ਕੁਲਵਿੰਦਰ ਸਿੰਘ, ਜਲੰਧਰ : ਕੋਰੋਨਾ ਮਹਾਮਾਰੀ ਤੋਂ ਆਮ ਜਨਤਾ ਨੂੰ ਨਿਜਾਤ ਦਿਵਾਉਣ ਲਈ 21 ਮਈ ਤਕ ਸਰਕਾਰ ਵੱਲੋਂ ਲਗਾਏ ਲਾਕਡਾਊਨ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵੱਲੋਂ 7 ਮਈ ਨੂੰ ਜਲੰਧਰ ਜ਼ਿਲ੍ਹੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਲਾਕਡਾਊਨ ਦੇ ਨਿਯਮਾਂ ਨੂੰ ਵਿਸਥਾਰਿਤ ਕਰਦੇ ਹੋਏ ਦੱਸਿਆ ਕਿ ਹੁਣ ਕੁਝ ਹੋਰ ਕਾਰੋਬਾਰੀਆਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਪਰ ਦੁਕਾਨਾਂ ਖੋਲ੍ਹਣ ਦੇ ਸਮੇਂ ਵਿਚ ਤਬਦੀਲੀ ਕਰ ਕੇ ਗ਼ੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ਾਂ ਜਾਰੀ ਕਰਦੇ ਹੋਏ ਦੱਸਿਆ ਕਿ ਪੁਲਿਸ, ਹੋਮ ਗਾਰਡ, ਸਿਵਲ ਡਿਫੈਂਸ, ਫਾਇਰ ਅਤੇ ਐਮਰਜੈਂਸੀ ਸਰਵਿਸ, ਆਫਤ ਪ੍ਰਬੰਧਨ ਦਸਤੇ, ਜੇਲ੍ਹਾਂ, ਬਿਜਲੀ, ਪਾਣੀ ਤੇ ਸੈਨੀਟੇਸ਼ਨ ਨਾਲ ਜੁੜੇ ਕੰਮਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਰੱਖਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਖੇਤੀਬਾੜੀ ਨਾਲ ਜੁੜੀਆਂ ਏਜੰਸੀਆਂ, ਮੁੱਲ ਨਿਰਧਾਰਨ ਕਰਨ ਵਾਲੀਆਂ ਏਜੰਸੀਆਂ, ਮੰਡੀ ਬੋਰਡ ਨਾਲ ਜੁੜੇ ਕੰਮ ਵੀ ਪਹਿਲਾਂ ਦੀ ਤਰ੍ਹਾਂ ਬਿਨਾਂ ਰੋਕ ਜਾਰੀ ਰਹਿਣਗੇ।

ਹਸਪਤਾਲ, ਦਵਾਈ ਵਿਕਰੇਤਾ, ਜਨ ਔਸ਼ਧੀ ਕੇਂਦਰ, ਸਰਜੀਕਲ ਨਾਲ ਜੁੜੀਆਂ ਦੁਕਾਨਾਂ, ਮੈਡੀਕਲ ਰਿਸਰਚ ਲੈਬ, ਮੈਡੀਕਲ ਸਪਲਾਈ ਕਰਨ ਵਾਲੇ, ਪਸ਼ੂਆਂ ਦੇ ਹਸਪਤਾਲ, ਐਨਕਾਂ ਦੀਆਂ ਦੁਕਾਨਾਂ, ਦੰਦਾਂ ਦੇ ਕਲਿਨਿਕ ਬਿਨਾਂ ਕਿਸੇ ਰੋਕ ਦੇ ਕੰਮ ਕਰਨਗੇ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਮੁਤਾਬਕ ਇਨ੍ਹਾਂ ਅਦਾਰਿਆਂ ਦੀ ਸਾਮਾਨ ਸਪਲਾਈ ਕਰਨ ਵਾਲਿਆਂ, ਡਰੱਗਸ ਬਣਾਉਣ ਵਾਲੇ, ਮੈਡੀਕਲ ਟੈਕਸਟਾਈਲ, ਸੈਨੀਟੇਸ਼ਨ ਮਟੀਰੀਅਲ ਤੇ ਮੈਡੀਕਲ ਸਾਮਾਨ ਦੀ ਪੈਕਿੰਗ ਲਈ ਵਰਤੇ ਜਾਣ ਵਾਲੇ ਸਾਮਾਨ ਦੀਆਂ ਦੁਕਾਨਾਂ ਨੂੰ ਰੋਕ ਮੁਕਤ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਐਬੂਲੈਂਸ ਰਿਪੇਅਰ ਕਰਨ ਵਾਲੇ, ਪੈਂਚਰ ਲਾਉਣ ਵਾਲੇ ਤੇ ਟਾਇਰਾਂ ਵਾਲੀਆਂ ਦੁਕਾਨਾਂ ਨੂੰ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ।

ਬੰਦ ਰਹਿਣ ਵਾਲੇ ਕਾਰੋਬਾਰਾਂ ਵਿਚ ਬਾਰ, ਸਿਨੇਮਾਂ ਹਾਲ, ਜਿੰਮ, ਸਪਾਅ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਦੇ ਨਾਲ ਸ਼ਾਮਲ ਹਨ।

ਰੈਸਟੋਰੈਂਟ, ਕੈਫੇ, ਫਾਸਟ ਫੂਡ ਆਉਟਲੈਟ, ਢਾਬੇ, ਬੇਕਰੀ ਆਦਿ ਕੇਵਲ ਸਪਲਾਈ ਕਰਨ ਲਈ ਖੁੱਲ੍ਹ ਸਕਣਗੇ ਇਥੇ ਖਾਣਾ ਪਰੋਸਿਆ ਨਹੀਂ ਜਾ ਸਕੇਗਾ। ਗਾਹਕ 5 ਵਜੇ ਤਕ ਖਾਣਾ ਘਰ ਲਿਜਾ ਸਕੇਗਾ ਤੇ ਰੈਸਟੋਰੈਂਟ , ਢਾਬੇ ਤੇ ਹੋਰ ਆਉਟਲੈਟਾਂ ਵੱਲੋਂ ਘਰਾਂ ਵਿਚ ਸਪਲਾਈ ਰਾਤ 9 ਵਜੇ ਤਕ ਦਿੱਤੀ ਜਾ ਸਕੇਗੀ।

ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਵੀ ਖ਼ਾਸ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ। ਛੋਟੀ ਦੁਕਾਨ ਵਿਚ ਕੇਵਲ ਦੋ, ਮੀਡੀਅਮ 'ਚ 5 ਅਤੇ ਵੱਡੀ ਦੁਕਾਨ 'ਚ ਵੱਧ ਤੋਂ ਵੱਧ 10 ਗਾਹਕ ਇਕ ਸਮੇਂ ਉੱਤੇ ਦਾਖ਼ਲ ਹੋ ਸਕਣਗੇ। ਗਾਹਕਾਂ ਵਿਚ ਆਪਸੀ ਦੂਰੀ 6 ਫੁੱਟ ਦੀ ਹੋਣੀ ਚਾਹੀਦੀ ਹੈ। ਦੁਕਾਨ ਦਾ ਸਾਈਜ਼, ਗਾਹਕਾਂ ਦੇ ਖੜੇ੍ਹ ਹੋਣ ਦੇ ਸਥਾਨ ਦਾ ਮਾਪ ਉਸਦਾ ਮਾਪਦੰਡ ਤੈਅ ਕਰੇਗਾ। ਕੋਈ ਵੀ ਗਾਹਕ ਬਗ਼ੈਰ ਮਾਸਕ ਤੋਂ ਦੁਕਾਨ ਵਿਚ ਦਾਖ਼ਲ ਨਹੀਂ ਹੋ ਸਕੇਗਾ। ਮਾਰਕੀਟ ਐਸੋਸ਼ੀਏਸ਼ਨਾਂ ਦੇ ਅਹੁਦੇਦਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਕਾਰੋਬਾਰੀਆਂ ਨੂੰ ਕੋਰੋਨਾ ਵੈਕਸੀਨ ਲਈ ਉਤਸ਼ਾਹਿਤ ਕਰਨ ਅਤੇ ਜਿਨ੍ਹਾਂ ਵੱਲੋਂ ਵੈਕਸਿਨ ਲਗਾ ਲਈ ਗਈ ਹੈ ਉਹ ਵੈਕਸੀਨ ਦਾ ਸਰਟੀਫੀਕੇਟ ਚੁਗਿਰਦੇ ਦੇ ਬਾਹਰ ਚਿਪਕਾ ਦੇਣ।

ਜ਼ਰੂਰੀ ਵਸਤਾਂ ਦੇ ਦੁਕਾਨਦਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਦੁਕਾਨਾਂ ਖੋਲ੍ਹ ਸਕਣਗੇ। ਇਨ੍ਹਾਂ ਦੁਕਾਨਦਾਰਾਂ ਨੂੰ ਸ਼ਾਮ 3 ਵਜੇ ਤੋਂ 5 ਵਜੇ ਤਕ ਘਰਾਂ ਵਿਚ ਸਪਲਾਈ ਦੇਣ ਦੀ ਇਜਾਜ਼ਤ ਹੈ। ਗ਼ੈਰ ਜਰੂਰੀ ਵਸਤਾਂ ਵਾਲੇ ਦੁਕਾਨਦਾਰ ਸੋਮਵਾਰ ਤੋਂ ਸ਼ੁੱਕਰਵਾਰ ਤਕ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਦੁਕਾਨਾਂ ਖੋਲ੍ਹ ਸਕਣਗੇ 24 ਘੰਟੇ ਸੇਵਾਵਾਂ ਦੇਣ ਵਾਲਿਆਂ ਦੀ ਸੂਚੀ ਵਿਚ ਇੰਡਸਟਰੀਅਲ ਯੂਨਿਟ, ਪਟਰੋਲ ਪੰਪ, ਐੱਲਪੀਜੀ ਏਜੰਸੀਆਂ, ਸਿਹਤ ਨਾਲ ਜੁੜੀਆਂ ਸੇਵਾਵਾਂ, ਬਾਗਵਾਨੀ, ਪਸ਼ੂ, ਪੋਲਟਰੀ, ਬੀਜ ਤੇ ਤੇਲ ਨਾਲ ਜੁੜੇ ਹੋਲਸੇਲ ਕਾਰੋਬਾਰ ਨੂੰ ਸ਼ਾਮਲ ਕੀਤਾ ਗਿਆ ਹੈ।

ਨਿੱਜੀ ਸੁਰਖਿਆ ਏਜੰਸੀਆਂ ਦੇ ਸਟਾਫ, ਮੰਡੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ, ਬੈਂਕ ਤੇ ਏਟੀਐਮ ਨਾਲ ਜੁੜੇ ਵਿੱਤੀ ਅਦਾਰਿਆਂ ਦੇ ਕਾਮਿਆਂ ਦੇ ਆਈ ਕਾਰਡ ਕਰਫਿਊ ਪਾਸ ਦੇ ਰੂਪ ਵਿਚ ਕੰਮ ਕਰਨਗੇ। ਬੀਮਾ ਕਰਮਚਾਰੀਆਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਭੱਠਾ ਮਜ਼ਦੂਰ, ਇੰਟਰਨੈੱਟ, ਟੈਲੀਕਾਮ ਕੇਬਲ ਸਰਵਿਸ ਰਿਪੇਅਰ ਤੇ ਪਿੰ੍ਟ ਤੇ ਇਲੈਕਟੋ੍ਨਿਕ ਮੀਡੀਆ ਨਾਲ ਜੁੜੇ ਵਿਅਕਤੀ ਬਿਨਾਂ ਰੋਕ ਸੇਵਾਵਾਂ ਦੇਣਗੇ।

ਰੋਜ਼ਾਨਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ ਦੇ 5 ਵਜੇ ਤਕ ਜਾਰੀ ਰਹੇਗਾ ਤੇ ਹਫ਼ਤਾਵਰੀ ਕਰਫਿਊ ਸ਼ੁੱਕਰਵਾਰ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਹਫ਼ਤਾਵਰੀ ਮੰਡੀਆਂ ਪਹਿਲਾਂ ਦਿੱਤੇ ਨਿਰਦੇਸ਼ਾਂ ਮੁਤਾਬਕ ਬੰਦ ਰਹਿਣਗੀਆਂ।

ਕਿਸੇ ਵੀ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਅਜਿਹਾ ਕੋਈ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਪ੍ਰਬੰਧਕ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ ਤੇ ਉਸ ਇਲਾਕੇ ਨੂੰ ਤਿੰਨ ਮਹੀਨੇ ਲਈ ਸੀਲ ਕਰ ਦਿੱਤਾ ਜਾਵੇਗਾ।

ਜ਼ਿਲੇ੍ਹ ਤੋਂ ਬਾਹਰਲੇ ਵਿਅਕਤੀ ਨੂੰ ਦਾਖ਼ਲ ਹੋਣ ਸਮੇਂ 72 ਘੰਟੇ ਪਹਿਲਾਂ ਕੋਰੋਨਾ ਨੈਗਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਹੋਵੇਗੀ। ਮਰੀਜ਼ ਤੋਂ ਇਲਾਵਾ ਕਾਰ ਤੇ ਟੈਕਸੀ ਵਿਚ ਦੋ ਸਵਾਰਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਅਤੇ ਪਰਿਵਾਰਿਕ ਮੈਂਬਰ ਤੋਂ ਇਲਾਵਾ ਦੋ ਪਹੀਆ ਵਾਹਨ 'ਤੇ ਕੇਵਲ ਇਕ ਸਵਾਰ ਹੀ ਜਾ ਸਕੇਗਾ। ਸਬਜ਼ੀ ਮੰਡੀਆਂ ਨੂੰ ਸਮਾਜਿਕ ਦੂਰੀ ਬਣਾ ਕੇ ਕੰਮ ਕਰਨ ਦੇ ਨਿਰਦੇਸ਼ਾਂ ਤੋਂ ਇਲਾਵਾ ਧਾਰਮਿਕ ਸਥਾਨ 6 ਵਜੇ ਬੰਦ ਰੱਖਣ ਦੇ ਹੁਕਮ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ। ਕਿਸਾਨ ਜਥੇਬੰਦੀਆਂ ਨੂੰ ਵਿਰੋਧ ਪ੍ਰਦਰਸ਼ਨ ਲਈ ਸੀਮਤ ਇਕੱਠ ਕਰਨ ਤੇ ਫੇਰੀ ਲਾਉਣ ਵਾਲਿਆਂ ਨੂੰ ਆਰਏਟੀ ਟੈਸਟਿੰਗ ਹਰ ਪੰਜਵੇਂ ਤੋਂ ਸੱਤਵੇਂ ਦਿਨ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।

ਸਰਕਾਰੀ ਅਦਾਰਿਆਂ 'ਚ ਸਟਾਫ ਤੇ ਟਰਾਂਸਪੋਰਟ ਅੱਧੀ ਸਮਰੱਥਾ ਨਾਲ ਕੰਮ ਕਰਨਗੇ। ਸਕੂਲ, ਕਾਲਜ ਤੇ ਵਿਦਿਅਕ ਅਦਾਰੇ ਬੰਦ ਰਹਿਣਗੇ ਪਰ ਅਧਿਆਪਕ ਤੇ ਹੋਰ ਸਟਾਫ ਜਿਨ੍ਹਾਂ ਦੀ ਕੋਰੋਨਾ ਵੈਕਸੀਨ ਲਈ ਡਿਊਟੀਆਂ ਲਗਾਈਆਂ ਗਈਆਂ ਹਨ ਸੇਵਾਵਾਂ ਦੇਣਗੇ। ਮੈਡੀਕਲ ਤੇ ਨਰਸਿੰਗ ਕਾਲਜ ਖੁੱਲੇ੍ਹ ਰਹਿਣਗੇ ਪਰ ਸਾਰੀਆਂ ਦਾਖ਼ਲਾ ਪ੍ਰਰੀਖਿਆਵਾਂ ਰੱਦ ਕੀਤੀਆਂ ਜਾਂਦੀਆਂ ਹਨ।

ਸਰਕਾਰੀ ਮੁਲਾਜ਼ਮਾਂ ਲਈ ਵੀ ਖਾਸ ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਵਿਚ 45 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਲਵਾਈ ਹੋਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ 45 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਪਿਛਲੇ ਪੰਜ ਦਿਨਾਂ ਦੀ ਕੋਰੋਨਾ ਨੈਗਟਿਵ ਆਰਟੀ ਪੀਸੀਆਰ ਰਿਪੋਰਟ ਵਿਖਾਉਣੀ ਹੋਵੇਗੀ। ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਹੁਕਮਾਂ ਦੀ ਇੰਨਬਿੰਨ੍ਹ ਪਾਲਨਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।