ਵੈੱਬ ਡੈਸਕ, ਜਲੰਧਰ : ਗੈਰਮੁਨਾਫਾ ਮਨੁੱਖਤਾਵਾਦੀ ਸੰਗਠਨ ਖ਼ਾਲਸਾ ਏਡ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਹੈ ਕਿ ਕੈਨੇਡੀਅਨ ਸੰਸਦ ਮੈਂਬਰ ਟਿਮ ਉੱਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ,ਬਰੈਂਪਟਨ ਦੇ ਐਮਪੀ ਪ੍ਰਭਮੀਤ ਸਰਕਾਰੀਆ ਅਤੇ ਹੋਰਾਂ ਵੱਲੋਂ ਉਨ੍ਹਾਂ ਨੂੰ ਅਧਿਕਾਰਤ ਤੌਰ ’ਤੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਟਿਮ ਉੱਪਲ ਐਡਮਿੰਟਨ ਮਿੱਲ ਵੁਡਜ਼ ਤੋਂ ਐਮਪੀ ਹਨ।

ਖ਼ਾਲਸਾ ਏਡ ਦੇ ਮੋਢੀ ਅਤੇ ਸੀਈਓ ਰਵਿੰਦਰ ਸਿੰਘ ਰਵੀ ਨੇ ਇਸ ਨਾਮਜ਼ਦਗੀ ਦਾ ਐਲਾਨ ਕਰਦੇ ਹੋਏ ਟਵੀਟ ਕਰ ਕੇ ਕਿਹਾ,‘ਅਸੀਂ ਇਸ ਨਾਮਜ਼ਦਗੀ ਲਈ ਤਹਿ ਦਿਲੋਂ ਧੰਨਵਾਦੀ ਹਾਂ। ਦੁਨੀਆ ਭਰ ਵਿਚ ਮੌਜੂਦ ਸਾਡੀਆਂ ਟੀਮਾਂ ਅਤੇ ਵਲੰਟੀਅਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸਾਡੀ ਟੀਮ ਅਤੇ ਵਲੰਟੀਅਰ ਇਸ ਇਤਿਹਾਸਕ ਨਾਮਜ਼ਦਗੀ ਲਈ ਰਿਣੀ ਹਨ।

ਜ਼ਿਕਰਯੋਗ ਹੈ ਕਿ ਸਿੱਖੀ ਸਿਧਾਂਤਾਂ ’ਤੇ ਅਧਾਰਿਤ ਅੰਤਰਰਾਸ਼ਟਰੀ ਮਨੁੱਖਤਾਵਾਦੀ ਸਹਾਇਤਾ ਸੰਸਥਾ ਹੈ। ਇਸ ਸੰਸਥਾ ਦੇ ਮੋਢੀ ਰਵਿੰਦਰ ਸਿੰਘ ਰਵੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਤੋਂ ਖ਼ਾਲਸਾ ਏਡ ਸੰਸਥਾ ਚੈਰਿਟੀ ਕਰਦੀ ਆ ਰਹੀ ਹੈ। ਹੜ੍ਹਾਂ, ਭੂਚਾਲ ਅਤੇ ਹੋਰ ਕੁਦਰਤੀ ਅਤੇ ਮਨੁੱਖੀ ਵੱਲੋਂ ਬਣਾਈਆਂ ਆਫ਼ਤਾਂ ਦੇ ਪੀੜਤਾਂ ਲਈ ਵਿਸ਼ਵ ਭਰ ਵਿਚ ਮਦਦ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਦੀ ਸੰਸਥਾ ਦੁਨੀਆ ਭਰ ਵਿਚ ਲੱਖਾਂ ਲੋਕਾਂ ਨੂੰ ਮਦਦ ਪ੍ਰਦਾਨ ਕਰਨ ਦੇ ਯੋਗ ਹੋ ਗਈ ਹੈ।

ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਤੋਂ ਖਾਲਸਾ ਏਡ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ ’ਤੇ ਵਿੱਢੇ ਸ਼ਾਂਤਮਈ ਸੰਘਰਸ਼ ਲਈ ਟਿਕਰੀ ਬਾਰਡਰ ’ਤੇ ਰੋਜ਼ਾਨਾ ਲੋੜ ਦੀਆਂ ਵਸਤਾਂ ਮੁਹੱਈਆ ਕਰਵਾ ਰਹੀ ਹੈ। ਇਨ੍ਹਾਂ ਵੱਲੋਂ ਜਿੱਥੇ ਟੈਂਟ ਸਿਟੀ ਬਣਾ ਕੇ ਸੈਂਕੜਿਆਂ ਦੀ ਗਿਣਤੀ ਵਿਚ ਬੈੱਡ ਮੁਹੱਈਆ ਕਰਵਾਏ ਜਾ ਰਹੇ ਹਨ ਉਥੇ ਕਿਸਾਨਾਂ ਦੀ ਮਾਲਸ਼ ਲਈ ਮਸਾਜ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਖਾਲਸਾ ਏਡ ਵੱਲੋਂ ਟਿਕਰੀ ਬਾਰਡਰ ’ਤੇ ‘ਕਿਸਾਨ ਮਾਲ’ ਵੀ ਸਥਾਪਤ ਕੀਤਾ ਹੈੈ। ਇਥੇ ਇਨ੍ਹਾਂ ਵੱਲੋਂ ਟੂੱਥ ਬਰੱਸ਼, ਟੂੱਥਪੇਸਟ, ਸਾਬਣ, ਤੇਲ, ਸ਼ੈਂਪੂ, ਵੈਸਲੀਨ, ਕੰਘੀ, ਮਫਲਰ, ਹੀਟਿੰਗ ਪੈਡ, ਨੀਕੈਪ, ਥਰਮਲ ਸੂਟ, ਸ਼ਾਲਾਂ, ਕੰਬਲ ਅਤੇ ਹੋਰ ਅਨੇਕਾਂ ਚੀਜ਼ਾਂ ਨੂੰ ਰੈਕਾਂ ਵਿਚ ਰੱਖਿਆ ਗਿਆ ਹੈ।

ਪੜ੍ਹੋ ਖ਼ਤ :

Posted By: Tejinder Thind