ਅਮਰਜੀਤ ਸਿੰਘ ਵੇਹਗਲ, ਜਲੰਧਰ : ਜਲੰਧਰ-ਅੰਮਿ੍ਤਸਰ ਰੇਲ ਮਾਰਗ 'ਤੇ ਪੈਂਦੇ ਗੁਰੂ ਰਵਿਦਾਸ ਨਗਰ ਮਕਸੂਦਾਂ ਨੇੜੇ ਸਥਿਤ ਜਿੰਦਾ ਫਾਟਕ ਤੋਂ ਕੁਝ ਕੁ ਦੂਰੀ 'ਤੇ ਬਜ਼ੁਰਗ ਅੌਰਤ ਵੱਲੋਂ ਤੜਕਸਾਰ ਰੇਲ ਗੱਡੀ ਅੱਗੇ ਕੁੱਦ ਕੇ ਮੌਤ ਨੂੰ ਗਲ਼ੇ ਲਾ ਲਿਆ। ਖ਼ੁਦਕੁਸ਼ੀ ਦਾ ਉਸ ਵੇਲੇ ਪਤਾ ਲੱਗਾ ਜਦੋਂ ਤੜਕਸਾਰ ਜਿੰਦਾ ਫਾਟਕ 'ਤੇ ਡਿਊਟੀ ਕਰ ਰਹੇ ਗੇਟਮੈਨ ਕੋਲੋਂ ਰੇਲਵੇ ਮੁਲਾਜ਼ਮ ਚਾਬੀ ਲੈਣ ਆਇਆ ਤਾਂ ਉਸ ਨੂੰ ਰਸਤੇ 'ਚ ਲਾਸ਼ ਦਿਸੀ ਜਿਸ ਦੇ ਸਿਰ 'ਤੇ ਗੰਭੀਰ ਸੱਟਾਂ ਸਨ। ਗੇਟਮੈਨ ਵੱਲੋਂ ਸੂਰਾਨੁਸੀ ਵਿਖੇ ਸਥਿਤ ਸਟੇਸ਼ਨ ਮਾਸਟਰ ਨੂੰ ਸੂਚਿਤ ਕਰਨ ਉਪਰੰਤ ਸੂਰਾਨੁਸੀ ਸਟੇਸ਼ਨ ਮਾਸਟਰ ਵੱਲੋਂ ਜਲੰਧਰ ਰੇਲਵੇ ਸਟੇਸ਼ਨ 'ਤੇ ਸਥਿਤ ਜੀਆਰਪੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੇ ਜੀਆਰਪੀ ਪੁਲਿਸ ਵੱਲੋਂ ਤਲਾਸ਼ੀ ਲਏ ਜਾਣ 'ਤੇ ਉਸ ਕੋਲੋਂ ਮਿਲੀ ਗੁਥਲੀ 'ਚੋਂ ਇਕ ਪਰਚੀ ਮਿਲੀ ਹੈ। ਪਰਚੀ ਦੇ ਇਕ ਪਾਸੇ ਸੁਰਜੀਤ ਕੌਰ ਵਾਸੀ ਮਕਾਨ ਨੰਬਰ 132/11, ਪਿਸ਼ੌਰੀ ਮੁਹੱਲਾ ਭਾਰਗੋ ਕੈਂਪ, ਜਲੰਧਰ ਤੇ ਦੂਜੇ ਪਾਸੇ 'ਖੋਲ੍ਹ ਕੇ ਦੇਖੋ ਮੇਰੇ ਪੁੱਤਰ ਬੜੇ ਚੰਗੇ ਹਨ' ਲਿਖਿਆ ਹੋਇਆ ਹੈ। ਮੌਕੇ 'ਤੇ ਪੁੱਜੇ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਨਾ ਹੋਣ ਕਰ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੱਖਿਆ ਹੈ। ਜ਼ਿਕਰਯੋਗ ਹੈ ਕਿ ਮੌਕੇ 'ਤੇ ਪੁੱਜੀ ਰੇਲਵੇ ਪੁਲਿਸ ਨੇ ਪਰਚੀ 'ਤੇ ਲਿਖੇ ਪਤੇ ਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪੁਲਿਸ ਨੂੰ ਜਦੋਂ ਪਰਚੀ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਟਾਲ ਦਿੱਤਾ ਕਿ ਸਿਰਫ 30 ਰੁਪਏ ਮਿਲੇ ਹਨ। ਮੀਡੀਆ ਵੱਲੋਂ ਵਾਰ-ਵਾਰ ਜਦੋਂ ਪੁੱਿਛਆ ਗਿਆ ਤਾਂ ਪੁਲਿਸ ਨੇ ਪਰਚੀ ਦਿਖਾਈ। ਜਦੋਂ ਪਰਚੀ ਦੇ ਆਧਾਰ 'ਤੇ ਪਛਾਣ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੌਕੇ 'ਤੇ ਉਥੋਂ ਲੰਘ ਰਹੇ ਆਟੋ ਚਾਲਕਾਂ ਕੋਲੋਂ ਉਕਤ ਪਤੇ ਬਾਰੇ ਪੁੱਛਗਿਛ ਕੀਤੀ ਸੀ ਪਰ ਕੁਝ ਵੀ ਹਾਸਲ ਨਾ ਹੋਇਆ। ਜਿੰਦਾ ਫਾਟਕ 'ਤੇ ਮੌਜੂਦ ਰੇਲਵੇ ਕਾਮੇ ਦਾ ਕਹਿਣਾ ਹੈ ਕਿ ਕਿਸੇ ਵੀ ਡਰਾਈਵਰ ਨੇ ਰੇਲਗੱਡੀ ਰੋਕ ਕੇ ਉਨ੍ਹਾਂ ਨੂੰ ਘਟਨਾ ਬਾਰੇ ਸੂਚਨਾ ਨਹੀਂ ਦਿੱਤੀ ਗਈ।