ਅਮਰਜੀਤ ਸਿੰਘ ਵੇਹਗਲ, ਜਲੰਧਰ

ਕਮਿਸ਼ਨਰੇਟ ਪੁਲਿਸ ਨੇ ਮੰਗਲਵਾਰ ਰਾਤ ਕੈਂਟ ਖੇਤਰ 'ਚ ਸੇਵਾ-ਮੁਕਤ ਅਧਿਆਪਕ ਦੇ ਅੰਨ੍ਹੇ ਕਤਲ ਦੇ ਕੇਸ ਦੀ ਗੁੱਥੀ ਸੁਲਝਾਉਂਦਿਆਂ ਮੁਲਜ਼ਮ ਸੰਨੀ ਵਾਸੀ ਮੁਹੱਲਾ ਨੰਬਰ 4, ਜਲੰਧਰ ਕੈਂਟ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੇ ਘਰੋਂ ਘਟਨਾ ਵਿਚ ਵਰਤਿਆ ਗਿਆ ਚਾਕੂ, ਐਕਟਿਵਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

ਪ੍ਰਰੈੱਸ ਕਾਨਫਰੰਸ 'ਚ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ, ਡੀਸੀਪੀ ਗੁਰਮੀਤ ਸਿੰਘ, ਏਡੀਸੀਪੀ ਪਰਮਿੰਦਰ ਸਿੰਘ ਭੰਡਾਲ, ਏਸੀਪੀ ਰਵਿੰਦਰ ਸਿੰਘ, ਏਸੀਪੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਕੈਂਟ ਦੇ ਇੰਚਾਰਜ ਕੁਲਬੀਰ ਸਿੰਘ ਸੰਧੂ ਅਤੇ ਸੀਆਈਏ ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਵੱਲੋਂ ਟੀਮ ਬਣਾ ਕੇ 12 ਘੰਟਿਆਂ 'ਚ ਮੁਲਜ਼ਮ ਸੰਨੀ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੰਚਸ਼ੀਲ ਐਵੇਨਿਊ, ਦੀਪ ਨਗਰ ਦੇ ਰਹਿਣ ਵਾਲੇ ਮਿ੍ਤਕ ਤਰਸੇਮ ਅਗਰਵਾਲ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਤੋਂ ਅਧਿਆਪਕ ਦੇ ਅਹੁਦੇ ਤੋਂ ਸੇਵਾ-ਮੁਕਤ ਹੋਣ ਉਪਰੰਤ ਪੈਸੇ ਨੂੰ ਵਿਆਜ 'ਤੇ ਦੇਣ ਦਾ ਕੰਮ ਕਰਨ ਲੱਗਿਆ ਸੀ। ਸੰਨੀ ਨੇ ਮਿ੍ਤਕ ਤਰਸੇਮ ਅਗਰਵਾਲ ਤੋਂ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਪਿਤਾ ਦੇ ਇਲਾਜ ਲਈ 2 ਲੱਖ 80 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਕਰਜ਼ਾ ਨਾ ਮੋੜਨ ਕਰ ਕੇ ਕਰਜ਼ੇ ਦਾ ਵਿਆਜ ਵਧਦਾ ਗਿਆ ਤੇ ਹੁਣ ਮੋੜਨ ਵਾਲੀ ਰਕਮ ਵਿਆਜ ਸਮੇਤ ਪੰਜ ਲੱਖ ਰੁਪਏ ਬਣ ਗਈ ਸੀ। ਜਿਸ ਰਕਮ ਨੂੰ ਮੋੜਨ ਲਈ ਸੰਨੀ ਨੇ ਆਪਣੇ ਆਪ ਨੂੰ ਅਸਮਰੱਥ ਪਾਇਆ। ਪੁਲਿਸ ਦਾ ਕਹਿਣਾ ਹੈ ਕਿ ਸੰਨੀ ਵੱਲੋਂ ਤਰਸੇਮ ਅਗਰਵਾਲ ਨੂੰ ਤਕਰੀਬਨ ਡੇਢ ਲੱਖ ਰੁਪਏ ਵਾਪਸ ਕੀਤੇ ਸਨ ਪਰ ਬਾਕੀ ਰਕਮ ਵਾਪਸ ਨਾ ਮੋੜ ਸਕਿਆ ਤਾਂ ਮੁਲਜ਼ਮ ਸੰਨੀ ਨੇ ਤਰਸੇਮ ਅਗਰਵਾਲ ਨੂੰ ਮਾਰਨ ਦੀ ਯੋਜਨਾ ਬਣਾਈ ਜਿਸ ਤਹਿਤ ਮੰਗਲਵਾਰ ਰਾਤ ਉਸ ਨੇ ਯੋਜਨਾ ਬਣਾ ਕੇ ਤਰਸੇਮ ਅਗਰਵਾਲ ਨੂੰ ਕਿਹਾ ਕਿ ਉਸ ਨੇ ਸੋਫੀ ਪਿੰਡ ਰੋਡ 'ਤੇ ਲੇਬਰ ਕਲੋਨੀ 'ਚ ਰਹਿਣ ਵਾਲੇ ਕਿਸੇ ਵਿਅਕਤੀ ਤੋਂ ਪੈਸੇ ਲੈਣੇ ਹਨ। ਤਰਸੇਮ ਲਾਲ ਉਸ ਤੋਂ ਰਕਮ ਲੈਣ ਲਈ ਉਥੇ ਪਹੁੰਚੇ। ਤਰਸੇਮ ਅਗਰਵਾਲ ਨੇ ਸੰਨੀ ਨੂੰ ਸਕੂਟੀ 'ਤੇ ਬਿਠਾਇਆ ਤੇ ਲੇਬਰ ਕਾਲੋਨੀ ਵੱਲ ਚੱਲ ਪਏ। ਜਦ ਉਹ ਰਸਤੇ ਵਿਚ ਸੰੁਨਸਾਨ ਜਗ੍ਹਾ 'ਤੇ ਪੁੱਜੇ ਤਾਂ ਸੰਨੀ ਨੇ ਤਰਸੇਮ ਅਗਰਵਾਲ ਦਾ ਕਤਲ ਕਰ ਦਿੱਤਾ। ਸੰਨੀ ਨੇ ਤਰਸੇਮ ਦੇ ਸਰੀਰ 'ਤੇ 28 ਵਾਰ ਚਾਕੂ ਨਾਲ ਵਾਰ ਕੀਤੇ।

ਸੰਨੀ ਦੇ ਦੋਵਾਂ ਹੱਥਾਂ 'ਤੇ ਚਾਕੂ ਦੇ ਜ਼ਖਮ ਸਨ। ਉਨ੍ਹਾਂ ਦੱਸਿਆ ਕਿ ਸੰਨੀ ਪਹਿਲਾਂ ਕੈਂਟ ਵਿਚ ਕੱਪੜਿਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਹੁਣ ਉਹ ਮਿੰਨੀ ਮਾਰਕੀਟ ਵਿਚ ਸਥਿਤ ਜੀਡੀ ਕਾਸਮੈਟਿਕਸ ਦੁਕਾਨ 'ਤੇ ਕੰਮ ਕਰਨ ਲੱਗ ਪਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਸੰਨੀ ਵਿਰੁੱਧ ਧਾਰਾ 302 ਤੇ ਧਾਰਾ 34 ਆਈਪੀਸੀ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।