ਮਦਨ ਭਾਰਦਵਾਜ,ਜਲੰਧਰ : ਉੱਤਰ ਰੇਲਵੇ ਦੇ ਜਨਰਲ ਮੈਨੇਜਰ ਟੀਪੀ ਸਿੰਘ ਨੇ ਅੰਮਿ੍ਤਸਰ ਤੋਂ ਲੈ ਕੇ ਜਲੰਧਰ ਹੁੰਦਿਆਂ ਲੁਧਿਆਣਾ ਤਕ ਵਿੰਡੋ ਪਲੇਟਿੰਗ ਕੀਤੀ ਪਰ ਜਲੰਧਰ ਪੁੱਜਣ 'ਤੇ ਉਹ ਗੱਡੀ 'ਚੋਂ ਬਾਹਰ ਨਹੀਂ ਆਏ। ਜਨਰਲ ਮੈਨੇਜਰ ਟੀਪੀ ਸਿੰਘ ਸ਼ੁੱਕਰਵਾਰ ਸਵੇਰੇ ਅੰਮਿ੍ਤਸਰ ਰੇਲਵੇ ਸਟੇਸ਼ਨ ਦਾ ਮੁਆਇਨਾ ਕਰਨ ਲਈ ਅੰਮਿ੍ਤਸਰ ਪੁੱਜੇ ਸਨ ਜਿਥੋਂ ਦੁਪਹਿਰ ਬਾਅਦ ਗੱਡੀ ਨੰਬਰ 14505 ਅੰਮਿ੍ਤਸਰ-ਨੰਗਲ ਡੈਮ ਨਾਲ ਉਨ੍ਹਾਂ ਦਾ ਸੈਲੂਨ ਲਾਇਆ ਗਿਆ ਤੇ ਉਹ ਪਿੱਛੇ ਬੈਠ ਕੇ ਵਿੰਡੋ ਪਲੇਟਿੰਗ ਕਰਦੇ ਹੋਏ ਅੰਮਿ੍ਤਸਰ ਤੋਂ ਜਲੰਧਰ ਪੁੱਜੇ। ਇਸ ਦੌਰਾਨ ਰੇਲਵੇ ਦੇ ਸਾਰੇ ਸੀਨੀਅਰ ਅਧਿਕਾਰੀ ਪਲੇਟ ਫਾਰਮ ਨੰਬਰ-2 ਤੇ ਉਨ੍ਹਾਂ ਦੀ ਉਡੀਕ ਕਰਦੇ ਰਹੇ ਜਦੋਂ ਨੰਗਲ ਡੈਮ ਗੱਡੀ 3 ਵਜ ਕੇ 10 ਮਿੰਟ 'ਤੇ ਜਲੰਧਰ ਪੁੱਜੀ ਤਾਂ ਉਹ ਆਪਣੇ ਸੈਲੂਨ 'ਚ ਅਧਿਕਾਰੀਆਂ ਨਾਲ ਬੈਠੇ ਰਹੇ। ਇਸ ਦੌਰਾਨ ਸਟੇਸ਼ਨ ਸੁਪਰਡੈਂਟ ਆਰਕੇ ਬਹਿਲ, ਸੀਆਈਟੀ ਸਚਿਨ ਕੁਮਾਰ, ਸੀਐੱਮਆਈ ਦੀਪਕ ਕੁਮਾਰ ਤੋਂ ਇਲਾਵਾ ਕੈਰੇਜ ਐਂਡ ਵੈਗਨ ਬ੍ਾਂਚ, ਇੰਜੀਨੀਅਰਿੰਗ ਬ੍ਾਂਚ, ਤਕਨੀਕੀ ਬ੍ਾਂਚ ਸਮੇਤ ਅਨੇਕਾਂ ਅਧਿਕਾਰੀ ਬਾਹਰ ਖੜ੍ਹੇ ਰਹੇ। ਲਗਪਗ 10 ਮਿੰਟ ਮਗਰੋਂ ਨੰਗਲ ਡੈਮ ਗੱਡੀ ਲੁਧਿਆਣਾ ਲਈ ਰਵਾਨਾ ਹੋ ਗਈ। ਇਸ ਦੌਰਾਨ ਇਕ ਅਧਿਕਾਰੀ ਨੇ ਦੱਸਿਆ ਕਿ ਵਿੰਡੋ ਪਲੇਟਿੰਗ 'ਚ ਉੱਚ ਅਧਿਕਾਰੀ ਸਿਰਫ ਰੇਲਵੇ ਲਾਈਨ ਦਾ ਮੁਆਇਨਾ ਕਰਦੇ ਹਨ ਤੇ ਉਸ ਨਾਲ ਸਬੰਧਿਤ ਸਾਰੇ ਨਕਸ਼ੇ ਉਨ੍ਹਾਂ ਕੋਲ ਮੌਜੂਦ ਹੁੰਦੇ ਹਨ। ਇਸੇ ਤਰ੍ਹਾਂ ਹੀ ਉਹ ਅੰਮਿ੍ਤਸਰ ਤੋਂ ਜਲੰਧਰ ਪੁੱਜੇ ਤੇ ਲੁਧਿਆਣਾ ਲਈ ਰਵਾਨਾ ਹੋ ਗਏ। ਜਿਥੋਂ ਉਨ੍ਹਾਂ ਨੇ ਲੁਧਿਆਣਾ ਸਟੇਸ਼ਨ ਦਾ ਮੁਆਇਨਾ ਕੀਤਾ ਤੇ ਚੰਡੀਗੜ੍ਹ ਲਈ ਰਵਾਨਾ ਹੋ ਗਏ ਤੇ 4 ਮਈ ਨੂੰ ਉਨ੍ਹਾਂ ਦੀ ਪੰਜਾਬ ਦੇ ਰਾਜਪਾਲ ਨਾਲ 12 ਵਜੇ ਮੀਟਿੰਗ ਦਾ ਸਮਾਂ ਨਿਰਧਾਰਤ ਹੈ।