ਦੁਕਾਨ ’ਚੋਂ ਮਿਕਸੀ ਚੁੱਕ ਕੇ ਭੱਜਦਾ ਇਕ ਕਾਬੂ, ਦੂਜਾ ਫ਼ਰਾਰ
ਦਿਨ ਦਿਹਾੜੇ ਦੁਕਾਨ ’ਚੋਂ ਮਿਕਸੀ ਚੁੱਕ ਕੇ ਭੱਜਦਾ ਇਕ ਕਾਬੂ, ਇਕ ਫਰਾਰ
Publish Date: Tue, 09 Dec 2025 07:14 PM (IST)
Updated Date: Tue, 09 Dec 2025 07:15 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਹੱਦ ’ਚ ਪੈਂਦੇ ਭਾਰਗੋ ਕੈਂਪ ’ਚ ਸਥਿਤ ਇਕ ਦੁਕਾਨ ’ਚੋਂ ਦਿਨ ਦਿਹਾੜੇ ਮਿਕਸੀ ਚੁੱਕ ਕੇ ਭੱਜਣ ਵਾਲੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ’ਚੋਂ ਇਕ ਨੌਜਵਾਨ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਜਦਕਿ ਦੂਜਾ ਮੋਟਰਸਾਈਕਲ ਸਮੇਤ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਪਰਮਿੰਦਰ ਕੁਮਾਰ ਵਾਸੀ ਭਾਰਗੋ ਕੈਂਪ ਨੇ ਦੱਸਿਆ ਕਿ ਉਸ ਦੀ ਬਾਜ਼ਾਰ ’ਚ ਦੁਕਾਨ ਹੈ। ਦੁਪਹਿਰ ਵੇਲੇ ਉਹ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ’ਚੋਂ ਇਕ ਨੌਜਵਾਨ ਮੋਟਰਸਾਈਕਲ ਉੱਪਰ ਬੈਠਾ ਰਿਹਾ ਜਦਕਿ ਦੂਜਾ ਦੁਕਾਨ ਅੰਦਰ ਆਇਆ। ਗੱਲਾਂ-ਗੱਲਾਂ ’ਚ ਅੰਦਰ ਆਇਆ ਨੌਜਵਾਨ ਦੁਕਾਨ ’ਚੋਂ ਮਿਕਸੀ ਚੁੱਕ ਕੇ ਭੱਜਣ ਲੱਗਾ ਤਾਂ ਉਸ ਨੇ ਰੌਲਾ ਪਾ ਦਿੱਤਾ। ਦੁਕਾਨਦਾਰ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਮਿਕਸੀ ਚੁੱਕ ਕੇ ਭੱਜ ਰਹੇ ਨੌਜਵਾਨ ਨੂੰ ਕਾਬੂ ਕਰ ਲਿਆ। ਆਪਣੇ ਸਾਥੀ ਨੂੰ ਕਾਬੂ ਆਉਂਦਾ ਦੇਖ ਕੇ ਮੋਟਰਸਾਈਕਲ ਸਵਾਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਤੁਰੰਤ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਏਐੱਸਆਈ ਪਰਵੀਨ ਕੁਮਾਰ ਮੌਕੇ ’ਤੇ ਪੁੱਜੇ ਤੇ ਉਕਤ ਨੌਜਵਾਨ ਜਿਸ ਦੀ ਪਛਾਣ ਰਾਜਨ ਵਾਸੀ ਅਵਤਾਰ ਨਗਰ ਦੇ ਰੂਪ ’ਚ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ’ਚ ਰਾਜਨ ਨੇ ਦੱਸਿਆ ਕਿ ਉਸ ਦਾ ਦੂਸਰਾ ਸਾਥੀ ਜੈ ਵਾਸੀ ਅਵਤਾਰ ਨਗਰ ਹੈ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਤੇ ਜੈ ਦੀ ਭਾਲ ਕੀਤੀ ਜਾ ਰਹੀ ਹੈ।