ਮਦਨ ਭਾਰਦਵਾਜ, ਜਲੰਧਰ

ਨਗਰ ਨਿਗਮ ਬੁੱਧਵਾਰ ਤੋਂ ਨਵੀਂ ਮੰਗਵਾਈ ਗਈ ਟਰੱਕ ਮਾਊਂਟਿਡ ਸਵੀਪਿੰਗ ਮਸ਼ੀਨ ਨਾਲ ਸਫਾਈ ਦਾ ਕੰਮ ਸ਼ੁਰੂ ਕਰੇਗਾ ਤੇ ਇਹ ਕੰਮ ਕੰਪਨੀ ਬਾਗ਼ ਚੌਕ ਤੋਂ ਸ਼ੁਰੂ ਹੋਵੇਗਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਨਿਗਮ ਨੇ ਸਮਾਰਟ ਸਿਟੀ ਪ੍ਰਰਾਜੈਕਟ ਲਈ 2 ਸਵੀਪਿੰਡ ਮਸ਼ੀਨਾਂ ਖ਼ਰੀਦੀਆਂ ਹਨ ਜਿਨ੍ਹਾਂ 'ਚੋਂ ਇਕ ਪੁੱਜ ਗਈ ਹੈ। ਨਿਗਮ ਦੀ ਆਪਣੀ ਮਸ਼ੀਨ ਨਾਲ ਸਫਾਈ ਦਾ ਕੰਮ ਪਹਿਲੇ ਦਿੱਤੇ ਗਏ ਠੇਕੇ ਦੇ ਕੰਮ ਤੋਂ ਕਿਤੇ ਸਸਤਾ ਹੋਵੇਗਾ। ਪੁਰਾਣੀ ਠੇਕੇ ਦੀ ਮਸ਼ੀਨ ਦਾ ਜਿਹੜਾ 29.10 ਕਰੋੜ ਦਾ 5 ਸਾਲ ਦਾ ਖਰਚਾ ਸੀ ਉਸ ਮੁਕਾਬਲੇ ਦੋ ਖਰੀਦੀਆਂ ਜਾਣ ਵਾਲੀਆਂ ਮਸ਼ੀਨਾਂ ਨਾਲ 24 ਕਰੋੜ ਦੀ ਬਚਤ ਹੋਵੇਗੀ। 43.07 ਲੱਖ ਦੀ ਜਿਹੜੀ ਸਵੀਪਿੰਗ ਮਸ਼ੀਨ ਆਈ ਹੈ, ਉਸ 'ਚ ਹੋਰ 7 ਲੱਖ ਦੇ ਪੁਰਜੇ ਪਾਏ ਜਾਣਗੇ। ਦੋ ਸਾਲ ਦੀ ਸਾਂਭ-ਸੰਭਾਲ ਦਾ ਕੰਮ ਵੀ ਕੰਪਨੀ ਹੀ ਕਰੇਗੀ। ਕੰਪਨੀ ਦਾ ਸਟਾਫ ਵੀ ਮਸ਼ੀਨ ਚਲਾਏਗਾ। ਉਨ੍ਹਾਂ ਕਿਹਾ ਕਿ ਉਕਤ ਮਸ਼ੀਨ ਨਾਲ ਰੋਜ਼ਾਨਾ 35 ਕਿਲੋਮੀਟਰ ਸੜਕਾਂ ਦੀ ਸਫਾਈ ਰੋਜ਼ਾਨਾ ਹੋਵੇਗੀ ਤੇ 7 ਘੰਟੇ ਚੱਲੇਗੀ ਤੇ ਘੰਟੇ 'ਚ 5 ਕਿਲੋਮੀਟਰ ਚੱਲਣ 'ਤੇ 10 ਲੀਟਰ ਡੀਜ਼ਲ ਦੀ ਖ਼ਪਤ ਹੋਵੇਗੀ। ਦੂਜੀ ਮਸ਼ੀਨ ਜੋ 2.21 ਕਰੋੜ ਦੀ ਹੈ ਤੇ ਹੋਰ ਖਰਚ ਪਾ ਕੇ 3 ਕਰੋੜ ਦੀ ਪਵੇਗੀ, ਉਹ ਵੀ ਛੇਤੀ ਹੀ ਨਿਗਮ ਕੋਲ ਹੋਵੇਗੀ। ਇਸ ਮੌਕੇ ਮੇਅਰ ਨਾਲ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕੌਂਸਲਰ ਜਗਦੀਸ਼ ਦਕੋਹਾ, ਮਨਮੋਹਨ ਸਿੰਘ ਰਾਜੂ, ਓਂਕਾਰ ਰਾਜੀਵ ਟਿੱਕਾ, ਤਰਸੇਮ ਲਖੋਤਰਾ, ਪਵਨ ਕੁਮਾਰ ਅਤੇ ਕੌਂਸਲਰ ਪਤੀ ਜਗਜੀਤ ਸਿੰਘ ਜੀਤਾ ਆਦਿ ਮੌਜੂਦ ਸਨ।

ਫਿਲਹਾਲ ਜੀਪੀਐੱਸ ਸਿਸਟਮ ਦੇ ਬਿਨਾਂ ਲਿਆ ਜਾਵੇਗਾ ਕੰਮ

ਇਸ ਦੌਰਾਨ ਮੇਅਰ ਜਗਦੀਸ਼ ਰਾਜ ਰਾਜਾ ਨੇ ਦੱਸਿਆ ਕਿ ਉਕਤ ਮਸ਼ੀਨ ਚਲਾਉਣ ਲਈ ਨਗਰ ਨਿਗਮ ਜੀਪੀਐੱਸ ਸਿਸਟਮ ਲਾਗੂ ਕਰੇਗੀ ਤੇ ਇਸ ਲਈ ਇਕ ਵੱਖਰਾ ਕੰਟਰੋਲ ਰੂਮ ਕਾਇਮ ਹੋਵਗੇਾ। ਫਿਲਹਾਲ ਜਿਸ ਵੀ ਹਲਕੇ 'ਚ ਸੜਕ ਦੀ ਸਫਾਈ ਹੋਵੇਗੀ ਸਬੰਧਤ ਕੌਂਸਲਰ ਨੂੰ ਸਫਾਈ ਦੀ ਨਿਗਰਾਨੀ ਤੇ ਉਸ ਦੇ ਕਿਲੋਮੀਟਰ ਦਾ ਹਿਸਾਬ ਰੱਖਣ ਲਈ ਕਿਹਾ ਜਾਵੇਗਾ। ਇਸ ਤਰ੍ਹਾਂ ਜਦੋਂ ਤਕ ਕੰਟਰੋਲ ਰੂਮ ਕਾਇਮ ਨਹੀਂ ਹੁੰਦਾ ਉਦੋਂ ਤਕ ਨਿਗਮ ਖੁਦ ਨਿਗਰਾਨੀ ਕਰੇਗਾ।

5 ਸਾਲਾ ਲਈ ਮਹਿੰਗੀ ਪੈ ਰਿਹਾ ਸੀ ਪੁਰਾਣੀ ਮਸ਼ੀਨ

ਇਸ ਤੋਂ ਪਹਿਲਾਂ ਪਿਛਲੀ ਸਰਕਾਰ ਸਮੇਂ ਰੋਡ ਸਵੀਪਿੰਗ ਮਸ਼ੀਨ ਦਾ ਜਿਹੜਾ 5 ਸਾਲ ਦਾ ਠੇਕਾ ਦਿੱਤਾ ਗਿਆ ਸੀ ਉਹ 29.10 ਕਰੋੜ ਦਾ ਸੀ ਜਿਹੜਾ ਕਿ ਕਾਫੀ ਮਹਿੰਗਾ ਸੀ ਤੇ ਰੋਜ਼ਾਨਾ 24 ਕਿਲੋਮੀਟਰ ਦੀ ਰੋਡ ਸਵੀਪਿੰਗ ਦਾ 28.50 ਲੱਖ ਦਾ ਖਰਚ ਪੈਂਦਾ ਸੀ ਤੇ ਸਾਲਾਨਾ 5.82 ਕਰੋੜ। ਇਕ ਮਸ਼ੀਨ ਨਾਲ ਕੰਮ ਕਰ ਕੇ ਖ਼ਰਚਾ ਦੋ ਦਾ ਦਿਖਾਇਆ ਜਾਂਦਾ ਸੀ, ਜਿਸ ਕਾਰਨ ਇਹ ਬਹੁਤ ਵੱਡਾ ਘਪਲਾ ਹੋ ਰਿਹਾ ਸੀ, ਨੂੰ ਰੋਕਣ ਲਈ ਉਕਤ ਠੇਕਾ ਖਤਮ ਕੀਤਾ ਗਿਆ। ਮੇਅਰ ਦਾ ਦਾਅਵਾ ਹੈ ਕਿ ਨਵੀਆਂ ਮਸ਼ੀਨਾਂ ਖਰੀਦ ਕੇ 24 ਕਰੋੜ ਦੀ ਸਾਲਾਨਾ ਬਚਤ ਹੋਵੇਗੀ।

ਘਟੀ ਸੀ ਬਰਸਾਤਾਂ 'ਚ ਪਾਣੀ ਭਰਨ ਦੀ ਸਮੱਸਿਆ

ਜਦੋਂ ਸ਼ਹਿਰ 'ਚ ਰੋਡ ਸਵੀਪਿੰਗ ਮਸ਼ੀਨ ਕੰਮ ਕਰਦੀ ਸੀ ਤਾਂ ਗਲੀਆਂ ਦੀ ਸਫਾਈ ਵੀ ਹੁੰਦੀ ਰਹੀ ਸੀ। ਇਸ ਨਾਲ ਸ਼ਹਿਰ 'ਚ ਬਰਸਾਤ ਦੌਰਾਨ ਪਾਣੀ ਭਰਨ ਦੀ ਸਮੱਸਿਆ ਕਾਫੀ ਘੱਟ ਹੋ ਗਈ ਸੀ। ਪਾਣੀ ਦੀ ਨਿਕਾਸੀ ਕਾਫੀ ਤੇਜ਼ ਸੀ। ਸੜਕਾਂ ਸਾਫ ਰਹਿਣ ਨਾਲ ਮਿੱਟੀ ਵੀ ਰੋਡ ਗਲੀਆਂ 'ਚ ਨਹੀਂ ਜੰਮਦੀ ਸੀ। ਪਿਛਲੀ ਬਰਸਾਤ 'ਚ ਮੇਨ ਰੋਡ 'ਤੇ ਬਰਸਾਤੀ ਪਾਣੀ ਭਰਨ ਦੀ ਸਮੱਸਿਆ ਕਾਫੀ ਜ਼ਿਆਦਾ ਹੋਈ ਸੀ ਤੇ ਕਈ ਵਾਰ ਮੇਅਰ ਨੂੰ ਖ਼ੁਦ ਨਿਰੀਖਣ ਲਈ ਨਿਕਲਣਾ ਪੈਂਦਾ ਸੀ।