ਜੇਐੱਨਐੱਨ, ਜਲੰਧਰ : ਸਿਹਤ ਵਿਭਾਗ ਦੇ ਯਤਨਾਂ ਦੇ ਬਾਵਜੂਦ ਸਵਾਈਨ ਫਲੂ ਜ਼ਿਲ੍ਹੇ ਅੰਦਰ ਤੇਜ਼ੀ ਨਾਲ ਪੈਰ ਪਾਸਾਰ ਰਿਹਾ ਹੈ। ਸਵਾਈਨ ਫਲੂ ਨੇ ਸ਼ਹਿਰ 'ਚ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਸ਼ਹਿਰ ਵਿਚ ਮਰੀਜ਼ਾਂ ਦੀ ਗਿਣਤੀ 10 ਤਕ ਪੁੱਜ ਗਈ ਹੈ। ਇਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਵਿਚ ਸਵਾਈਨ ਫਲੂ ਨਾਲ ਮਿਲਦੇ ਲੱਛਣਾਂ ਕਾਰਨ ਮਰੀਜ਼ਾਂ 'ਚ ਹਫੜਾ-ਦਫੜੀ ਮਚੀ ਹੋਈ ਹੈ। ਸਵਾਈਨ ਫਲੂ ਕਾਰਨ ਲੋਕਾਂ 'ਚ ਦਹਿਸ਼ਤ ਵਧਣ ਲੱਗੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੈਮਿਲਟਨ ਐਨਕਲੇਵ ਵਾਸੀ 59 ਸਾਲਾ ਇਕ ਬਜ਼ੁਰਗ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ। ਤਿੰਨ-ਚਾਰ ਦਿਨ ਪਹਿਲਾਂ ਮਰੀਜ਼ 'ਚ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਮਰੀਜ਼ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ 'ਚ ਲੈ ਗਏ ਸਨ। ਉਥੋਂ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਪੀਜੀਆਈ ਭੇਜਿਆ ਗਿਆ ਸੀ। ਰਿਪੋਰਟ ਵਿਚ ਉਸ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹੀਰੋ ਹਾਰਟ ਹਸਪਤਾਲ ਲੁਧਿਆਣਾ ਵਿਚ ਦਾਖਲ ਕਰਵਾ ਦਿੱਤਾ ਹੈ। ਓਧਰ ਕਰੀਬ ਪੰਜ ਸਾਲ ਦੇ ਬੱਚੇ ਨੂੰ ਸਵਾਈਨ ਫਲੂ ਦੇ ਲੱਛਣ ਸਾਹਮਣੇ ਆਉਣ 'ਤੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਲਾਂਕਿ ਮਾਮਲਾ ਸਿਹਤ ਵਿਭਾਗ ਕੋਲ ਨਹੀਂ ਪੁੱਜਾ ਹੈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਮਰੀਜ਼ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਅਹਿਤਿਆਤਨ ਦਵਾਈ ਦੇਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 10 ਤਕ ਪੁੱਜ ਗਈ ਹੈ। ਸਵਾਈਨ ਫਲੂ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 285 ਤਕ ਪੁੱਜ ਗਈ ਹੈ।

ਮੁਟਿਆਰ ਦੀ ਮੌਤ ਬਾਰੇ ਹੋਵੇਗੀ ਜਾਂਚ

ਭਾਰਗੋ ਕੈਂਪ ਵਿਚ ਮਰਨ ਵਾਲੀ ਮੁਟਿਆਰ ਦੀ ਸਵਾਈਨ ਫਲੂ ਨਾਲ ਮੌਤ ਦੇ ਮਾਮਲੇ ਸਬੰਧੀ ਸਿਹਤ ਵਿਭਾਗ ਪੱਲਾ ਝਾੜ ਰਿਹਾ ਹੈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਭਾਰਗੋ ਕੈਂਪ ਵਿਚ ਮਰੀ ਮੁਟਿਆਰ ਦੀ ਸਵਾਈਨ ਫਲੂ ਨਾਲ ਮੌਤ ਸਬੰਧੀ ਪੁਸ਼ਟੀ ਨਹੀਂ ਹੋਈ ਹੈ। ਉਸ ਦੀ ਰਿਪੋਰਟ ਮੰਗਵਾ ਕੇ ਜਾਂਚ ਕਰਵਾਈ ਜਾਵੇਗੀ। ਇਸ ਤੋਂ ਬਾਅਦ ਮੌਤ ਦਾ ਕਾਰਨ ਸਾਹਮਣੇ ਆਵੇਗਾ। ਵਿਭਾਗ ਦੀ ਟੀਮ ਭਾਰਗੋ ਕੈਂਪ ਭੇਜੀ ਗਈ ਸੀ ਅਤੇ ਅਹਿਤਿਆਤਨ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਦਵਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਨਾਲ ਸਬੰਧਤ ਲੱਛਣ ਹੋਣ 'ਤੇ ਤੁਰੰਤ ਸਿਵਲ ਹਸਪਤਾਲ 'ਚ ਪਹੁੰਚਾਉਣਾ ਚਾਹੀਦਾ ਹੈ, ਵਿਭਾਗ ਵੱਲੋਂ ਮੁਫਤ ਇਲਾਜ ਕੀਤਾ ਜਾਂਦਾ ਹੈ।