ਰਾਕੇਸ਼ ਗਾਂਧੀ, ਜਲੰਧਰ

ਕਿਸ਼ਨਪੁਰਾ ਦੀ ਗਲੀ ਨੰਬਰ ਸੱਤ ਵਿੱਚ ਬਜ਼ੁਰਗ ਅੌਰਤ ਨੂੰ ਖੋਹਬਾਜ਼ ਨੇ ਜ਼ਮੀਨ 'ਤੇ ਉਸ ਵੇਲੇ ਪਟਕ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਜਦ ਉਹ ਉਸ ਅੌਰਤ ਦੀਆਂ ਵਾਲੀਆਂ ਝਪਟਣ ਵਿੱਚ ਨਾਕਾਮ ਹੋ ਗਿਆ। ਲੋਕਾਂ ਦੇ ਇਕੱਠੇ ਹੋਣ 'ਤੇ ਉਕਤ ਨੌਜਵਾਨ ਫਰਾਰ ਹੋ ਗਿਆ ਜਦਕਿ 6 ਦਿਨਾਂ ਤੱਕ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਬਾਵਜੂਦ ਉਕਤ ਅੌਰਤ ਦੀ ਜਾਨ ਨਹੀਂ ਬਚਾਈ ਜਾ ਸਕੇ। ਉਕਤ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਰ ਫੁਟੇਜ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਪਰਿਵਾਰ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ।

ਰਾਜ ਕੁਮਾਰ ਭੰਡਾਰੀ ਵਾਸੀ ਕਿਸ਼ਨਪੁਰਾ ਨੇ ਦੱਸਿਆ ਕਿ 23 ਸਤੰਬਰ ਦੀ ਸ਼ਾਮ ਉਸ ਦੀ ਮਾਂ ਕੈਲਾਸ਼ ਭੰਡਾਰੀ ਘਰ ਦੇ ਬਾਹਰ ਕੁਰਸੀ 'ਤੇ ਬੈਠੀ ਹੋਈ ਸੀ ਕਿ ਐਕਟਿਵਾ 'ਤੇ ਆਇਆ ਨੌਜਵਾਨ ਉਸ ਕੋਲ ਆ ਕੇ ਰੁਕਿਆ ਤੇ ਕਿਸੇ ਦਾ ਪਤਾ ਪੁੱਛਣ ਲੱਗਾ। ਇਸੇ ਦੌਰਾਨ ਉਸ ਨੌਜਵਾਨ ਨੇ ਉਸ ਦੀ ਮਾਂ ਦੀਆਂ ਵਾਲੀਆਂ ਝਪਟਣ ਦੀ ਕੋਸ਼ਿਸ਼ ਕੀਤੀ ਪਰ ਮਾਂ ਵੱਲੋਂ ਰੌਲਾ ਪਾਉਣ 'ਤੇ ਨੌਜਵਾਨ ਘਬਰਾ ਗਿਆ ਅਤੇ ਉਸ ਨੇ ਮਾਤਾ ਨੂੰ ਚੁੱਕ ਕੇ ਜ਼ਮੀਨ 'ਤੇ ਪਟਕ ਦਿੱਤਾ ਜਿਸ ਨਾਲ ਮਾਤਾ ਦਾ ਚੁੱਲ੍ਹਾ ਟੁੱਟ ਗਿਆ। ਮਾਤਾ ਨੂੰ ਪਟਕਣ ਤੋਂ ਬਾਅਦ ਉਹ ਨੌਜਵਾਨ ਭੱਜ ਗਿਆ। ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੀ ਸੂਚਨਾ ਤੁਰੰਤ ਥਾਣਾ ਰਾਮਾਮੰਡੀ ਦੇ ਏਐੱਸਆਈ ਬਲਜੀਤ ਸਿੰਘ ਨੂੰ ਦਿੱਤੀ। ਇਸ ਤੋਂ ਇਲਾਵਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਥਾਣੇ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਉਸੇ ਵੇਲੇ ਮਾਤਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਹ ਤਕਰੀਬਨ ਛੇ ਦਿਨ ਤੱਕ ਹਸਪਤਾਲ ਵਿੱਚ ਦਾਖਲ ਰਹੀ ਪਰ ਕੋਈ ਵੀ ਪੁਲਿਸ ਦਾ ਮੁਲਾਜ਼ਮ ਉਨ੍ਹਾਂ ਦੇ ਬਿਆਨ ਲੈਣ ਨਹੀਂ ਪਹੁੰਚਿਆ। 28 ਸਤੰਬਰ ਨੂੰ ਮਾਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਦ ਥਾਣਾ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਨੂੰ ਪੁੱਿਛਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਕੈਲਾਸ਼ ਭੰਡਾਰੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਏਸੀਪੀ ਸੈਂਟਰਲ ਹਰਸਿਮਰਤ ਸਿੰਘ ਨੂੰ ਦਿੱਤੀ।

ਏਸੀਪੀ ਦੇ ਭਰੋਸੇ ਤੋਂ ਬਾਅਦ ਕੀਤਾ ਅੌਰਤ ਦਾ ਸਸਕਾਰ

ਸੋਮਵਾਰ ਸਵੇਰੇ ਜਦ ਕੈਲਾਸ਼ ਭੰਡਾਰੀ ਦੀ ਮੌਤ ਹੋ ਗਈ ਤਾਂ ਪੁਲਿਸ ਖਿਲਾਫ ਪਰਿਵਾਰ ਵਾਲਿਆਂ ਵਿੱਚ ਗੁੱਸਾ ਭੜਕ ਉੱਠਿਆ ਅਤੇ ਉਨ੍ਹਾਂ ਲਾਸ਼ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕਰਨ ਦੀ ਤਿਆਰੀ ਸ਼ੁਰੂ ਕੀਤੀ ਪਰ ਤੁਰੰਤ ਮੌਕੇ 'ਤੇ ਪਹੁੰਚੇ ਏਸੀਪੀ ਹਰਸਿਮਰਤ ਸਿੰਘ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਜਲਦ ਹੀ ਉਕਤ ਨੌਜਵਾਨ ਨੂੰ ਗਿ੍ਫਤਾਰ ਕਰ ਲੈਣਗੇ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਗੁੱਸਾ ਠੰਢਾ ਹੋਇਆ ਅਤੇ ਉਨ੍ਹਾਂ ਨੇ ਮਿ੍ਤਕਾ ਦਾ ਸਸਕਾਰ ਕਰ ਦਿੱਤਾ। ਏਸੀਪੀ ਨੇ ਦੱਸਿਆ ਕਿ ਜਿਸ ਏਐੱਸਆਈ ਬਲਜੀਤ ਸਿੰਘ ਨੇ ਡਿਊਟੀ ਵਿੱਚ ਲਾਪਰਵਾਹੀ ਕੀਤੀ ਹੈ, ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।