ਜੇਐੱਨਐੱਨ, ਜਲੰਧਰ : ਥਾਣਾ ਨੰਬਰ 1 ਦੇ ਇਲਾਕਾ ਸੁਰਾਨੁੱਸੀ ਰੋਡ 'ਤੇ ਸਥਿਤ ਨਿੱਜੀ ਨਰਸਿੰਗ ਇੰਸਟੀਚਿਊਟ ਦੇ ਹੋਸਟਲ 'ਚ ਅੱਗ ਸੇਕਦੇ ਸਮੇਂ ਵਿਦਿਆਰਥਣ ਬੁਰੀ ਤਰ੍ਹਾਂ ਝੁਲਸ ਗਈ। ਵਿਦਿਆਰਥਣ ਨੂੰ ਐਤਵਾਰ ਦੇਰ ਰਾਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਝੁਲਸੀ ਵਿਦਿਆਰਥਣ ਦੀ ਪਛਾਣ ਹਰਿਆਣਾ ਦੀ ਕਰਨਾਲ ਵਾਸੀ ਮਮਤਾ ਪੁੱਤਰੀ ਮਹਿੰਦਰ ਸਿੰਘ ਵਜੋਂ ਹੋਈ ਹੈ। ਥਾਣਾ ਨੰਬਰ ਇਕ ਦੇ ਏਐੱਸਆਈ ਸਤਪਾਲ ਸਿੰਘ ਨੇ ਦਸਿਆ ਕਿ ਬੀਐੱਸਸੀ (ਨਰਸਿੰਗ) ਦੀ ਵਿਦਿਆਰਥਣ ਹੋਸਟਲ ਦੇ ਕਮਰੇ 'ਚ ਸਹੇਲੀਆਂ ਨਾਲ ਅੱਗ ਸੇਕ ਰਹੀ ਸੀ ਕਿ ਇਸ ਦੌਰਾਨ ਸ਼ੱਕੀ ਹਾਲਾਤ 'ਚ ਉਹ ਬੇਸੱੁਧ ਹੋ ਕੇ ਅੱਗ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ ਵਿਦਿਆਰਥਣ ਦਾ ਸਰੀਰ ਕਰੀਬ 60 ਫ਼ੀਸਦੀ ਝੁਲਸ ਗਿਆ। ਫਿਲਹਾਲ ਉਸ ਦਾ ਨਿੱਜੀ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਏਐੱਸਆਈ ਸਤਪਾਲ ਸਿੰਘ ਨੇ ਦਸਿਆ ਕਿ ਵਿਦਿਆਰਥਣ ਦੀ ਹਾਲਤ 'ਚ ਸੁਧਾਰ ਹੋਣ 'ਤੇ ਪੁਲਿਸ ਉਸ ਦੇ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਕਰੇਗੀ।