ਜੇਐੱਨਐੱਨ, ਜਲੰਧਰ : ਸੂਬੇ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਸੂਬੇ 'ਚ ਲਗਾਤਾਰ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਹਾਲਾਤ ਇਹ ਹੋ ਗਏ ਹਨ ਕਿ ਇਕ ਦਿਨ 'ਚ ਜਿੰਨੇ ਲੋਕ ਇਨਫੈਕਟਿਡ ਪਾਏ ਜਾ ਰਹੇ ਹਨ, ਉਸ ਤੋਂ ਜ਼ਿਆਦਾ ਲੋਕ ਕੋਰੋਨਾ ਨੂੰ ਮਾਤ ਦੇ ਰਹੇ ਹਨ। ਬੁੱਧਵਾਰ ਨੂੰ ਸੂਬੇ 'ਚ 1342 ਲੋਕ ਇਨਫੈਕਟਿਡ ਪਾਏ ਗਏ ਤਾਂ 1389 ਲੋਕ ਠੀਕ ਵੀ ਹੋਏ। ਇਨ੍ਹਾਂ ਇਨਫੈਕਟਿਡਾਂ 'ਚ ਨਵਾਂਸ਼ਹਿਰ ਦੀ ਰਾਹੋਂ ਨਗਰ ਕੌਂਸਿਲ ਦੇ ਛੇ ਮੁਲਾਜ਼ਮ ਵੀ ਸ਼ਾਮਲ ਹਨ। ਇਸੇ ਕਾਰਨ ਨਗਰ ਕੌਂਸਲ ਦੇ ਦਫਤਰ ਨੂੰ ਬੰਦ ਕਰ ਕੇ ਮੁਲਾਜ਼ਮਾਂ ਨੂੰ ਆਈਸੋਲੇਟ ਕੀਤਾ ਗਿਆ ਹੈ।

ਉਥੇ ਦੂਜੇ ਪਾਸੇ ਬੁੱਧਵਾਰ ਨੂੰ ਬਠਿੰਡਾ ਦੇ ਇਕ ਪੁਲਿਸ ਮੁਲਾਜ਼ਮ ਤੇ 18 ਸਾਲ ਦੇ ਲੜਕੇ ਸਮੇਤ ਸੂਬੇ 'ਚ 51 ਲੋਕ ਕੋਰੋਨਾ ਦਾ ਸ਼ਿਕਾਰ ਬਣੇ। ਉਕਤ ਪੁਲਿਸ ਮੁਲਾਜ਼ਮ ਫਰੀਦਕੋਟ ਜੇਲ੍ਹ 'ਚ ਤਾਇਨਾਤ ਸੀ। ਸਭ ਤੋਂ ਜ਼ਿਆਦਾ ਸੱਤ ਮੌਤਾਂ ਹੁਸ਼ਿਆਰਪੁਰ 'ਚ ਹੋਈਆਂ ਹਨ। ਹਾਲਾਂਕਿ ਇਥੇ ਬੁੱਧਵਾਰ ਨੂੰ 23 ਮਰੀਜ਼ ਹੀ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਲੁਧਿਆਣਾ ਤੇ ਗੁਰਦਾਸਪੁਰ 'ਚ ਵੀ ਛੇ-ਛੇ ਲੋਕਾਂ ਦੀ ਮੌਤ ਹੋਈ ਹੈ ਜਦਕਿ ਜਲੰਧਰ ਤੇ ਮੋਹਾਲੀ 'ਚ ਵੀ ਪੰਜ-ਪੰਜ ਲੋਕ ਕੋਰੋਨਾ ਦਾ ਸ਼ਿਕਾਰ ਬਣੇ ਹਨ। ਬੁੱਧਵਾਰ ਨੂੰ ਸਭ ਤੋਂ ਵੱਧ 180 ਇਨਫੈਕਟਿਡ ਮਰੀਜ਼ ਲੁਧਿਆਣਾ 'ਚ ਪਾਏ ਗਏ ਹਨ। ਇਸੇ ਤਰ੍ਹਾਂ ਅੰਮਿ੍ਤਸਰ 'ਚ 164, ਮੋਹਾਲੀ 'ਚ 134 ਤੇ 123 ਮਰੀਜ਼ ਜਲੰਧਰ 'ਚ ਪਾਏ ਗਏ ਹਨ।

ਹੁਸ਼ਿਆਰਪੁਰ 'ਚ ਆਈਐੱਮਏ ਖੋਲ੍ਹੇਗੀ ਪੰਜਾਬ ਦਾ ਪਹਿਲਾ ਫ੍ਰੀ ਕੋਵਿਡ ਸੈਂਟਰ

ਕੋਰੋਨਾ ਦੇ ਮਰੀਜਾਂ ਦੀ ਦੇਖਭਾਲ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੀ ਅੱਗੇ ਆਈ ਹੈ। ਐਸੋਸੀਏਸ਼ਨ ਦੀ ਹੁਸ਼ਿਆਰਪੁਰ ਇਕਾਈ ਵੱਲੋਂ ਇਥੇ ਆਧੁਨਿਕ ਸਹੂਲਤਾਂ ਨਾਲ ਲੈਸ ਸੈਂਟਰ ਰਾਮ ਕਾਲੋਨੀ ਸਥਿਤ ਸੇਂਟ ਜੋਸੇਫ ਹਸਪਤਾਲ ਦੀ ਇਮਾਰਤ 'ਚ ਵੀਰਵਾਰ ਨੂੰ ਖੋਲਿਆ ਜਾ ਰਿਹਾ ਹੈ। ਇਥੇ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਹ ਸੈਂਟਰ ਉਨ੍ਹਾਂ ਲੋਕਾਂ ਲਈ ਖੋਲਿਆ ਗਿਆ ਹੈ ਜੋ ਬੇਹਦ ਗਰੀਬ ਹਨ ਤੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਹਨ। ਵੀਹ ਬੈੱਡਾਂ ਦੇ ਇਸ ਸੈਂਟਰ 'ਚ ਮਰੀਜ਼ਾਂ ਦੀ ਦਵਾਈਆਂ ਦੇ ਨਾਲ-ਨਾਲ ਖਾਣਾ ਵੀ ਮੁਫਤ ਦਿੱਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੂੰ ਸਿਰਫ ਆਪਣੇ ਟੈਸਟਾਂ ਦਾ ਖਰਚ ਹੀ ਚੁੱਕਣਾ ਪਵੇਗਾ।