ ਲਾਡੋਵਾਲੀ ਰੋਡ ਨੇ ਬਿਆਨ ਦਿੱਤਾ ਕਿ ਉਹ ਲਾਡੋਵਾਲੀ ਰੋਡ 'ਤੇ ਸਥਿਤ ਇਕ ਕਿਤਾਬਾਂ ਦੀ ਦੁਕਾਨ 'ਤੇ ਖੜ੍ਹੀ ਸੀ ਕਿ ਇਕ ਲਾਲ ਰੰਗ ਦੇ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਹੱਥ 'ਚ ਫੜਿਆ ਹੋਇਆ ਪਰਸ ਝਪਟ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪਰਸ 'ਚ 10 ਹਜ਼ਾਰ ਰੁਪਏ ਦੀ ਨਕਦੀ ਤੇ ਇਕ ਮੋਬਾਈਲ ਫੋਨ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸਬ ਇੰਸਪੈਕਟਰ ਸੁਖਦੇਵ ਸਿੰਘ ਨੂੰ ਸੌਂਪੀ। 2 ਦਸੰਬਰ ਨੂੰ ਜਦ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਮੁਖ਼ਬਰ ਖ਼ਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਹਰਿੰਦਰ ਕੌਰ ਕੋਲੋਂ ਝਪਟਮਾਰੀ ਕਰਨ ਵਾਲੇ ਦੋ ਨੌਜਵਾਨ ਦੀਪਕ ਉਰਫ਼ ਦੀਪੂ ਅਤੇ ਪਰਮਜੀਤ ਉਰਫ਼ ਪੰਮਾ ਵਾਸੀ ਨਿਊ ਜਵਾਲਾ ਨਗਰ ਮਕਸੂਦਾਂ ਹਨ ਤੇ ਇਸ ਵੇਲੇ ਉਹ ਲਾਲ ਰੰਗ ਦੇ ਮੋਟਰਸਾਈਕਲ ਉਪਰ ਰਾਮਾ ਮੰਡੀ ਤੋਂ ਸ਼ਹਿਰ ਵੱਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਹੇ ਹਨ। ਜਿਸ 'ਤੇ ਪੁਲਿਸ ਪਾਰਟੀ ਨੇ ਪੀਏਪੀ ਚੌਕ ਵਿਚ ਨਾਕੇਬੰਦੀ ਕਰ ਕੇ ਜਦ ਲਾਲ ਰੰਗ ਦੇ ਮੋਟਰਸਾਈਕਲ 'ਤੇ ਆ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਇਕਦਮ ਮੋਟਰਸਾਈਕਲ ਨੂੰ ਪਿਛਾਂਹ ਮੋੜ ਲਿਆ। ਮੋਟਰ ਮੋੜਦੇ ਹੋਏ ਪਿੱਛੇ ਬੈਠਾ ਨੌਜਵਾਨ ਹੇਠਾਂ ਡਿੱਗ ਪਿਆ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਜਦ ਕਿ ਦੂਜਾ ਨੌਜਵਾਨ ਮੋਟਰਸਾਈਕਲ ਲੈ ਕੇ ਮੌਕੇ ਤੋਂ ਭੱਜ ਗਿਆ।

ਕਾਬੂ ਕੀਤੇ ਨੌਜਵਾਨ ਨੇ ਆਪਣਾ ਨਾਮ ਦੀਪਕ ਉਰਫ਼ ਦੀਪੂ ਵਾਸੀ ਨਿਊ ਜਵਾਲਾ ਨਗਰ ਦੱਸਿਆ। ਪੁਲਿਸ ਨੇ ਮੌਕੇ ਤੋਂ ਉਸ ਕੋਲੋਂ 19 ਸੌ ਰੁਪਏ ਨਕਦ ਬਰਾਮਦ ਕਰ ਲਏ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਹਰਿੰਦਰ ਕੌਰ ਕੋਲੋਂ ਖੋਹਿਆ ਹੋਇਆ ਮੋਬਾਈਲ ਬੱਲਾਂ ਨਹਿਰ ਦੇ ਕਿਨਾਰਿਓਂ ਬਰਾਮਦ ਕਰ ਲਿਆ। ਦੀਪਕ ਉਰਫ਼ ਦੀਪੂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਦੀਪੂ ਨੇ ਮੰਨਿਆ ਕਿ ਉਸ ਨੇ ਆਪਣੇ ਸਾਥੀ ਪਰਮਜੀਤ ਪੰਮਾ ਨਾਲ ਮਿਲ ਕੇ ਸਨੈਚਿੰਗ ਦੀਆਂ 9 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਉਸ ਦੇ ਫ਼ਰਾਰ ਸਾਥੀ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਹੈ।