ਰਾਕੇਸ਼ ਗਾਂਧੀ, ਜਲੰਧਰ

ਥਾਣਾ ਨੰ. ਅੱਠ ਦੀ ਪੁਲਿਸ ਨੇ ਮਾਰਚ ਮਹੀਨੇ ਵਿਚ ਹੋਏ ਗੁਰਮੀਤ ਸਿੰਘ ਟਿੰਕੂ ਕਤਲ ਕਾਂਡ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅੱਠ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ 6/3/21 ਨੂੰਹ ਸੋਢਲ ਰੋਡ 'ਤੇ ਸਥਿਤ ਬਾਵਾ ਪੀਵੀਸੀ ਨਾਂ ਦੀ ਦੁਕਾਨ ਦੇ ਅੰਦਰ ਕੁਝ ਹਮਲਾਵਰਾਂ ਨੇ ਦਾਖ਼ਲ ਹੋ ਕੇ ਦੁਕਾਨ ਵਿੱਚ ਬੈਠੇ ਗੁਰਮੀਤ ਸਿੰਘ ਉਰਫ਼ ਟਿੰਕੂ ਵਾਸੀ ਕੈਲਾਸ਼ ਨਗਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 302/148/149/ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ ਅਤੇ 24/4/21 ਨੂੰ ਇਸ ਮਾਮਲੇ ਦੇ ਦੋ ਮੁਲਜ਼ਮ ਹਰਪ੍ਰਰੀਤ ਸਿੰਘ ਉਰਫ ਹੈਪੀ ਅਤੇ ਸੁਰਿੰਦਰ ਸਿੰਘ ਉਰਫ ਹੈਪੀ ਦੋਵੇਂ ਵਾਸੀ ਫਿਰੋਜ਼ਪੁਰ ਨੂੰ ਗਿ੍ਫ਼ਤਾਰ ਕਰ ਲਿਆ ਸੀ ਅਤੇ ਇਸ ਮਾਮਲੇ ਵਿਚ ਪੁਲਿਸ ਨੂੰ ਹੋਰ ਵੀ ਮੁਲਜ਼ਮ ਲੋੜੀਂਦੇ ਸਨ। ਇਸ ਮਾਮਲੇ ਵਿਚ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦ ਫੋਕਲ ਪੁਆਇੰਟ ਵਿਚ ਮੁਖਬਰ ਖਾਸ ਦੀ ਸੂਚਨਾ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਹੋਰ ਮੁਲਜ਼ਮ ਸੁਰਿੰਦਰ ਕੁਮਾਰ ਉਰਫ ਮੁੱਤੀ ਵਾਸੀ ਅੰਮਿ੍ਤ ਵਿਹਾਰ ਜਿੰਦਾ ਰੋਡ ਨੂੰ ਕਾਬੂ ਕਰਕੇ ਉਸ ਕੋਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਨੰਬਰ ਪੀ ਬੀ 08 ਬੀ ਪੀ 8025 ਵੀ ਬਰਾਮਦ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ ਇਕ ਮੋਬਾਈਲ ਵੀ ਬਰਾਮਦ ਕੀਤਾ ਹੈ। ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।