ਜੇਐੱਨਐੱਨ, ਜਲੰਧਰ : ਨਗਰ ਨਿਗਮ 'ਚ ਹਾਲੇ ਵ੍ਹੀਲਚੇਅਰ ਤੇ ਬਜ਼ੁਰਗਾਂ ਲਈ ਆਉਣ-ਜਾਣ ਦੀ ਸਹੂਲਤ ਦਾ ਇੰਤਜ਼ਾਮ ਨਹੀਂ ਹੋਇਆ ਹੈ। ਬੇਸਮੈਂਟ 'ਚ ਜਾਣ ਲਈ ਰੈਂਪ ਨਹੀਂ ਤੇ ਪੌੜੀਆਂ ਦੇ ਨਾਲ ਰੇਲਿੰਗ ਵਜੋਂ ਗਰਿੱਲ ਵੀ ਨਹੀਂ ਹੈ। ਇਸ ਨਾਲ ਲੋਕਾਂ ਨੂੰ ਪੌੜੀਆਂ ਰਾਹੀਂ ਆਉਣ-ਜਾਣ 'ਚ ਵੀ ਮੁਸ਼ਕਲ ਹੁੰਦੀ ਹੈ। ਸ਼ੁੱਕਰਵਾਰ ਨੂੰ ਮੇਅਰ ਜਗਦੀਸ਼ ਰਾਜ ਰਾਜਾ ਨੇ ਨਗਰ ਨਿਗਮ ਕੰਪਲੈਕਸ ਦੀ ਬੇਸਮੈਂਟ 'ਚ ਬਣੇ ਸੁਵਿਧਾ ਸੈਂਟਰ ਦਾ ਨਿਰੀਖਣ ਕੀਤਾ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਦਿਵਿਆਂਗਾਂ ਦੀ ਸਹੂਲਤ ਲਈ ਛੇਤੀ ਹੀ ਵ੍ਹੀਲਚੇਅਰ ਤੇ ਰੈਂਪ ਇੰਤਜ਼ਾਮ ਕੀਤਾ ਜਾਵੇ। ਮੇਅਰ ਨੇ ਕਿਹਾ ਕਿ ਉਹ ਖੁਦ ਹਾਲਾਤ ਨੂੰ ਦੇਖ ਲੈਣਾ ਚਾਹੁੰਦੇ ਸਨ ਤੇ ਇਹ ਸਹੀ ਹੈ ਕਿ ਕਿਸੇ ਵੀ ਦਿਵਿਆਂਗ ਲਈ ਬੇਸਮੈਂਟ 'ਚ ਜਾਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਤੇ ਕਿਹਾ ਕਿ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਦਿਵਿਆਂਗਾਂ ਨੂੰ ਕੋਈ ਮੁਸ਼ਕਲ ਨਾ ਆਵੇ। ਮੇਅਰ ਨਾਲ ਏਡੀਸੀ ਬਬੀਤਾ ਕਲੇਰ ਤੇ ਜੁਆਇੰਟ ਕਮਿਸ਼ਨਰ ਰਾਜੀਵ ਵਰਮਾ ਸਨ। ਮੇਅਰ ਨੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬੇਸਮੈਂਟ 'ਚ ਦਿਵਿਆਂਗਾਂ ਤੇ ਬਜ਼ੁਰਗਾਂ ਦੇ ਆਉਣ-ਜਾਣ ਦੀ ਹਰ ਸਹੂਲਤ ਦਾ ਇੰਤਜ਼ਾਮ ਛੇਤੀ ਤੋਂ ਛੇਤੀ ਕੀਤਾ ਜਾਵੇ।

ਕਈ ਸਾਲਾਂ ਤੋਂ ਹੀ ਅਜਿਹੇ ਹਾਲਾਤ

ਬਜ਼ੁਰਗ ਹਰਭਜਨ ਸਿੰਘ ਵੀ ਬੇਸਮੈਂਟ 'ਚ ਬਿੱਲ ਜਮ੍ਹਾਂ ਕਰਵਾਉਣ ਆਏ ਸਨ। ਉਨ੍ਹਾਂ ਨੂੰ ਚੱਲਣ-ਫਿਰਨ 'ਚ ਕਾਫੀ ਮੁਸ਼ਕਲ ਆਉਂਦੀ ਹੈ ਤੇ ਉਹ ਸੋਟੀ ਫੜ ਕੇ ਚੱਲਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਫੀ ਸਾਲ ਤੋਂ ਅਜਿਹੇ ਹੀ ਹਾਲਾਤ ਹਨ। ਕਈ ਵਾਰ ਕੂੜੇ ਦੀ ਸਮੱਸਿਆ ਨੂੰ ਲੈ ਕੇ ਵੀ ਆ ਚੁੱਕਾ ਹਾਂ ਤੇ ਹਰ ਵਾਰ ਪੌੜੀਆਂ ਚੜ੍ਹ ਕੇ ਹੀ ਜਾਣਾ ਪੈਂਦਾ ਹੈ।

ਵ੍ਹੀਲਚੇਅਰ ਦਾ ਇੰਤਜ਼ਾਮ ਜ਼ਰੂਰੀ

ਬਜ਼ੁਰਗ ਸੁਰਿੰਦਰ ਕੌਰ ਨੇ ਕਿਹਾ ਕਿ ਦਿਵਿਆਂਗਾਂ ਲਈ ਪ੍ਰਬੰਧ ਠੀਕ ਹੋਣੇ ਚਾਹੀਦੇ ਹਨ। ਦਿਵਿਆਂਗਾਂ ਲਈ ਵ੍ਹੀਲਚੇਅਰ ਦਾ ਇੰਤਜ਼ਾਮ ਜ਼ਰੂਰੀ ਹੈ, ਜੋ ਲੋਕ ਚੱਲਣ-ਫਿਰਨ 'ਚ ਮੁਸ਼ਕਲ ਦਾ ਸਾਹਮਣਾ ਕਰਦੇ ਹਨ, ਉਨ੍ਹਾਂ ਲਈ ਵੀ ਰੈਂਪ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਡੀਸੀ ਦਫ਼ਤਰ ਸੁੱਤਾ, ਸਬ-ਰਜਿਸਟਰਾਰ 'ਚ ਆਈ ਵ੍ਹੀਲਚੇਅਰ

ਦਿਵਿਆਂਗਾਂ ਤੇ ਬਜ਼ੁਰਗਾਂ ਦੀ ਪਰੇਸ਼ਾਨੀ ਸਮਝਣ ਦੇ ਬਾਵਜੂਦ ਡੀਸੀ ਦਫ਼ਤਰ ਦੇ ਅਧਿਕਾਰੀ ਤੇ ਮੁਲਾਜ਼ਮ ਕੁੰਭਕਰਨੀ ਨੀਂਦ 'ਚ ਹੈ। ਹਾਲੇ ਤਕ ਇਥੇ ਵ੍ਹੀਲਚੇਅਰ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਲਿਫਟ ਪਹਿਲਾਂ ਤੋਂ ਹੀ ਖ਼ਰਾਬ ਪਈ ਹੈ। ਡਿਪਟੀ ਕਮਿਸ਼ਨਰ ਦਫ਼ਤਰ ਆਪਣੇ ਮੁਤਹਿਤ ਦੂਜੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਨਾਲਾਇਕੀ ਦਾ ਇਹ ਮਿਸਾਲ ਪੇਸ਼ ਕਰ ਰਿਹਾ ਹੈ। ਹਾਲਾਂਕਿ ਸਬ-ਰਜਿਸਟਰਾਰ ਦਫ਼ਤਰ ਨੇ ਥੋੜ੍ਹਾ ਸਬਕ ਜ਼ਰੂਰ ਲਿਆ ਤੇ ਵ੍ਹੀਲਚੇਅਰ ਉਪਲੱਬਧ ਕਰਵਾ ਦਿੱਤੀ ਹੈ ਪਰ ਸੇਵਾ ਕੇਂਦਰ 'ਚ ਵੀ ਵ੍ਹੀਲਚੇਅਰ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਹੈ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਬੈਂਸ ਨੇ ਕਿਹਾ ਕਿ ਉਹ ਸਾਰੇ ਦਫ਼ਤਰਾਂ ਦੇ ਮੁਖੀਆਂ ਨੂੰ ਚਿੱਠੀਆਂ ਭੇਜ ਰਹੇ ਹਨ ਕਿ ਦਿਵਿਆਂਗਾਂ ਲਈ ਆਪਣੇ ਦਫ਼ਤਰ 'ਚ ਵ੍ਹੀਲਚੇਅਰ ਤੇ ਦੂਜੀਆਂ ਸਹੂਲਤਾਂ ਦਾ ਇੰਤਜ਼ਾਮ ਕੀਤਾ ਜਾਵੇ।

504)-ਹਰਬੰਸ ਕੌਰ।

ਪਿੰਡ ਖਾਂਬਰਾ ਤੋਂ ਰਜਿਸਟਰੀ ਕਰਵਾਉਣ ਪੁੱਜੀ ਹਰਬੰਸ ਕੌਰ ਨੇ ਕਿਹਾ ਕਿ ਉਹ ਸਬ-ਰਜਿਸਟਰਾਰ ਦਫ਼ਤਰ ਪੁੱਜੀ ਤਾਂ ਇਥੇ ਉਨ੍ਹਾਂ ਨੂੰ ਵ੍ਹੀਲਚੇਅਰ ਦਿਸ ਗਈ। ਉਨ੍ਹਾਂ ਨਾਲ ਆਏ ਜਾਣ-ਪਛਾਣ ਵਾਲੇ ਇਸ ਨੂੰ ਲੈ ਕੇ ਆਏ ਨਹੀਂ ਤਾਂ ਉਨ੍ਹਾਂ ਨੂੰ ਚੱਲਣ 'ਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਰੇ ਸਰਕਾਰੀ ਦਫ਼ਤਰਾਂ 'ਚ ਇਸ ਤਰ੍ਹਾਂ ਦੀਆਂ ਸਹੂਲਤਾਂ ਗੇਟ 'ਤੇ ਹੀ ਹੋਣੀਆਂ ਚਾਹੀਦੀਆਂ ਹਨ।